ਜਹੀਨ ਤੇ ਪ੍ਰਬੁੱਧ ਸ਼ਖਸੀਅਤਾਂ ਦਾ ਪਿੰਡ ਵਾਂਦਰ ਜਟਾਣਾ


    ਜਹੀਨ ਤੇ ਪ੍ਰਬੁੱਧ ਸ਼ਖਸੀਅਤਾਂ ਦਾ ਪਿੰਡ ਵਾਂਦਰ ਜਟਾਣਾ ਫਰੀਦਕੋਟ ਜਿਲੇ ਦਾ ਪਿੰਡ ਵਾਂਦਰ ਜਟਾਣਾ ਕੋਟਕਪੂਰਾ-ਫਾਜਿਲਕਾ ਰੇਲ ਮਾਰਗ ਤੇ ਪਹਿਲਾ ਸਟੇਸ਼ਨ ਹੈ ਅਤੇ ਕੋਟਕਪੂਰਾ ਮੁਕਤਸਰ ਸੜਕ ਤੋਂ ਦੋ ਕਿਲੋਮੀਟਰ ਦੀ ਵਿੱਥ ਤੇ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਪੁਸਤਕ ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ ਅਨੁਸਾਰ ਇਸ ਪਿੰਡ ਦੇ ਬੱਝਣ ਦਾ ਅਨੁਮਾਨ 430 ਸਾਲ ਪਹਿਲਾਂ ਦਾ ਹੈ । ਇਹ ਪਿੰਡ ਪੰਜਾਬ ਵਿੱਚ ਗੈਰ ਕਾਨੂੰਨੀ ਸ਼ਰਾਬ ਲਈ ਪ੍ਰਸਿੱਧ ਰਿਹਾ ਹੈ ਅਤੇ ਇਸਨੂੰ ਵਾਂਦਰ ਜਟਾਣਾ ਡਿਸਟਲਰੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਵਾਂਦਰ ਜਟਾਣੇ ਪਹਿਲਾਂ ਵਾਂਦਰ ਗੋਤ ਦੇ ਪਰਵਾਰ ਆਣ ਕੇ ਵਸੇ ਅਤੇ ਫੇਰ ਜਟਾਣੇ , ਬਾਅਦ ਵਿੱਚ ਔਲਖ , ਢਿੱਲੋਂ, ਬਰਾੜ ਗੋਤ ਅਤੇ ਤੱਗੜ , ਸਰਾਂ ਅਤੇ ਕਈ ਹੋਰ ਗੋਤਾਂ ਦੇ ਪਰਵਾਰਾਂ ਨੇ ਆਕੇ ਇਸ ਪਿੰਡ ਵਿੱਚ ਨਿਵਾਸ ਕੀਤਾ । ਪਿੰਡ ਵਿੱਚ ਵੱਖ ਵੱਖ ਕਿਰਤੀ ਕੌਮਾਂ ਦੇ ਪਰਵਾਰਾਂ ਨੇ ਲਾਮਿਸਾਲ ਤਰੱਕੀ ਕੀਤੀ ਹੈ । ਇਥੋਂ ਦੇ ਜੰਮਪਲ ਕਾਨੂੰਗੋ ਰਾਜਿੰਦਰ ਸਿੰਘ ਸਰਾਂ ਮੁਤਾਬਕ ਵਾਂਦਰ ਜਟਾਣੇ ਦਾ ਕੁੱਲ ਰਕਬਾ ਤਕਰੀਬਨ 3425 ਏਕੜ ਵਿੱਚ ਫੈਲਿਆ ਹੋਇਆ ਹੈ । ਜਿਸ ਵਿਚੋਂ ਤਕਰੀਬਨ 3142 ਏਕੜ ਜਮੀਨ ਵਾਹੀ ਲਈ ਵਰਤੀ ਜਾ ਰਹੀ ਹੈ । ਪਹਿਲਾਂ ਇਹ ਪਿੰਡ ਫਰੀਦਕੋਟ ਵਿਧਾਨ ਸਭਾ ਹਲਕੇ ਚ ਸੀ ਪਰ ਨਵੀਂ ਹਲਕਾ ਬੰਦੀ ਦੌਰਾਨ ਇਹ ਪਿੰਡ ਕੋਟਕਪੂਰਾ ਹਲਕੇ ਦਾ ਮਹੱਤਵ ਪੂਰਨ ਪਿੰਡ ਬਣ ਚੁੱਕਾ ਹੈ । ਧਾਰਮਿਕ ਪੱਖ ਤੋਂ ਪਿੰਡ ਵਿੱਚ ਇੱਕ ਮੁੱਖ ਗੁਰਦਵਾਰਾ ਸਾਹਿਬ ਹੈ । ਜਿਥੇ ਲੋਕ ਰਲ ਮਿਲ ਕੇ ਗੁਰਪੁਰਬ ਮਨਾਂਉਂਦੇ ਹਨ ਅਤੇ ਗੁਰਦਵਾਰਾ ਸਾਹਿਬ ਦੇ ਵਸੀਹ ਦਰਬਾਰ ਹਾਲ ਵਿੱਚ ਖੁਸ਼ੀ-ਗਮੀਂ ਮੌਕੇ ਇਕੱਠੇ ਹੋਕੇ ਅਰਦਾਸ ਕਰਦੇ ਹਨ। ਪਿੰਡ ਦੀ ਫਿਰਨੀ ਤੇ ਇੱਕ ਹੋਰ ਗੁਰਦਵਾਰਾ ਸਾਹਿਬ ਹੈ ਜੋ ਬਾਹਰਲਾ ਗੁਰਦਵਾਰਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ । ਪਿੰਡ ਵਿੱਚ ਇੱਕ ਸ਼ਿਵ ਮੰਦਰ ਵੀ ਹੈ । ਡੇਰਾ ਬਾਬਾ ਖੂਹੀ ਵਾਲਾ ਵਿਖੇ 12 ਭਾਦੋਂ ਨੂੰ ਬਹੁਤ ਭਾਰੀ ਮੇਲਾ ਲਗਦਾ ਹੈ । ਪਿੰਡ ਵਿੱਚ ਬਾਰ•ਵੀਂ ਜਮਾਤ ਤੱਕ ਸਰਕਾਰੀ ਸੈਕੰਡਰੀ ਸਕੂਲ ਹੈ ਜਿਹੜਾ ਕਿ ਪੰਜਾਬ ਦੇ ਪੁਰਾਤਨ ਸਕੂਲਾਂ ਚੋਂ ਇੱਕ ਹੈ । ਇਹ ਸਕੂਲ ਰਿਆਸਤ ਫਰੀਦਕੋਟ ਦੇ ਤਤਕਾਲੀਨ ਰਾਜੇ ਨੇ 1917 ਈ: ਵਿੱਚ ਗਜਿੰਦਰਾ ਪ੍ਰਾਇਮਰੀ ਸਕੂਲ ਵਜੋਂ ਸਥਾਪਤ ਕੀਤਾ ਸੀ ਜੋ 1934 ਵਿੱਚ ਮਿੱਡਲ ਬਣਿਆ ,1945 ਵਿੱਚ ਹਾਈ ਅਤੇ 1991 ਈ: ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੋਂ ਇਲਾਕੇ ਵਿੱਚ ਵਿਦਿਆ ਦਾ ਚਾਨਣ ਬਿਖੇਰ ਰਿਹਾ ਹੈ । ਜਿਸ ਦੇ ਮੁਖੀ ਵਜੋਂ ਪ੍ਰਿੰਸੀਪਲ ਗੁਰਮੇਲ ਕੌਰ ਸੇਵਾਵਾਂ ਨਿਭਾ ਰਹੇ ਹਨ । ਇਸ ਸਕੂਲ ਦੀਆਂ 14 ਸਾਲ ਤੋਂ ਘੱਟ ਉਮਰ ਵਰਗ ਦੀਆਂ ਖਿਡਾਰਨਾਂ ਨੇ ਪੰਜਾਬ ਪੱਧਰ ਤੇ ਜਿੱਤ ਹਾਸਲ ਕੀਤੀ ਅਤੇ ਇਨਾਂ ਵਿਚੋਂ ਚਾਰ ਵਿਦਿਆਰਥਣਾਂ ਨੈਸ਼ਨਲ ਖੇਡਣ ਨਹੀ ਆਂਧਰਾ ਪ੍ਰਦੇਸ਼ ਗਈਆਂ । 17 ਤੋਂ ਘੱਟ ਉਮਰ ਗੁੱਟ ਵੀ ਇਸ ਸਕੂਲ ਦੀਆਂ ਕੁੜੀਆਂ ਨੇ ਪੰਜਾਬ ਵਿਚੋਂ ਤੀਜਾ ਸਥਾਨ ਹਾਸਲ ਕੀਤਾ , ਜਿਨਾਂ ਵਿਚੋਂ ਦੋ ਨੇ ਨੈਸ਼ਨਲ ਕੈਂਪ ਵਿੱਚ ਭਾਗ ਲਿਆ । ਇਸ ਸਕੂਲ ਵਿੱਚ ਦੋ ਸਾਲ ਜੇ ਬੀ ਟੀ ਦਾ ਕੋਰਸ ਵੀ ਕਰਵਾਇਆ ਜਾਂਦਾ ਰਿਹਾ ਹੈ । ਇਸੇ ਸਕੂਲ ਦੇ ਨਾਲ ਹੀ ਸਰਕਾਰੀ ਐਲੀਮੈਂਟਰੀ ਸਕੂਲ ਵੀ ਸਥਿਤ ਹੈ । ਪਿੰਡ ਵਿਚੋਂ ਆਹਲਾ ਪ੍ਰਸ਼ਾਸ਼ਨਕ ਅਤੇ ਨਿਆਂ ਅਧਿਕਾਰੀ ਪੈਦਾ ਹੋਏ ਹਨ ਜਿਨਾਂ ਵਿੱਚ ਤੱਗੜ ਪਰਵਾਰ ਦੇ ਸ: ਗੁਰਬਖਸ਼ ਸਿੰਘ ਪੀ ਸੀ ਐਸ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਐਸ ਡੀ ਐਮ ,ਵਧੀਕ ਡਿਪਟੀ ਕਮਿਸ਼ਨਰ ਤੋਂ ਇਲਾਵਾ ਚੰਡੀਗੜ ਵਿਖੇ ਕਈ ਵਿਭਾਗਾਂ ਵਿੱਚ ਡਾਇਰੈਕਟਰ ਅਤੇ ਸਕੱਤਰੇਤ ਪੱਧਰ ਦੇ ਅਧਿਕਾਰੀ ਰਹੇ । ਸ: ਗੁਰਚਰਨ ਸਿੰਘ ਸਰਾਂ ਪੀ ਸੀ ਐਸ (ਨਿਆਂ) ਸ਼ੈਸ਼ਨ ਜੱਜ ਵਜੋਂ ਸੇਵਾ ਮੁਕਤ ਹੋਕੇ ਸਟੇਟ ਕੰਜਿਊਮਰ ਫੋਰਮ ਦੇ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਹਨ । ਕਰਨਲ ਜਲੌਰ ਸਿੰਘ , ਕਰਨਲ ਕਰਨੈਲ ਸਿੰਘ , ਜੁਗਰਾਜ ਸਿੰਘ ਉਪ ਪੁਲਿਸ ਕਪਤਾਨ , ਹਰਬੰਸ ਸਿੰਘ ਸਹੋਤਾ ਸੇਵਾ ਮੁਕਤ ਐਸ ਈ ਬਿਜਲੀ ਬੋਰਡ , ਗੁਰਮੇਲ ਸਿੰਘ ਚਹਿਲ ਸਿਵਲ ਸਰਜਨ , ਸੂਬਾ ਸਿੰਘ ਢਿੱਲੋਂ ਮਨੇਜਰ , ਸੂਬੇਦਾਰ ਗੁਰਦੇਵ ਸਿੰਘ , ਮਾਸਟਰ ਬੈਜ ਨਾਥ , ਮੁਖਤਿਆਰ ਸਿੰਘ ਸੇਵਾ ਮੁਕਤ ਲੈਕਚਰਾਰ , ਜਰਨੈਲ ਸਿੰਘ ਸਰਾਂ ਸੇਵਾਮੁਕਤ ਇੰਜੀਨਅਰ ਬਿਜਲੀ ਬੋਰਡ, ਪ੍ਰੋ: ਡਾ : ਪਰਮਿੰਦਰ ਸਿੰਘ ਤੱਗੜ ਮੁੱਖੀ ਪੰਜਾਬੀ ਵਿਭਾਗ ਯੁਨੀਵਰਸਿਟੀ ਕਾਲਜ ਜੈਤੋ , ਪ੍ਰੋ: ਨਵਦੀਪ ਕੌਰ ਜਟਾਣਾ ਐਮ ਐਸ ਸੀ ਨਰਸਿੰਗ , ਦਰਸ਼ਨ ਸਿੰਘ ਸਹੋਤਾ ਸਾਬਕਾ ਮੈਂਬਰ ਜਿਲਾ ਪ੍ਰੀਸ਼ਦ ਆਪੋ ਆਪਣੇ ਖੇਤਰਾਂ ਵਿੱਚ ਪਿੰਡ ਦਾ ਨਾਂ ਚਮਕਾਉਣ ਵਾਲੀਆਂ ਸਖਸ਼ੀਅਤਾਂ ਵਿਚੋਂ ਹਨ । ਬਲਬੀਰ ਕੋਰ ਬਰਾੜ ਅਤੇ ਉਨਾਂ ਦੇ ਬੇਟੇ ਤੇਜਵਿੰਦਰ ਸਿੰਘ ਬਰਾੜ ਪੰਜਾਬੀ ਦੇ ਨਾਮੀਂ ਲੇਖਕ ਹਨ । ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜੈਲ ਸਿੰਘ ਦੇ ਭਰਾ ਸ: ਜੰਗੀਰ ਸਿੰਘ ਦੇ ਸਹੁਰੇ ਵਾਂਦਰ ਜਟਾਣੇ ਹੋਣ ਕਰਕੇ ਇੱਥੇ ਵਸਦੇ ਰਾਜਨੀਤਕ ਮਿੱਤਰਾਂ ਨੂੰ ਮਿਲਣ ਲਈ ਗਿਆਨੀ ਜੀ ਅਕਸਰ ਇੱਥੇ ਆਉਂਦੇ ਰਹਿੰਦੇ ਸਨ । ਪਿੰਡ ਵਿੱਚ ਇਸ ਸਮੇਂ ਸਰਪੰਚ ਸ੍ਰੀ ਮਤੀ ਸੁਖਜੀਤ ਕੌਰ ਸੁਪਤਨੀ ਫੌਜਾ ਸਿੰਘ ਹਨ । ਕਲਾ ਦੇ ਖੇਤਰ ਵਿੱਚ ਇਥੋਂ ਦੇ ਜੰਮਪਲ ਮੰਗਲ ਢਿੱਲੋਂ ਸਿਨੇ-ਜਗਤ ਵਿੱਚ ਬਤੌਰ ਅਦਾਕਾਰ ਨਿਰਦੇਸ਼ਕ , ਨਿਰਮਾਤਾ, ਅਤੇ ਲੇਖਕ ਵਜੋਂ ਪ੍ਰਸਿੱਧ ਹੈ ਜਿਸ ਨੇ ਸਿੱਖ ਇਤਿਹਾਸ ਨੂੰ ਆਧਾਰ ਬਣਾ ਕੇ ਦਸਤਾਵੇਜੀ ਫਿਲਮਾਂ ਦਾ ਨਿਰਮਾਣ ਕੀਤਾ ਹੈ। ਲੋਕ ਗਾਇਕ ਰਾਜ ਤਿਵਾੜੀ ਵੀ ਇਸ ਪਿੰਡ ਦੀ ਹੀ ਪੈਦਾਇਸ਼ ਹੈ । ਇਸ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਅਤੇ ਕੋਹਿਨੂਰ ਆਜਾਦ ਕਲੱਬ ਸਾਂਝੇ ਕੰਮਾਂ ਲਈ ਸਰਗਰਮ ਹਨ । ਪਿੰਡ ਵਿੱਚ ਸਭ ਧਰਮਾਂ ਦੇ ਲੋਕ ਸਦਭਾਵਨਾ ਨਾਲ ਰਹਿੰਦੇ ਹਨ ।