ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ

ਮਾਣਕਾ ਵੇ ਮਾਣਕਾ ਵੇ ਚਲਾ ਗਿਆਂ ਦੂਰ ਸਾਥੋ, ਗੀਤ ਤੇਰੇ ਕੋਲ ਸਾਡੇ ਰਹਿਣਗੇ ਜਦੋਂ ਆਉ ਯਾਦ ਤੇਰੀ, ਸੁਣ ਲੈਣਾ ...

    ਪੰਜਾਬੀਆਂ ਨੂੰ ਕੁਲਦੀਪ ਮਾਣਕ ਦੇ ਪੰਜਾਬ ਵਿੱਚ ਜਨਮ ਲੈਣ ਤੇ ਬੜਾ ਫਖਰ ਸੀ। ਲੋਕ ਗਥਾਵਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੁਲਦੀਪ ਮਾਣਕ ਗਾਇਕ ਦਾ ਜਨਮ 15 ਨਵੰਬਰ 1951 ਈ: ਨੂੰ ਮਾਲਵੇ ਦੇ ਬਠਿੰਡਾ ਜਿਲੇ ਦੇ ਪਿੰਡ ਜਲਾਲ ਵਿੱਚ ਪਿਤਾ ਸ: ਨਿੱਕਾ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁਖੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਬਾਬਾ ਮਰਦਾਨਾ ਜੀ ਦੀ ਬਰਾਦਰੀ ਵਿੱਚ ਹੋਇਆ ਸੀ। ਕੁਲਦੀਪ ਮਾਣਕ ਦੇ ਦੋ ਵੱਡੇ ਭਰਾ ਸਦੀਕ ਮਹੁੰਮਦ ਅਤੇ ਰਫੀਕ ਮਹੁੰਮਦ ਸਨ । ਜੋ ਇੱਕ ਮਾਣਕ ਤੋਂ ਪਹਿਲਾਂ ਅਤੇ ਇੱਕ ਮਾਣਕ ਤੋਂ ਬਾਅਦ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਮਾਣਕ ਦੀਆਂ ਚਾਰ ਭੈਣਾਂ ਸਨ ਜਿਨਾਂ ਵਿਚੋਂ ਦੋ ਭਾਰਤ –ਪਾਕਿ ਦੀ ਵੰਡ ਸਮੇਂ ਪਾਕਿਸਤਾਨ ਦੇ ਹਿੱਸੇ ਆਈਆਂ ਤੇ ਇੱਕ ਭਾਰਤੀ ਪੰਜਾਬ ਵਿੱਚ ਵਸਦੀ ਰਹੀ ਤੇ ਚੌਥੀ ਰੱਬ ਨੂੰ ਪਿਆਰੀ ਹੋ ਗਈ । ਇਸ ਪਰਿਵਾਰ ਵਿੱਚ ਅਤਿ ਦੀ ਗਰੀਬੀ ਵਸਦੀ ਰਹੀ । ਸਾਰੇ ਭੈਣ ਭਰਾਵਾਂ ਦੇ ਲਾਡਲੇ ਕੁਲਦੀਪ ਮਾਣਕ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਗਰੀਬੀ ਕਾਰਨ ਮਾਪੇ ਵੀ ਉਸ ਦੀ ਕਲਾ ਨੂੰ ਅੱਗੇ ਵਧਾਉਣ ਲਈ ਉਪਰਾਲੇ ਨਹੀਂ ਕਰ ਸਕਦੇ ਸਨ ਪਰ ਫਿਰ ਵੀ ਮਾਣਕ ਨੇ ਆਪਣੇ ਗਾਉਣ ਦੇ ਸ਼ੌਂਕ ਨੂੰ ਪਾਲੀ ਰੱਖਿਆ ਤੇ ਸੰਗੀਤ ਦੀ ਸਿੱਖਿਆ ਲੈਣ ਲਈ ਮਾਣਕ ਨੇ ਜਿਲਾ ਫਿਰੋਜਪੁਰ ( ਅੱਜਕਲ ਜਿਲਾ ਮੁਕਤਸਰ ਸਾਹਿਬ ) ਦੇ ਪਿੰਡ ਭੁੱਟੀ ਵਾਲਾ ਦੇ ਖੁਸ਼ੀ ਨੂੰ ਆਪਣਾ ਗੁਰੂ ਧਾਰ ਲਿਆ । ਉਸ ਸਮੇਂ ਸੂਫੀ ਮੱਤ ਦੀਆਂ ਕਵਾਲੀਆਂ ਗਾਉਣ ਲਈ ਖੁਸ਼ੀ ਸਾਹਿਬ ਪੂਰੇ ਮਾਲਵੇ ਹੀ ਨਹੀਂ ਪੰਜਾਬ ਭਰ ਵਿੱਚ ਪ੍ਰਸਿੱਧ ਸਨ । ਬਚਪਨ ਵਿੱਚ ਮਾਣਕ ਪਿੰਡ ਵਿੱਚ ਹੀ ਡੇਰੇ ਦੇ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੇ ਸੰਪਰਕ ਚ ਰਿਹਾ ਅਤੇ ਇਨਾਂ ਨਾਲ ਧਾਰਮਿਕ ਸਮਾਗਮਾਂ ਵਿੱਚ ਜਾ ਕੇ ਗਾਇਆ ਕਰਦਾ ਸੀ । ਮਾਣਕ ਨੂੰ ਸਕੂਲ ਪੜਨ ਸਮੇਂ ਕੋਟਕਪੂਰੇ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਰੋਡ ਤੇ ਹਾਕੀ ਦੀ ਟੀਮ ਵਿੱਚ ਸਾਥੀਆਂ ਨਾਲ ਗਿਆ । ਇਸ ਮੇਲੇ ਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਹੱਥੀਂ ਇਨਾਮ ਦੇਣੇ ਸਨ । ਕੁਲਦੀਪ ਮਾਣਕ ਨੇ ਉਸ ਸਟੇਜ ਤੇ ਕਿਸਾਨਾਂ ਦੀ ਹੱਡ ਭੰਨਵੀਂ ਮਿਹਨਤ ਦਾ ਮੰਡੀ ਚ ਮੁੱਲ ਨਾ ਪੈਣ ਬਾਰੇ ਵਰਨਣ ਕਰਦਾ ਗੀਤ

ਜੱਟਾ ਉਏ ਜੱਟਾ, ਗੱਲ ਸੁਣ ਭੋਲਿਆ ਜੱਟਾ, ਤੇਰੇ ਸਿਰ ਪੈਂਦਾ ਘੱਟਾ, ਵਿਹਲੜ ਲੋਕ ਮੌਜਾਂ ਮਾਣ ਦੇ ।

    ਇਸ ਗੀਤ ਤੋਂ ਪ੍ਰਭਾਵਤ ਹੋ ਕੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਇਹ ਲੜਕਾ ਮਣਕਾ ਨਹੀਂ, ਮਾਣਕ ਏੇ ਮਾਣਕ । ਕਿਉਂਕਿ ਮਾਣਕ ਦੇ ਜਮਾਤੀ ਇਸ ਦਾ ਕੱਦ ਕਾਠ ਘੱਟ ਹੋਣ ਕਰਕੇ ਮਣਕਾ ਕਹਿ ਕੇ ਬੁਲਾਉਂਦੇ ਸਨ । ਵੈਸੇ ਮਾਣਕ ਦਾ ਬਚਪਨ ਦਾ ਨਾਂ ਲਤੀਫ ਸੀ । ਸੁਰਿੰਦਰ ਸੀਮਾ ਨਾਲ 1968 ਈ : ਵਿੱਚ ਪੱਥਰ ਦੇ ਤਵੇ ਵਿੱਚ ਕੋਲੰਬੀਆ ਕੰਪਨੀ ਚ ਗੁਰਦੇਵ ਸਿੰਘ ਮਾਨ ਅਤੇ ਮਰਾੜਾਂ ਵਾਲੇ ਮਾਨ ਦੇ ਦੋ ਗਾਣੇ

ਜੀਜਾ ਅੱਖੀਆਂ ਨਾ ਮਾਰ , ਵੇ ਮੈਂ ਕੱਲ ਦੀ ਕੁੜੀ , ਚਿੱਟਿਆਂ ਦੰਦਿਆਂ ਤੇ ਪੈ ਗਈ ਬਰੇਤੀ ਡੂੰਘੇ ਪੈ ਗਏ ਘਾਸੇ, ਵੇ ਲੌਂਗ ਕਰਾ ਮਿੱਤਰਾ ਮੱਛਲੀ ਪਾਉਣਗੇ ਮਾਪੇ

    ਰਿਕਾਰਡ ਹੋਏ। ਅਸਲ ਵਿੱਚ ਦੋਵੇਂ ਗੀਤ ਹਰਚਰਨ ਗਰੇਵਾਲ ਅਤੇ ਸੀਮਾ ਨੇ ਰਿਕਾਰਡ ਕਰਵਾਉਣੇ ਸਨ । ਗਰੇਵਾਲ ਦੁਪੈਹਿਰ ਦੀ ਰੋਟੀ ਖਾਣ ਮੌਕੇ ਦਾਰੂ ਦਾ ਪੈਗ ਕੁਝ ਵੱਧ ਲਾ ਬੈਠਾ ਜਿਸ ਕਰਕੇ ਗਰੇਵਾਲ ਦੀ ਆਵਾਜ ਥੱਥਲਾਉਣ ਲੱਗ ਪਈ ਤੇ ਦੂਸਰੇ ਕਮਰੇ ਵਿੱਚ ਬੈਠਾ ਮਾਣਕ ਮਨ ਪ੍ਰਚਾਵ ਲਈ ਆਪਣੇ ਗੀਤ ਗੁਣਾ ਰਿਹਾ ਸੀ । ਜਦੋਂ ਕੰਪਨੀ ਦੇ ਡਾਇਰੈਕਟਰ ਨੂੰ ਆਵਾਜ ਸੁਣਾਈ ਦਿੱਤੀ ਤਾਂ ਉਨਾਂ ਮਾਣਕ ਨੂੰ ਗੀਤ ਪੂਰਾ ਕਰਨ ਦੀ ਪੇਸ਼ਕਸ਼ ਕੀਤੀ । ਮਾਣਕ ਵਲੋਂ ਹਾਂ ਕਰਨ ਤੇ ਇਹ ਗੀਤ ਗਰੇਵਾਲ ਦੀ ਬਜਾਏ ਕੁਲਦੀਪ ਮਾਣਕ ਤੇ ਸੁਰਿੰਦਰ ਸੀਮਾ ਨੇ ਰਿਕਾਰਡ ਕਰਵਾਏ ਜਿਸ ਨਾਲ ਮਾਣਕ ਅਤੇ ਗਰੇਵਾਲ ਦੇ ਸੰਬੰਧਾਂ ਵਿੱਚ ਕੜਵਾਹਟ ਵੀ ਆਈ ਤੇ ਆਪਸ ਵਿੱਚ ਧੌਲ- ਧੱਫਾ ਵੀ ਹੋਇਆ ਤੇ ਮਾਣਕ ਨੂੰ ਕਈ ਤਾਹਨੇ ਮਿਹਣੇ ਵੀ ਮਾਰੇ, ਅਖੇ ਤੂੰ ਕਿਥੋਂ ਦਾ ਮੁਹੰਮਦ ਰਫੀ ਆ ਗਿਆਂ ਮਰਾਸੀਆ। ਇਨਾਂ ਦੋ ਗਾਣਿਆਂ ਨੇ ਮਾਣਕ ਦੀ ਪੰਜਾਬ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਤਾਂ ਹਰਚਰਨ ਗਰੇਵਾਲ ਵੀ ਮਾਣਕ ਤੇ ਮਾਣ ਮਹਿਸੂਸ ਕਰਨ ਲੱਗ ਪਿਆ ਕਿ ਮੇਰੇ ਨਾਲ 15 ਰੁਪੈ ਦਿਹਾੜੀ ਤੇ ਢੋਲਕੀ ਵਜਾਉਣ ਵਾਲਾ ਮਾਣਕ ਅੱਜ ਕੱਲ• ਲੋਕ ਗਥਾਵਾਂ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ । ਇਨਾਂ ਦੋ ਗੀਤਾਂ ਤੋਂ ਬਾਅਦ ਮਾਣਕ ਦਾ ਪਹਿਲਾ ਈ ਪੀ ਤਵਾ 1971 ਈ : ਵਿੱਚ ਐਮ ਵੀ ਕੰਪਨੀ ਨੇ ਰਿਕਾਰਡ ਕੀਤਾ ਜਿਸ ਵਿੱਚ ਇੱਕ ਗੀਤ ਮਾਣਕੇ ਦੇ ਪਿੰਡ ਜਲਾਲ ਦੇ ਜੰਮਪਲ ਕਰਨੈਲ ਜਲਾਲ ਦਾ ਸੀ ਤੇ ਦੂਸਰਾ ਸੀਤਾ ਰਾਮ ਲਹਿਰੀ ਦਾ ਲਿਖਿਆ ਹੋਇਆ ਸੀ ਜਿਸ ਦੇ ਬੋਲ ਸਨ : ਮਾਂ ਮਿਰਜੇ ਦੀ ਬੋਲੀ , ਬੱਕੀ ਦੇ ਗਲ ਆਣ (ਸੀਤਾ ਰਾਮ ਲਹਿਰੀ) ਅਤੇ ਉਹ ਨੂੰ ਮੌਤ ਨੇ ਵਾਜਾਂ ਮਾਰੀਆਂ , ਸੋਹਣੀ ਸੁੱਤੀ ਲਈ ਜਗਾ (ਕਰਨੈਲ ਜਲਾਲ) ਇਨਾਂ ਗੀਤਾਂ ਦੀ ਪ੍ਰਸਿਧੀ ਤੋਂ ਬਾਅਦ ਕੁਲਦੀਪ ਮਾਣਕ ਦਾ ਮਿਲਾਪ ਪ੍ਰਸਿਧ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਨਾਲ ਹੋਇਆ । ਇਸ ਸਮੇਂ ਦੋਗਾਣੇ ਗੀਤਾਂ ਦਾ ਜੋਰ ਸੀ । ਮਾਣਕ ਨੇ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਸਤਿੰਦਰ ਬੀਬਾ , ਪ੍ਰਕਾਸ਼ ਸਿੱਧੂ ਅਤੇ ਪ੍ਰਕਾਸ਼ ਕੌਰ ਸੋਢੀ ਨਾਲ ਐਚ ਐਮ ਵੀ ਕੰਪਨੀ ਵਿੱਚ ਰਿਕਾਰਡ ਕਰਵਾਏ । ਇਨਾਂ ਗੀਤਾਂ ਦੇ ਬੋਲ ਸਨ ,

ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆਨੀ ਖੋਟੀ,ਵੇ ਕਾਲੀ ਗਾਨੀ ਮਿੱਤਰਾਂ ਦੀ , ਰਾਂਤੀਂ ਟੁੱਟ ਗਈ ਨੀਂਦ ਨਾ ਆਈ ,ਮੁੰਡੇ ਰੋਣਗੇ ਰੁਮਾਲਾਂ ਵਾਲੇ , ਵੇ ਜਦੋਂ ਬੰਤੋਂ ਰੇਲ ਚੜਗੀ,ਅੱਖ ਦੱਬ ਕੇ ਸ਼ਰਾਬੀ ਜੱਟ ਸੀਟੀ ਮਾਰਦਾ ,ਮਿਤਰਾਂ ਦੀ ਜਾਕਟ ਤੇ , ਘੁੰਡ ਕੱਢਕੇ ਮੋਰਨੀ ਪਾਵਾਂ     ਇਨਾਂ ਗੀਤਾਂ ਵਿੱਚ ਮਕਬੂਲੀਅਤ ਖੱਟਣ ਤੋਂ ਬਾਅਦ ਕੁਲਦੀਪ ਮਾਣਕ ਨੇ 1973 ਵਿੱਚ ਚਾਰ ਲੋਕ ਗਥਾਵਾਂ ਦਾ ਐਡੀਸ਼ਨ ਕੰਪਨੀ ਵਿੱਚ ਈ ਪੀ ਰਿਕਾਰਡ ਹੋਇਆ ਜਿਨਾਂ ਦੇ ਮੁੱਖੜੇ ਸਨ : ਯਾਰੋ ਆਖੇ ਅਕਬਰ ਬਾਦਸ਼ਾਹ, ਸਦ ਜੈਮਲ ਨੂੰ ਦਰਬਾਰ, ਅੱਜ ਕਹੇ ਰਸਾਲੂ ਰਾਣੀਏ , ਗਲ ਪਾ ਬਾਹਾਂ ਪਾ ਦੇ । ਤੇਰੀ ਖਾਤਰ ਹੀਰੇ ਛੱਡ ਦੇ ਤਖਤ ਹਜਾਰੇ ਨੂੰ ,ਦੁਲਿਆ ਵੇ ਟੋਕਰਾ ਚੁਕਾਈਂ ਆਣ ਕੇ ।     ਇਨਾਂ ਚਾਰ ਲੋਕ ਗਥਾਵਾਂ ਨੇ ਮਾਣਕ ਦੀ ਦੁਨੀਆਂ ਵਿੱਚ ਐਸੀ ਬੱਲੇ ਬੱਲੇ ਕਰਵਾਈ ਕਿ ਮਾਣਕ ਦੋਗਾਣੇ ਗੀਤਾਂ ਨੂੰ ਛੱਡ ਕੇ ਲੋਕ ਗਥਾਵਾਂ ਹੀ ਗਾਉਣ ਲੱਗ ਪਿਆ ਤੇ ਉਹ ਵੀ ਦੇਵ ਥਰੀਕਿਆਂ ਵਾਲੇ ਦੀ ਕਲਮ ਚੋਂ ਉਲੀਕੀਆਂ ਹੋਈਆਂ ।     1976 ਵਿੱਚ ਕੁਲਦੀਪ ਮਾਣਕ ਦੀਆਂ ਗਿਆਰਾਂ ਲੋਕ ਗਥਾਵਾਂ ਦਾ ਐਲ ਪੀ ਰਿਕਾਰਡ ਐਚ ਐਮ ਵੀ ਨੇ ਰਿਕਾਰਡ ਕੀਤਾ ਜਿਸ ਵਿੱਚ ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾਦੇ ਉਏ ਅਤੇ ਤੇਰੇ ਟਿੱਲੇ ਕੋਲੋਂ ਸੂਰਤ ਦੀਹਦੀ ਹੈ ਹੀਰ ਦੀ ਆਦਿ ਗੀਤ ਸਨ । 13 ਜੂਨ 1979 ਈ: ਨੂੰ ਜਦੋਂ ਮਾਣਕ ਦੀ ਮਾਤਾ ਬੇਬੇ ਬਚਨ ਕੌਰ ਸਵਰਗਵਾਸ ਹੋ ਗਏ ਸਨ ਤਾਂ ਮਾਣਕ ਨੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਾਂ ਹੁੰਦੀ ਏ ਮਾਂ ਉ ਦੁਨੀਆਂ ਵਾਲਿਉ ਵਾਲਾ ਐਲ ਪੀ ਰਿਕਾਰਡ ਕਰਵਾਇਆ । ਜਿਸ ਕਾਰਨ ਮਾਣਕ ਲੱਖਾਂ ਬਜੁਰਗ ਮਤਾਵਾਂ ਦੇ ਦਿਲਾਂ ਦੀ ਧੜਕਨ ਬਣ ਗਿਆ । ਆਪਣੇ ਗੀਤਾਂ ਰਾਂਹੀ ਔਰਤਾਂ ਦੇ ਮਾਨਸਿਕ ਦੁੱਖ ਦਰਦ ਦਾ ਸਾਂਝੀਵਾਲ ਬਣਨ ਵਾਲਾ ਮਾਣਕ ਸ਼ਾਇਦ ਪੰਜਾਬ ਦਾ ਪਹਿਲਾ ਕਲਾਕਾਰ ਹੋਵੇਗਾ ਜਿਸ ਨੇ ਇਸਤਰੀ ਦੇ ਮਾਨਸਿਕ ਦੁੱਖਾਂ ਨੂੰ ਆਪਣੇ ਗੀਤਾਂ ਰਾਂਹੀ ਪ੍ਰਗਟਾ ਕੇ ਨਾਮਨਾ ਖੱਟਿਆ । ਔਰਤ ਆਪਣੇ ਧਰਮ ਪਤੀ ਤੇ ਕੀ ਵਿਸਵਾਸ਼ ਕਰੇ। ਹੋਇਆ ਕੀ ਜੇ ਧੀ ਜੰਮ ਪਈ ।,ਇੱਕ ਵੀਰ ਦੇਈਂ ਵੇ ਰੱਬਾ ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ । ਕਿਤੋਂ ਆਜਾ ਬਾਬਲਾ ਵੇ -ਦੁਖੜੇ ਸੁਣ ਲੈ ਧੀ ਦੇ ਆ ਕੇ ।ਧੀਆਂ ਪ੍ਰਦੇਸਣਾਂ ਦੀ ਕਦੋਂ ਸੁਣੇਗਾ ਰੱਬਾ ਅਰਜੋਈ । ਹਾੜਾ ਨਾ ਮਾਰ ਅੰਮੜੀਏ - ਸਿਰਦੇ ਮੇਰੇ ਸਾਈਂ ਨੂੰ

    1975 ਈ: ਨੂੰ ਮਾਣਕ ਦਾ ਵਿਆਹ ਪਿੰਡ ਰਾਜਗੜ ਜਿਲਾ ਲੁਧਿਆਣਾ ਵਿਖੇ ਬੀਬੀ ਸਰਬਜੀਤ ਨਾਲ ਹੋਇਆ । ਜਿਨਾਂ ਦੇ ਪਿਆਰ ਦੀ ਨਿਸ਼ਾਨੀ ਵਜੋਂ ਯੁੱਧਵੀਰ ਮਾਣਕ ਅਤੇ ਸ਼ਕਤੀ ਮਾਣਕ ਨੇ ਵਿਹੜੇ ਵਿੱਚ ਜਨਮ ਲਿਆ । ਮਾਣਕ ਨੇ ਸਾਹਿਬਾਂ ਦਾ ਤਰਲਾ , ਧੀਆਂ ਪ੍ਰਦੇਸਨਾਂ , ਦਿਲ ਨਹੀਂਉਂ ਲੱਗਦਾ , ਪੁੱਤ ਮਰੇ ਨਾ ਭੁੱਲਦੇ , ਕਮੀਨੇ ਯਾਰ , ਜੱਗਾ ਡਾਕੂ , ਮੌਜ ਮਾਣਕ ਦੀ ਤੇ ਯਾਰ ਦਾ ਚੌਥਾ ਗੇੜਾ ਆਦਿ ਪ੍ਰਸਿੱਧ ਸਹਿਤ ਕੈਸਟਾਂ ਪੰਜਾਬੀ ਮਾਂ ਬੋਲੀ ਨੂੰ ਅਰਪਿਤ ਕੀਤੀਆਂ ਤੇ ਮਾਣਕ ਦੇ ਗੀਤ ਅੱਜ ਵੀ ਹਰੇਕ ਦੀ ਜੁਬਾਨ ਤੇ ਚੜੇ ਹੋਏ ਹਨ । ਖਾੜਕੂ ਲਹਿਰ ਮੌਕੇ ਮਾਣਕ ਦੀਆਂ ਕਈ ਕੈਸਿਟਾਂ ਤੇ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਸੀ ਜਿਵੇਂ ਮੱਸਾ ਰੰਗੜ, ਗੱਭਰੂ ਪੰਜਾਬ ਦੇ ਅਤੇ ਬੱਬਰ ਪੰਜਾਬ ਆਦਿ ।

    ਕਲਾਕਾਰੀ ਦੇ ਨਾਲ ਨਾਲ ਮਾਣਕ ਨੇ ਇੱਕ ਅਦਾਕਾਰੀ ਦਾ ਜਨੂੰਨ ਵੀ ਨਿਭਾਇਆ । 1982 ਵਿੱਚ ਮਾਣਕ ਨੇ ਬਲਬੀਰੋ ਭਾਬੀ ਫਿਲਮ ਬਣਾ ਕੇ ਫਿਲਮਾਂ ਦਾ ਸ਼ੌਕ ਵੀ ਪੂਰਾ ਕਰ ਲਿਆ । ਮਾਣਕ ਨੇ ਲਗਭਗ 12 ਕੁ ਫਿਲਮਾਂ ਵਿੱਚ ਗੀਤ ਵੀ ਗਾਏ ਸਨ । ਸਭ ਤੋਂ ਪਹਿਲੀ ਫਿਲਮ ਸੈਦਾਂ ਜੋਗਨ ਜੋ ਮਹੁੰਮਦ ਸਦੀਕ ਜੀ ਹੁਰਾਂ ਵਲੋਂ ਬਣਾਈ ਗਈ ਸੀ । ਉਸ ਵਿੱਚ ਮਾਣਕ ਦਾ ਗੀਤ ਸੀ ਆਹ ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ ਸਾਥੋਂ ਨੀ ਮੱਝਾਂ ਚਾਰ ਹੁੰਦੀਆਂ ।

    1993 ਈ : ਵਿੱਚ ਪੰਜਾਬ ਸਰਕਾਰ ਨੇ ਮਾਣਕ ਨੂੰ ਮਾਲਵੇ ਦਾ ਸਪੂਤ ਐਵਾਰਡ ਦੇਕੇ ਨਿਵਾਜਿਆ ਜਿਸ ਵਿੱਚ ਇੱਕ ਕਾਰ ਤੇ ਸਵਾ ਲੱਖ ਰੁਪੈ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਸੀ । 2011 ਵਿੱਚ ਮਾਣਕ ਆਪਣੇ ਬੇਟੇ ਯੁੱਧਵੀਰ ਮਾਣਕ ਦੇ ਬਿਮਾਰ ਹੋਣ ਦਾ ਸਦਮਾ ਨਾ ਝੱਲਦਾ ਹੋਇਆ ਐਸਾ ਬਿਮਾਰ ਹੋਇਆ ਕਿ ਮੁੜ ਮਾਈਕ ਨਾ ਫੜ ਸਕਿਆ । ਬੇਸ਼ੱਕ ਕੁਲਦੀਪ ਮਾਣਕ ਦੀ ਸਿਹਤਯਾਬੀ ਲਈ ਅਨੇਕਾਂ ਸਮਾਜਸੇਵੀ , ਧਾਰਮਿਕ ਜਥੋਬੰਦੀਆਂ , ਪ੍ਰਸੰਸਕਾਂ, ਮੁਰੀਦਾਂ ਤੇ ਸਰੋਤਿਆਂ ਨੇ ਵਾਹਿਗੁਰੂ ਅੱਗੇ ਅਰਜੋਈਆਂ ਕੀਤੀਆਂ ਪਰ ਸਾਡਾ ਇਹ ਹਰਮਨ ਪਿਆਰਾ ਲੋਕ ਗਾਇਕ ਲੋਕ ਗਥਾਵਾਂ ਦਾ ਬਾਦਸ਼ਾਹ 30 ਨਵੰਬਰ 2011 ਨੂੰ ਦੋ ਮੰਜਿਆਂ ਨਾਲ ਜੁੜੇ ਸਪੀਕਰਾਂ ਲਈ ਲੋਕ ਗਥਾਵਾਂ ਦੇਣੀਆਂ ਬੰਦ ਕਰਕੇ ਸਰੋਤਿਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ । ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਨੂੰ ਆਪਣੇ ਆਖਰੀ ਗੀਤ ਵਜੋਂ ਰਿਕਾਰਡ ਕਰਵਾ ਕੇ ਮਾਣਕ ਨੇ ਸਰੋਤਿਆਂ ਨੂੰ ਸਰਧਾਂਜਲੀ ਵੀ ਅਰਪਿਤ ਕਰ ਦਿੱਤੀ ਜਿਸ ਦੇ ਬੋਲ ਸਨ ;

ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ , ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ , ਜਾਂਦਾ ਹੋਇਆ ਕਿਸੇ ਕੋਲੋਂ ਮੁੱਖ ਨਾ ਲੁਕਾਵਾਂਗਾ । ਉਦੋਂ ਇਸ ਦੁਨੀਆਂ ਨੂੰ ਬੜਾ ਯਾਦ ਆਵਾਂਗਾ ।

    ਕੁਲਦੀਪ ਮਾਣਕ ਨੂੰ ਉਸ ਦੇ ਜੱਦੀ ਪਿੰਡ ਜਲਾਲ ਜਿਲਾ ਬਠਿੰਡਾ ਵਿਖੇ ਦਫਨਾਇਆ ਗਿਆ ਜਿਥੇ ਆਏ ਸਾਲ ਉਸਦੀ ਯਾਦ ਵਿੱਚ ਮੇਲਾ ਲੱਗਦਾ ਹੈ। 30 ਨਵੰਬਰ ਦਾ ਦਿਨ ਹਮੇਸ਼ਾਂ ਹੀ ਸਾਡੇ ਪਿਆਰੇ ਕਲੀਆਂ ਦੇ ਬਾਦਸ਼ਾਹ ਦੀ ਯਾਦ ਦਿਵਾਉਂਦਾ ਰਹੇਗਾ ।

ਆਮੀਨ
ਸ਼ਾਮ ਲਾਲ ਚਾਵਲਾ 98550-56277


ਪਿਆਰੇ ਮਿੱਤਰ ਬ੍ਰਿਜ ਮੋਹਨ ਅਜਾਦ ਨੂੰ ਚੇਤੇ ਕਰਦਿਆਂ

        1992 ਦੀ ਗੱਲ ਹੈ ਕਿ ਜਦੋਂ ਮੈਂ ਆਪਣੀ ਬਿਜਲੀ ਦੀ ਦੁਕਾਨ ਤੋਂ ਕੂਲਰਾਂ ਦੀ ਸਕੀਮ ਤਹਿਤ ਮਾਰਕੀਟਿੰਗ ਕਰਨ ਲਈ ਪ੍ਰੇਮ ਨਗਰ ਵਿਖੇ ਇੱਕ ਪ੍ਰਿੰਟਿੰਗ ਪ੍ਰੈਸ ਉਪਰ ਪਹੁੰਚਿਆ ਸੀ ਤੇ ਉਥੇ ਬੈਠੇ ਵਿਅਕਤੀ ਨੇ ਸਵਾਲ ਖੜਾ ਕਰ ਦਿੱਤਾ ਕਿ ਪਹਿਲਾਂ ਕੂਲਰ ਦੇ ਦੇਵੋਗੇ ਤਾਂ ਤੁਹਾਡੇ ਮੈਂਬਰ ਬਣ ਜਾਵਾਂਗੇ । ਪਰ ਹਾਲਾਤਾਂ ਤੋਂ ਮਜਬੂਰ ਮੈਂ ਵੀ ਸੋਚਣ ਲਈ ਮਜਬੂਰ ਹੋ ਗਿਆ ਸੀ । ਪਰ ਕਿਸੇ ਵੀ ਹਾਂ ਨਾਂਹ ਤੋਂ ਬਿਨਾਂ ਮੈਂ ਉੱਠ ਕੇ ਆ ਗਿਆ ਸੀ ਤਾਂ ਅਗਲੇ ਹੀ ਦਿਨ ਉਹ ਵਿਅਕਤੀ ਮੇਰੀ ਦੁਕਾਨ ਤੇ ਆ ਗਿਆ ਤੇ ਬੈਠ ਕੇ ਚਾਹ ਪੀਤੀ ਤੇ ਇਹੋ ਜਿਹਾ ਆਉਣਾ ਜਾਣਾ ਹੋਇਆ ਕਿ ਸਾਲਾਂ ਬੱਧੀ ਬੀਤ ਗਏ ਮਿਲਦਿਆਂ ਨੂੰ , ਇੱਕ ਦੂਜੇ ਦੇ ਦੁਖ ਸੁਖ ਦੇ ਸਾਂਝੀ ਵਾਲ ਬਣ ਗਏ । ਕੂਲਰ ਤਾਂ ਮੈਨੂੰ ਯਾਦ ਨਹੀਂ ਦਿੱਤਾ ਸੀ ਕਿ ਨਹੀਂ ਪਰ ਉਨਾਂ ਦੇ ਅਖਬਾਰ ਰਾਂਹੀ ਪੱਤਰਕਾਰੀ ਦਾ ਖੇਤਰ ਮਿਲ ਗਿਆ ਸੀ ਤੇ ਲੋਕ ਸੇਵਾ ਨੂੰ ਸਮਰਪਿਤ ਹੋ ਗਏ ਸਾਂ। ਲਾਖਟੀਆ ਟਾਈਮਜ ਉਸ ਸਮੇਂ ਦਾ ਮਸ਼ਹੂਰ ਹਫਤਾਵਾਰੀ ਅਖਬਾਰ ਹੁੰਦਾ ਸੀ ਜਿਸ ਵਿੱਚ ਕੰਮ ਸੁਰੂ ਕਰਕੇ ਮੈਂ ਵੀ ਆਪਣੀ ਪੱਤਰਕਾਰੀ ਦਾ ਮੁੱਢ ਬੰਨਿਆ ਸੀ । ਬ੍ਰਿਜਮੋਹਨ ਅਜਾਦ ਮੁੱਖ ਸੰਪਾਦਕ ਹੁੰਦੇ ਸਨ ਤੇ ਅਸੀਂ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ । ਉਸ ਤੋਂ ਮਗਰੋਂ ਭਾਵੇਂ ਮੈਂ ਪੰਜਾਬੀ ਦੇ ਰੋਜਾਨਾ ਅਖਬਾਰਾਂ ਵਿੱਚ ਵੀ ਪ੍ਰਵੇਸ਼ ਕੀਤਾ ਪਰ ਅਜਾਦ ਸਾਹਿਬ ਨੇ ਮੈਨੂੰ ਕਦੇ ਵੀ ਆਪਣੇ ਤੋਂ ਵੱਖ ਨਾ ਕੀਤਾ ਸਗੋਂ ਮੈਨੂੰ ਆਪਣੇ ਅਖਬਾਰ ਵਿੱਚ ਤਰੱਕੀ ਦਿੰਦੇ ਹੋਏ ਨਿਊਜ ਐਡੀਟਰ ਬਣਾ ਲਿਆ ਤੇ ਅਸੀਂ ਇਕੱਠੇ ਕੰਮ ਕਰਦੇ ਰਹੇ । ਮੈਂ ਪੱਤਰਕਾਰੀ ਦੇ ਖੇਤਰ ਵਿੱਚ ਉਨਾਂ ਆਪਣਾ ਗੁਰੂ ਮੰਨਣ ਦਾ ਮਾਣ ਵੀ ਹਾਸਲ ਕੀਤਾ ਸੀ । ਕੁਝ ਤਕਨੀਕੀ ਕਾਰਨਾਂ ਕਰਕੇ ਲਾਖਟੀਆ ਟਾਈਮਜ ਅਖਬਾਰ ਬੰਦ ਕਰਨ ਪਿਆ ਤੇ ਫਿਰ ਉਨਾਂ ਆਪਣੇ ਪੁੱਤਰ ਦੇ ਨਾਂ ਤੇ ਹੈਲਥੀ ਪੰਜਾਬ ਸਟਾਰਟ ਕੀਤਾ ਤਾਂ ਉਸ ਵਿੱਚ ਮੈਨੂੰ ਸਹਾਇਕ ਸੰਪਾਦਕ ਦਾ ਅਹੁਦਾ ਬਖਸ਼ਿਆ । ਅਜਾਦ ਸਾਹਿਬ ਨੇ ਆਪਣੇ ਘਰ ਕੁਝ ਕਰਨਾ ਤਾਂ ਵੀ ਮੈਂ ਅੱਗੇ , ਕੋਈ ਸਲਾਹ ਮਸ਼ਵਰਾ ਕਰਨਾ ਤਾਂ ਵੀ ਮੇਰੇ ਨਾਲ । ਮੇਰਾ ਕੋਈ ਵੀ ਕੰਮ ਹੁੰਦਾ ਤਾਂ ਆਪਣਾ ਮਾਣ ਸਮਝਣਾ । ਕਿਸੇ ਤੋਂ ਮੇਰੀ ਬੁਰਾਈ ਨਾ ਸੁਣਨੀ ਜੇ ਕੌਈ ਕਰ ਦਾ ਤਾਂ ਜਵਾਬ ਦੇਹ ਆਪ ਹੀ ਬਣ ਜਾਣਾ । ਇਹ ਸੀ ਖੂਬੀ ਦੋਸਤੀ ਪ੍ਰਤੀ ਉਹ ਸੱਜਣ ਤੇ ਮਨ ਦੀ ਜੋ ਅੱਜ ਇਸ ਦੁਨੀਆਂ ਵਿੱਚ ਨਹੀਂ ਹੈ । ਇਸ ਫਾਨੀ ਸੰਸਾਰ ਨੂੰ ਅਲਵਿੱਦਾ ਕਹਿਣ ਤੋਂ 24 ਘੰਟੇ ਪਹਿਲਾਂ ਮੈਨੂੰ ਮਿਲਣਾ ਤੇ ਫੋਟੋ ਬਣਵਾ ਕੇ ਭੇਜਣ ਦਾ ਕਹਿ ਕੇ ਅੱਜ ਤੱਕ ਵਾਪਸ ਨਹੀਂ ਆਇਆ । ਸਿਰਫ ਖਬਰ ਹੀ ਆਈ ਕਿ ਅਜਾਦ ਸਾਹਿਬ ਨੂੰ ਦਿਲ ਦਾ ਦੌਰਾ ਪੈ ਗਿਆ । ਸੁਣ ਕੇ ਦੁੱਖ ਹੋਇਆ ਪਰ ਵੱਸ ਨਹੀਂ ਚਲਿਆ । ਜਾ ਕੇ ਦੇਖਿਆ ਕਿ ਲਾਲ ਸੁਰਖ ਚੇਹਰੇ ਤੇ ਕਾਲੀ ਦਾਹੜੀ ਜੱਚ ਰਹੀ ਸੀ ਪਰ ਪਤਾ ਨਹੀਂ ਸੀ ਕਿ ਸੁੱਤਾ ਹੈ ਜਾਂ ਸਦਾ ਲਈ ਸੁੱਤਾ ਹੈ ਸਾਡਾ ਯਾਰ । ਘਰ ਵਿੱਚ ਚੀਂਘ ਚਿਹਾੜਾ ਪਿਆ ਹੋਇਆ ਸੀ । ਚਲੋ ਸਮਾਜਿਕ ਰੀਤੀ ਰਿਵਾਜ ਕੀਤੇ ਗਏ । ਫਿਰ ਸਭ ਕੁਝ ਪਹਿਲਾਂ ਵਾਂਗ ਹੀ ਦੁਨੀਆਂ ਚੱਲਣ ਲੱਗੀ ਭਾਵੇਂ ਹੈਲਥੀ ਪੰਜਾਬ ਅਖਬਾਰ ਵਿੱਚ ਮੇਰਾ ਰੁਤਬਾ ਬਹਾਲ ਹੈ ਪਰ ਅਜਾਦ ਸਾਹਿਬ ਦਾ ਨਾ ਹੋਣ ਹਮੇਸ਼ਾਂ ਰੜਕਦਾ ਹੈ । ਅਸੀਂ ਆਪਣੇ ਲਾਇਨ ਕਲੱਬ ਕੋਟਕਪੂਰਾ ਡਾਇਮੰਡ ਵਲੋਂ ਪਿੰਡ ਠਾੜਾ ਵਿਖੇ ਉਨਾਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ ਸੀ ਜਿਸ ਵਿੱਚ ਮਰੀਜਾਂ ਦੇ ਮੁਫਤ ਅਪ੍ਰੇਸ਼ਨ ਕਰਕੇ ਮੁਫਤ ਲੈਂਜ ਪਾਏ ਗਏ ਸਨ। ਵਾਹਿਗੁਰੂ ਉਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।