ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣਨ ਦਾ ਮਾਨ ਹਾਸਲ ਕਰ ਰਿਹਾ ਹੈ -ਬਾਲ ਕਲਾਕਾਰ ਪਰਮਿੰਦਰ ਸਿੰਘ (ਸਿਵੀਆਂ )

    ਤਿੰਨ ਸਾਲ ਦੀ ਉਮਰ ਵਿੱਚ ਧਾਰਮਿਕ ਦੀਵਾਨਾਂ ਵਿੱਚ ਜੈਕਾਰੇ ਛੱਡ ਕੇ ਗਾਉਣ ਦਾ ਸ਼ੌਂਕੀ ਬਾਲ ਕਲਾਕਾਰ ਪਰਮਿੰਦਰ ਸਿੰਘ ਅੱਜ ਤੱਕ ਆਪਣੀਆਂ ਤਿੰਨ ਧਾਰਮਿਕ ਕੈਂਸਟਾਂ ਰਿਲੀਜ ਕਰਕੇ ਵੱਖ ਵੱਖ ਸਕੂਲਾਂ , ਗੁਰਦਵਾਰਿਆਂ ਤੇ ਹੋਰ ਧਾਰਮਿਕ ਸਟੇਜਾਂ ਤੇ ਆਪਣੇ ਫਨ ਦਾ ਮੁਜਾਹਰਾ ਕਰਦਾ ਹੋਇਆ ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣਨ ਦਾ ਮਾਨ ਹਾਸਲ ਕਰ ਰਿਹਾ ਹੈ । ਕਰੀਬ 10 ਸਾਲ ਪਹਿਲਾਂ ਫਰੀਦਕੋਟ ਜਿਲੇ ਦੇ ਪਿੰਡ ਸਿਵੀਆਂ ਵਿਖੇ ਮਾਤਾ ਮਨਜੀਤ ਕੌਰ ਦੀ ਕੁਖੋਂ ਪੈਦਾ ਹੋ ਕੇ ਦਰਸ਼ਨ ਸਿੰਘ ਦੇ ਵਿਹੜੇ ਦਾ ਚਿਰਾਗ ਜਿਉਂ ਹੀ ਆਪਣੀ ਸੁਰਤ ਸੰਭਾਲ ਸਕੂਲ ਵਿੱਚ ਦਾਖਲ ਹੁੰਦਿਆਂ ਹੀ ਗਾਉਣ ਦਾ ਸ਼ੌਕੀਨ ਹੋ ਗਿਆ । ਧਾਰਮਿਕ ਬਿਰਤੀ ਰੱਖਣ ਵਾਲੇ ਦਰਸ਼ਨ ਸਿੰਘ ਨਾਲ ਦੀਵਾਨਾਂ ਦੇ ਦਰਸ਼ਨ ਕਰਨ ਲਈ ਜਾਣ ਵਾਲਾ ਬਾਲ ਨੇੜਲੇ ਪਿੰਡ ਦੇ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਆਪਣੀ ਛੇਵੀਂ ਜਮਾਤ ਦੀ ਪੜਾਈ ਤੋਂ ਬਾਅਦ ਧਾਰਮਿਕ ਦੀਵਾਨਾਂ ਨੂੰ ਬੜੀ ਰੁਚੀ ਨਾਲ ਸੁਣਦਾ ਤੇ ਫਿਰ ਆਪ ਗਾਉਂਦਾ ਹੈ। ਸਕੂਲਾਂ, ਕਾਲਜਾਂ ਅਤੇ ਸਭਿਆਚਾਰਕ ਪੇਂਡੂ ਖੇਡ ਮੇਲਿਆਂ ਦੌਰਾਨ ਗਾਉਣ ਵਾਲੇ ਇਸ ਬਾਲ ਗਾਇਕ ਨੇ 7 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਆਪਣੀ ਪਹਿਲੀ ਕੈਸਟ ਇੱਕ ਪਿਆਰ ਦੀ ਲੋਰੀ ਰਿਲੀਜ ਕੀਤੀ ਤੇ ਫਿਰ ਦੂਸਰੀ ਕੈਸਿਟ ਰਿਸ਼ਵਤ ਰਿਲੀਜ ਕੀਤੀ । ਜੋ ਸਰੋਤਿਆਂ ਨੇ ਅਤਿ ਸੁਲਾਹੀ । ਜਿਸ ਨਾਲ ਸਰੋਤਿਆਂ ਵਿੱਚ ਇਸ ਬਾਲ ਕਲਾਕਾਰ ਦੀ ਮੰਗ ਵੱਧਣ ਲੱਗੀ । ਦੂਰਦਰਸ਼ਨ ਜਲੰਧਰ ਦੇ ਡੀ ਡੀ ਪੰਜਾਬੀ ਦੇ ਪ੍ਰੋਗਰਾਮਾਂ ਮੇਲੇ ਮਿੱਤਰਾਂ ਦੇ , ਵਿਰਸਾ ਪੰਜਾਬੀ ਅਤੇ ਮਹਿਫਲ ਮਿੱਤਰਾਂ ਦੀ ਦੌਰਾਨ ਇਸ ਨੇ ਕਈ ਸੂਫੀਆਨਾ ਗੀਤ ਗਾਏ । ਜਿਸ ਨਾਲ ਇਹ ਬਾਲ ਕਲਾਕਾਰ ਪੰਜਾਬੀ ਦੇ ਮਹਾਨ ਕਲਾਕਾਰਾਂ ਦਾ ਵੀ ਚਹੇਤਾ ਬਣ ਗਿਆ । ਇਸ ਬਾਲ ਕਲਾਕਾਰ ਦੀ ਸੁਰੀਲੀ ਗਾਇਕੀ ਕਾਰਨ ਕਈ ਸੰਸਥਾਵਾਂ ਨੇ ਇਸ ਦਾ ਮਾਨ ਸਨਮਾਨ ਵੀ ਕੀਤਾ । ਇਸ ਸੁਰੀਲੇ ਗਾਇਕ ਦਾ ਮੰਨਣਾ ਹੈ ਕਿ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਅਤੇ ਸਭਿਆਚਾਰਕ ਗੀਤ ਹੀ ਗਾਉਣੇ ਪਸੰਦ ਕਰੇਗਾ ਤਾਂ ਜੋ ਸਰੋਤੇ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕਣ । ਬਹੁਤ ਜਲਦੀ ਇਸ ਬਾਲ ਦੀ ਤੀਜੀ ਕੈਸਿਟ ਅਖਾੜਾ ਲਾਈਵ ਮਾਰਕੀਟ ਵਿੱਚ ਸਰੋਤਿਆਂ ਦੇ ਰੂਬਰੂ ਹੋਵੇਗੀ । ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾ ਇਸ ਨੰਨੇ ਕਲਾਕਾਰ ਦੇ ਗਾਣਿਆਂ ਨੂੰ ਯੂ ਟਿਯੂਬ ਰਾਂਹੀ ਸੁਣ ਸਕਦੇ ਹਨ । ਇਹ ਬਾਲ ਕਲਾਕਾਰ ਆਪਣੀ ਇਸ ਕਾਮਯਾਬੀ ਪਿੱਛੇ ਆਪਣੇ ਪਿਤਾ ਨੂੰ ਪ੍ਰੇਰਨਾ ਸਰੋਤ ਮੰਨਦਾ ਹੈ । ਉਸ ਦੀ ਦਿਲੀ ਤਮੰਨਾ ਹੈ ਕਿ ਉਹ ਆਪਣੀ ਜਿੰਦਗੀ ਵਿੱਚ ਇੱਕ ਸਾਫ ਸੁਥਰਾ ਗਾਇਕ ਬਣ ਕੇ ਸਰੋਤਿਆਂ ਦਾ ਪਿਆਰ ਹਾਸਲ ਕਰੇ । ਅਸੀਂ ਦੁਆ ਕਰਦੇ ਹਾਂ ਕਿ ਇਹ ਕਲਾਕਾਰ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਕੇ ਉੱਚੀਆਂ ਬੁਲੰਦੀਆਂ ਨੂੰ ਛੂਹੇ ।                           ਪਰਮਜੀਤ ਨਿੱਕੂ