ਬਰਾੜਾਂ ਤੇ ਮਾਨਾਂ ਦਾ ਘੁੱਗ ਵੱਸਦਾ ਪਿੰਡ ਠਾੜਾ


    ਕਰੀਬ 168 ਸਾਲ ਪਹਿਲਾਂ ਵਸਿਆ ਬਰਾੜਾਂ ਤੇ ਮਾਨਾਂ ਦਾ ਘੁੱਗ ਵੱਸਦਾ ਪਿੰਡ ਠਾੜਾ, ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਜਾਂਦਿਆਂ ਵਾੜਾਦਰਾਕਾ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਤੇ ਪੂਰਬ ਵਾਲੇ ਪਾਸੇ ਸਥਿਤ ਹੈ । 1300 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 210 ਘਰਾਂ ਦੇ ਵਿੱਚ 7 ਵਾਰਡ ਤੇ ਕੁਲ 864 ਵੋਟਰ ਹਨ । 1840 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੋਟਕਪੂਰਾ ਰਿਆਸਤ ਦਾ ਇਹ ਘਣਾ ਜੰਗਲ ਹੁੰਦਾ ਸੀ ਜਿਥੇ ਕੋਟਕਪੂਰਾ ਵਿਖੇ ਵਸਦੇ ਠਾੜਿਆਂ ਵਾਲੇ ਅਗਵਾੜ ਦੇ ਬਰਾੜਾਂ ਨੇ ਆਪਣੀਆਂ ਭੇਡਾਂ ਬਕਰੀਆਂ ਦੇ ਇੱਜੜ ਚਾਰਨ ਤੋਂ ਬਾਅਦ ਤੇ ਹੋਰ ਪਸ਼ੂਆਂ ਦੀ ਰਖਵਾਲੀ ਲਈ ਇਂਥੇ ਟਿੱਬੇ ਉਪਰ ਵਾੜਾ ਬਣਾਇਆ ਹੋਇਆ ਸੀ ਜਿਥੇ ਕਦੇ ਕਦੇ ਅਕਸਰ ਹੀ ਰਿਆਸਤ ਫਰੀਦਕੋਟ ਦੇ ਮਹਾਰਾਜਾ ਸ੍ਰੀ ਹਰਿੰਦਰ ਸਿੰਘ ਆਪਣੇ ਸ਼ਿਕਾਰ ਲਈ ਇਨਾਂ ਜੰਗਲਾਂ ਵਿੱਚ ਆਉਂਦੇ ਤੇ ਬਰਾੜਾਂ ਦੇ ਉਸ ਵਾੜੇ ਵਿੱਚ ਅਕਸਰ ਅਰਾਮ ਕਰਦੇ । ਬਰਾੜ ਪਰਿਵਾਰ ਦੀ ਰਿਆਸਤ ਦੇ ਚੌਧਰੀਆਂ ਨਾਲ ਨੇੜਤਾ ਕਾਫੀ ਰੰਗਤ ਭਰਪੂਰ ਸੀ। ਹੌਲੀ ਹੌਲੀ ਕਰਦਿਆਂ ਬਰਾੜਾਂ ਦੇ ਇਸ ਵਾੜੇ ਦੇ ਨਾਲ ਕਿਸੇ ਸੰਤ ਫਕੀਰ ਨੇ ਪਿੰਡ ਦੀ ਮੋਹੜੀ ਗੱਡੀ ਤੇ ਪਿੰਡ ਨੂੰ ਠਾੜਾ ਦਾ ਨਾਂ ਦੇ ਦਿੱਤਾ ਕਿਉਂਕਿ ਪਹਿਲਾਂ ਹੀ ਠਾੜਿਆਂ ਵਾਲਾ ਗਵਾੜ ਦੇ ਲੋਕਾਂ ਦਾਂ ਇਸ ਜਗਾ ਨਾਲ ਮੋਹ ਸੀ । ਬਰਾੜਾਂ ਨਾਲ ਰਾਜੇ ਦਾ ਪਿਆਰ ਤੇ ਇਸ ਜਗਾਂ ਦੇ ਮੋਹ ਕਰਕੇ ਰਾਜੇ ਨੇ ਕਰੀਬ 1400 ਘੁੰਮਾ ਜਮੀਨ ਵੀ ਦਾਨ ਵਿੱਚ ਦੇ ਦਿੱਤੀ । ਕੋਟਕਪੂਰੇ ਦੇ ਠਾੜਿਆਂ ਵਾਲੇ ਗਵਾੜ ਚੋਂ ਉੱਠ ਕੁਝ ਬਰਾੜਾਂ ਨੇ ਆਪਣੇ ਘਰ ਇਸ ਜੰਗਲ ਵਿੱਚ ਪਾ ਲਏ। ਤੇ ਫਿਰ ਹੌਲੀ ਹੋਲੀ ਹੋਰ ਘਰਾਂ ਦਾ ਵਸੇਬਾ ਹੋਇਆ ਤੇ ਇਥੇ ਪਿੰਡ ਦਾ ਰੂਪ ਬਣ ਗਿਆ । ਬਰਾੜਾਂ ਦੇ ਇਨਾਂ ਘਰਾਂ ਤੋਂ ਕੁਝ ਦੂਰੀ ਤੇ ਇੱਕ ਔਰਤ ਕਲਾਕਾਰ (ਪੁਰਾਣੇ ਜਮਾਨੇ ਵਿੱਚ ਕੰਜਰੀ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ) ਨੇ ਵੀ ਆਪਣਾ ਕੋਠੜਾ ਆ ਪਾਇਆ ਤੇ ਕਿੱਤੇ ਵਜੋਂ ਉਹ ਨਾਚ ਗਾਣਾ ਕਰਦੀ ਤੇ ਆਪਣਾ ਪੇਟ ਪਾਲਦੀ । ਕਦੀ ਕਦੀ ਸ਼ਿਕਾਰ ਤੇ ਆਇਆ ਰਾਜਾ ਵੀ ਉਸ ਦੀ ਕਲਾ ਦਾ ਅਨੰਦ ਮਾਣਦਾ। ਇਸ ਨਾਲ ਉਹ ਪੂਰੇ ਇਲਾਕੇ ਵਿੱਚ ਪਰਚਲਤ ਸੀ ਤੇ ਦੂਰ ਦੂਰ ਦੇ ਪਿੰਡਾਂ ਦੇ ਲੋਕ ਉਸ ਦੀ ਕਲਾ ਦਾ ਆਨੰਦ ਮਾਣਨ ਵਾਸਤੇ ਇਥੇ ਆਉਂਦੇ । ਮਹਾਰਾਜੇ ਫਰੀਦਕੋਟੀਏ ਨੇ ਉਸ ਦੇ ਨਾਚ ਗਾਣੇ (ਮੁਜਰੇ ) ਤੋਂ ਖੁਸ਼ ਹੋ ਕੇ ਇਸ ਪਿੰਡ ਨੂੰ ਉਸ ਕਲਾਕਾਰ ਦੇ ਹਵਾਲੇ ਕਰਕੇ ਪਿੱਤਲ ਦਾ ਪਟਾ ਕਰ ਦਿੱਤਾ (ਉਸ ਸਮੇਂ ਕਾਗਜ ਨਹੀਂ ਸੀ ਹੁੰਦਾ) ਤੇ ਜੋ ਉਸ ਦੀ ਆਮਦਨ ਦਾ ਸਾਧਨ ਬਣ ਗਿਆ ਤੇ ਉਹ ਪਿੰਡ ਦੀ ਮਾਲਕ ਬਣ ਗਈ । ਪਿੰਡ ਵਾਸੀਆਂ ਤੋਂ ਇਕੱਤਰ ਜਾਣਕਾਰੀ ਤੋਂ ਪਤਾ ਲੱਗਾ ਕਿ ਨਾਲ ਲੱਗਦੇ ਪਿੰਡ ਮੌੜ ਵਿਚੋਂ ਜਾਨੀ ਕੀ ਪੱਤੀ ਦੇ ਕੁਝ ਮਾਨਾਂ ਦੇ ਪਵਿਰਾਰ ਵੀ ਇਸ ਪਿੰਡ ਦੇ ਵਸਨੀਕ ਹੋ ਗਏ ਤੇ ਉਨਾਂ ਵੀ ਆਪਣੇ ਘਰ ਇਥੇ ਬਣਾ ਲਏ ਪਰ ਕੁਝ ਸੂਝਵਾਨ ਲੋਕ ਜੋ ਉਸ ਔਰਤ ਕਲਾਕਾਰ ਦੀ ਵਜਾ ਕਰਕੇ ਇਲਾਕੇ ਵਿੱਚ ਆਪਣੇ ਆਪ ਨੂੰ ਬਦਨਾਮ ਹੋਏ ਸਮਝਨ ਲੱਗੇ ਤਾਂ ਉਨਾਂ ਮਿਲ ਕੇ ਇਸ ਪਿੰਡ ਦੀ ਕੀਮਤ ਦੇ ਕੇ ਉਸ ਔਰਤ ਕਲਾਕਾਰ ਪਾਸੋਂ ਪਟਾ ਤੁੜਵਾ ਕੇ ਆਪਣੇ ਨਾਂ ਕਰਵਾ ਲਿਆ ਤੇ ਰਾਜੇ ਨੂੰ ਹੋਰ ਰਾਸ਼ੀ ਦੇ ਦਿੱਤੀ ਤੇ ਉਸ ਔਰਤ ਨੂੰ ਇਥੋਂ ਅੱਗੇ ਭੇਜ ਦਿੱਤਾ ਤੇ ਪਿੰਡ ਉਪਰ ਮਾਨਾਂ ਤੇ ਬਰਾੜਾਂ ਦਾ ਕਬਜਾ ਹੋਗਿਆ। ਇਲਾਕਾ ਬਰਾਨੀ ਸੀ ਘਣੇ ਜੰਗਲ ਸੀ ਇਸ ਇਲਾਕੇ ਨੂੰ ਵਾਹੀਯੋਗ ਬਣਾਉਣ ਲਈ ਅੰਗਰੇਜ ਸਰਕਾਰ ਨੇ 1849 ਵਿੱਚ ਨਹਿਰੀ ਪਾਣੀ ਲਿਆਉਣ ਲਈ ਸੁਏ ਦਾ ਨਿਰਾਮਣ ਕੀਤਾ ਤੇ ਇਸ ਸੂਏ ਨਾਲ ਪੂਰੇ ਇਲਾਕੇ ਵਿੱਚ ਪਾਣੀ ਪਹੁੰਚਦਿਆਂ ਹੀ ਜਮੀਨ ਵਾਹੀ ਯੋਗ ਹੋ ਗਈ । ਸਮਾਂ ਬੀਤਦਾ ਗਿਆ ਲੋੜ ਅਨੁਸਾਰ ਇਸ ੰਿਪੰਡ ਵਿੱਚ ਜੱਟ ਸਿੱਖ, ਮਜਬੀ ਸਿੱਖ , ਮਹਾਜਨ , ਮੁਸਲਮਾਨ ਤੇ ਰਵੀਦਾਸੀਏ ਸਿੱਖ ਤੇ ਹੋਰ ਕਈ ਜਾਤਾਂ ਤੇ ਮਜਬਾਂ ਦੇ ਲੋਕ ਆ ਕੇ ਵਸੇ। ਬੇੱਸ਼ਕ ਉਸ ਸਮੇਂ ਦੇ ਪੰਜਾਬ ਅੰਦਰ ਅੰਗਰੇਜਾਂ ਦਾ ਰਾਜ ਸੀ ਪਰ ਇਸ ਪਿੰਡ ਉਪਰ ਰਿਆਸਤ ਫਰੀਦਕੋਟ ਦਾ ਰਾਜਾ ਹੀ ਰਾਜ ਕਰਦਾ ਸੀ । ਬਦਕਿਸਮਤੀ ਨਾਲ ਪੰਜਾਬ ਅੰਦਰ ਕਾਲੇ ਦਿਨਾਂ ਨੇ ਦਸਤਕ ਦਿੱਤੀ ਤੇ 1947 ਦਾ ਦੌਰ ਸੁਰੂ ਹੋਇਆ। ਦੇਸ਼ ਦੀ ਵੰਡ, ਲੋਕਾਂ ਦੀ ਬਰਬਾਦੀ ਇਸ ਪਿੰਡ ਦੇ ਹਿੱਸੇ ਵੀ ਆਈ । ਉਸ ਸਮੇਂ ਕਰੀਬ 100 ਘਰਾਂ ਚੋਂ 60 ਘਰ ਮੁਸਲਮਾਨਾਂ ਦੇ ਰੋਂਦੇ ਕੁਰਲਾਊਂਦੇ ਰਾਜੇ ਫਰੀਦਕੋਟੀਏ ਦੀ ਪੁਲਿਸ ਦੀ ਰਹਿਨੂਮਾਈ ਹੇਠ ਇਸ ਰਿਆਸਤ ਦੇ ਰਸਤਿਉਂ ਤਾਂ ਸਹੀ ਸਲਾਮਤ ਗੁਜਰੇ ਪਰ ਰੱਬ ਦੀ ਕਰਨੀ ਅੰਗਰੇਜੀ ਹਕੂਮਤ ਦੀ ਹਦੂਦ ਚ (ਸਰਾਏ ਨਾਗਾ ਦੇ ਕੋਲ) ਜੁਰਮ ਦਾ ਸ਼ਿਕਾਰ ਹੋਕੇ ਇਸ ਦੁਨੀਆਂ ਨੂੰ ਅਲਵਿੱਦਾ ਕਹਿ ਗਏ ਤੇ ਕੁਝ ਗੁਆਂਢੀ ਦੇਸ਼ ਚ ਜਾ ਵਸੇ ਤੇ ਗੁਆਢੌਂ ਆ ਕੇ ਕਈਆਂ ਨੇ ਇਸ ਪਿੰਡ ਵਿੱਚ ਸ਼ਰਨ ਲਈ ਪਰ ਸਮੇਂ ਨੇ ਇਸ ਪਿੰਡ ਚੋਂ ਮੁਸਲਮਾਨ ਬਰਾਦਰੀ ਦਾ ਨਾਸ਼ ਕਰ ਦਿੱਤਾ ਪਰ ਉਨਾਂ ਦੇ ਪੀਰੋ ਮੁਰਸ਼ਦ ਦਾ ਸਥਾਨ ਅੱਜ ਵੀ ਮੌਜੂਦ ਹੈ । 1947 ਤੋਂ ਬਾਅਦ ਲੋਕਤੰਤਰ ਦਾ ਰਾਜ ਆਇਆ ਪਿੰਡ ਦਾ ਪਹਿਲਾ ਸਰਪੰਚ ਬਚਨ ਸਿੰਘ ਤੇ ਫੇਰ ਕਰਮਵਾਰ ਚੰਦ ਸਿੰਘ , ਗੁਰਨਾਮ ਸਿੰਘ , ਬਲਵੀਰ ਸਿੰਘ , ਰਾਮਣ ਸਿੰਘ , ਗੁਰਦੀਪ ਸਿੰਘ , ਗੁਰਮੇਲ ਸਿੰਘ , ਗੁਰਚਰਨ ਸਿੰਘ , ਬਾਬੂ ਸਿੰਘ , ਰਿਖੀ ਸਿੰਘ ਅਤੇ ਹੁਣ ਮੌਜੂਦਾ ਸਬਰਜੀਤ ਸਿੰਘ ਸਰਪੰਚ ਬਣੇ । ਬੇਸ਼ੱਕ ਇਸ ਪਿੰਡ ਵਿੱਚ ਆਮ ਪਿੰਡਾਂ ਵਾਂਗ ਪੱਤੀਆਂ ਨਹੀਂ ਹਨ ਪਰ ਫਿਰ ਵੀ ਝੰਡੇ ਕੇ , ਕੱਲੇ ਕੇ ,ਖੋਖਰਾਂ ਦੇ , ਖਜਾਨੇ ਕੇ, ਤੇ ਕਾਹਨੇ ਕੇ ਆਦਿ ਨਾਂਵਾਂ ਨਾਲ ਪਰਿਵਾਰਾਂ ਨੂੰ ਜਾਣਿਆਂ ਜਾਂਦਾ ਹੈ । 1945 ਵਿੱਚ ਫਰੀਦ ਕੋਟੀਏ ਰਾਜੇ ਨੇ ਸਾਰੇ ਪਿੰਡਾਂ ਦੇ ਨਾਲ ਨਾਲ ਇਸ ਪਿੰਡ ਵਿੱਚ ਵੀ ਇੱਕ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ ਜੋ ਇੱਕ ਛੋਟੀ ਜਿਹੀ ਧਰਮਸ਼ਾਲਾ ਵਿੱਚ ਖੋਲਿਆ ਗਿਆ ਤੇ ਹੁਣ ਮਿੱਡਲ ਹੋ ਕੇ ਵਧੀਆ ਇਮਾਰਤ ਵਿੱਚ ਚਲ ਰਿਹਾ ਹੈ । ਪੁਰਾਣੇ ਸਮੇਂ ਵਿੱਚ ਛੱਪੜ ਦੇ ਕਿਨਾਰੇ ਫਕੀਰ ਦਾ ਮੱਟ ਹੁੰਦਾ ਸੀ ਜਿਸ ਵਿੱਚ ਬੈਠ ਕੇ ਸੰਤ ਫਕੀਰ ਬਾਬਾ ਇੰਦਰ ਦਾਸ ਜੀ ਉਸ ਰੱਬ ਦੀ ਇਬਾਬਤ ਕਰਦੇ ਸਨ ਤੇ ਪਿੰਡ ਵਾਲਿਆਂ ਦੀ ਮਿਹਨਤ ਤੇ ਇਕਾਗਰਤਾ ਕਰਕੇ ਅੱਜ ਉਥੇ ਸ਼ਾਨਦਾਰ ਗੁਰਦਵਾਰਾ ਸਾਹਿਬ ਦੀ ਉਸਾਰੀ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਲੱਖਾਂ ਰੁਪੈ ਦੀ ਲਾਗਤ ਨਾਲ ਦਰਬਾਰ ਹਾਲ, ਲੰਗਰ ਹਾਲ , ਆਦਿ ਬਣਾਏ ਗਏ ਹਨ । ਕਰੀਬ 8 ਸਾਲ ਤੋਂ ਇਸ ਗੁਰਦਵਾਰਾ ਸਾਹਿਬ ਵਿੱਚ ਛਿੰਦਰ ਸਿੰਘ ਪ੍ਰਧਾਨ , ਜਗਸੀਰ ਸਿੰਘ , ਹਰਬੰਸ ਸਿੰਘ , ਹਾਕਮ ਸਿੰਘ ਨੰਬਰਦਾਰ ਤੇ ਨਗਰ ਨਿਵਾਸੀਆਂ ਨੇ ਕਮੇਟੀ ਦੀ ਸੇਵਾ ਨਿਭਾਈ । ਮੌਜੂਦਾ ਸਰਪੰਚ ਸਰਬਜੀਤ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਕਰੀਬ 60 ਲੱਖ ਰੁਪੈ ਦੀਆਂ ਸਰਕਾਰੀ ਗਰਾਟਾਂ ਲੈ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ । ਪਿੰਡ ਵਿੱਚ ਗਲੀਆਂ ਨਾਲੀਆਂ ਦਾ ਵਿਕਾਸ, ਆਰ ਉ ਸਿਸਟਮ , ਪੰਚਾਇਤ ਘਰ ,ਵਾਟਰ ਸਪਲਾਈ , ਸਰਕਾਰੀ ਸਕੂਲ ਦੇ ਨਾਲ ਨਾਲ ਸ਼ਮਸ਼ਾਨ ਘਾਟ ਦਾ ਵੀ ਵਧੀਆ ਢੰਗ ਨਾਲ ਨਿਰਮਾਣ ਕੀਤਾ ਗਿਆ ਹੈ । ਪਿੰਡ ਵੜਦਿਆਂ ਹੀ ਫਿਰਨੀ ਤੇ ਜਨਮ ਤੋਂ ਧਾਰਮਿਕ ਖਿਆਲਾਂ ਦੀ ਬਿਰਤੀ ਰੱਖਣ ਵਾਲੇ ਬਾਬਾ ਕੁਲਦੀਪ ਸਿੰਘ ਬਰਾੜ ਨੇ ਗੁਰਦਵਾਰਾ ਮੰਜੀ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਹੋਇਆ ਹੈ । ਇਸ ਗੁਰਦਵਾਰਾ ਸਾਹਿਬ ਵਿੱਚ ਆਈ ਸੰਗਰਾਂਦ ਤੇ ਮੱਸਿਆ ਪੁੰਨਿਂਆਂ ਦੇ ਨਾਲ ਨਾਲ ਗੁਰੂਆਂ ਦੇ ਜਨਮ ਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ । ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਘਰ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਂਦਾ ਹੈ । ਇਸ ਦੇ ਨਾਲ ਲੱਗਦਾ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਸਥਾਨ ਵੀ ਮੌਜੂਦ ਹੈ ਜਿਥੇ ਲੋਕ ਸ਼ਰਧਾ ਨਾਲ ਆ ਕੇ ਆਪਣੀਆਂ ਮਨੋਕਾਮਨਾ ਦੀ ਪੂਰਤੀ ਕਰਦੇ ਹਨ । ਦੂਰੋਂ ਦੂਰੋਂ ਸੰਗਤਾਂ ਆਕੇ ਇਥੇ ਨਤਮਸਤਕ ਹੁੰਦੀਆਂ ਹਨ । ਪਿੰਡ ਵਿਚੋਂ ਬਹੁਤ ਸਾਰੇ ਲੋਕ ਸਰਕਾਰੀ ਆਹੁੱਦਿਆਂ ਤੇ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ । ਪਿੰਡ ਦੇ ਬਜੁਰਗ ਬਲਵੰਤ ਸਿੰਘ ਮਾਸਟਰ ਆਲ ਇੰਡੀਆਂ ਟੀਚਰਜ ਫਰੰਟ ਦੇ ਪ੍ਰਧਾਨ ਰਹੇ । ਸਤਪਾਲ ਸਿੰਘ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ, ਸ: ਭਾਗ ਸਿੰਘ ਅਤੇ ਸੁਖਮੰਦਰ ਸਿੰਘ ਮੈਂਬਰ ਪੰਚਾਇਤ ਪੀ ਆਰ ਟੀਸੀ ਤੋਂ ਰਿਟਾਇਰ ,ਗੁਰਮੇਲ ਸਿੰਘ ਡੀ ਪੀ ਆਈ ,ਜੀਤ ਸਿੰਘ ਜੇਈ ਬਿਜਲੀ ਬੋਰਡ, ਅੰਗਰੇਜ ਸਿੰਘ,ਨਵਦੀਪ ਸਿੰਘ ਤੇ ਨਵਕਿਰਨ ਸਿੰਘ ਮਾਨ ਪੰਜਾਬ ਪੁਲਿਸ ਜਗਤਾਰ ਸਿੰਘ ਹੋਮ ਗਾਰਡ, ਮੁਖਤਿਆਰ ਸਿੰਘ ਅਤੇ ਆਤਮਾ ਸਿੰਘ ਰਿਟਾ: ਅਧਿਆਪਕ, ਅਤੇ ਸਾਡੇ ਦੇਸ਼ ਦੇ ਬਾਰਡਰਾਂ ਦੀ ਰਾਖੀ ਕਰਨ ਵਾਲੇ ਦੇਸ਼ ਦੇ ਜਵਾਨਾਂ ਦੀ ਸੂਚੀ ਵਿੱਚ ਸਮਸ਼ੇਰ ਸਿੰਘ ਮੇਲੀ ਸਾਬਕਾ ਫੌਜੀ, ਜਰਨੈਲ ਸਿੰਘ ਸੂਬੇਦਾਰ ਮੇਜਰ ਰਿਟਾ:, ਜਰਨੇਲ ਸਿੰਘ ਮਾਨ, ਸਵ: ਚਰਨਜੀਤ ਸਿੰਘ , ਰਣਜੀਤ ਸਿੰਘ, ਭੋਲਾ ਸਿੰਘ ,ਸਵਰਨ ਸਿੰਘ , ਗਗਨਦੀਪ ਸਿੰਘ , ਜੀਤ ਸਿੰਘ , ਨੈਬ ਸਿੰਘ ਸਾਬਕਾ ਫੌਜੀ, ਪ੍ਰੀਤਮ ਸਿੰਘ ਸਾਬਕਾ ਫੌਜੀ, ਜਗਮੇਲ ਸਿੰਘ ਸਾਬਕਾ ਫੌਜੀ ਸਵ: ਪੂਰਨ ਸਿੰਘ ਸਵ: ਗੱਜਣ ਸਿੰਘ ਸ਼ਾਮਲ ਹਨ
ਸ਼ਾਮ ਲਾਲ ਚਾਵਲਾ ਮੀਡੀਆ ਰਿਪੋਰਟਰ