ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ : ਸ਼ਹੀਦ ਮੁਕੇਸ਼ ਕੁਮਾਰ ਕੋਹਲੀ

      ਸ: ਅਮਰ ਸਿੰਘ ਅਤੇ ਮਾਤਾ ਕ੍ਰਿਸ਼ਨਾ ਦੇਵੀ ਦੇ ਘਰ 3 ਦਸੰਬਰ 1982 ਨੂੰ ਜਨਮੇਂ ਬਾਲ ਦਾ ਮੁਕੇਸ਼ ਸੀ । ਮਹੁੱਲਾ ਰਿਸ਼ੀ ਨਗਰ ਕੋਟਕਪੂਰੇ ਦੇ ਇੱਕ ਸਧਾਰਨ ਪਰਿਵਾਰ ਵਿਚੋਂ ਪਲ ਕੇ ਬੀ ਐਸ ਐਫ ਵਿੱਚ ਸੈਨਿਕ ਦਾ ਅਹੁਦਾ ਸੰਭਾਲ ਲਿਆ । ਸਕੂਲ ਦੀ ਐਨ ਸੀ ਸੀ ਦੀ ਸਿਖਲਾਈ ਅਤੇ ਸੈਨਿਕ ਸਿਖਲਾਈ ਨੇ ਉਸ ਵਿੱਚ ਇਕ ਦ੍ਰਿੜ ਇਰਾਦੇ ਵਾਲਾ ਸੈਨਿਕ ਘੜ ਦਿੱਤਾ ਅਜੇ 20 ਸਾਲ ਪੂਰੇ ਨਹੀਂ ਸਨ ਹੋਏ ਕਿ ਉਸ ਨੂੰ ਬਕਾਇਦਾ ਨਿਯੁਕਤੀ ਮਿਲ ਗਈ ਅਤੇ ਬਾਰਡਰ ਲਾਗੇ ਤਨਦੇਹੀ ਨਾਲ ਡਿਉਟੀ ਕਰਦਾ ਆਪਣੀ 83 ਬਟਾਲੀਅਨ ਨਾਲ ਊੜੀ ਸੈਕਟਰ ਤਥਾ ਤਿਥਵਾਲ ਸੈਕਟਰ ਜਾ ਤਾਇਨਾਤ ਹੋਇਆ । ਦੁਰਘਟਨਾਵਾਂ ਤੇ ਕੁਦਰਤੀ ਆਫਤਾਂ ਨਾਲ ਸਾਥੋਂ ਅਨੇਕਾਂ ਹੀਰੇ ਖੁਸ ਜਾਂਦੇ ਹਨ ਅਤੇ ਮੁਕੇਸ਼ ਵੀ ਇਸੇ ਹੀ ਤਰਾਂ ਸਾਡੀ ਝੋਲੀ ਚੋ ਕਿਰ ਗਿਆ । 2005 ਦੀ 8 ਅਕਤੂਬਰ ਨੂੰ ਪਾਕਿਸਤਾਨ ਦੇ ਸ਼ਹਿਰ ਮੁਜਫਰਾਬਾਦ ਆਏ ਭੁਚਾਲ ਦੇ ਝਟਕੇ ਉਨਾਂ ਪਹਾੜੀਆਂ ਤੇ ਵੀ ਲੱਗੇ ਜਿਥੇ ਮੁਕੇਸ਼ ਆਪਣੇ ਬੰਕਰ ਵਿੱਚ ਡਿਉਟੀ ਤੇ ਸੀ । ਜਦ ਪੱਥਰ ਰੁੜਦੇ ਆਣ ਲੱਗੇ ਤਾਂ ਉਨਾਂ ਆਪਣਾ ਮੋਰਚਾ ਮਲ ਲਿਆ । ਪਰ ਅਗਲੇ ਹੀ ਪਲ ਭੁਚਾਲ ਦੇ ਵੱਡੇ ਝਟਕਿਆਂ ਨੇ ਬੰਕਰ ਤੋੜ ਕੇ ਹੇਠਾਂ ਨੱਪ ਲਿਆ ਜਿਸ ਵਿੱਚ ਸਾਡਾ ਕੌਮੀ ਹੀਰਾ ਵੀ ਦਫਨ ਹੋ ਗਿਆ । ਉਸ ਦੀ ਮ੍ਰਿਤਕ ਦੇਹ ਨੂੰ ਲੱਭ ਕੇ ਕੋਟਕਪੂਰਾ ਲਿਆਦਾਂ ਗਿਆ ਜਿਥੇ ਸੈਨਿਕ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ । ਤੇ ਸਾਰਾ ਸ਼ਹਿਰ ਸੋਗ ਦੀ ਲਹਿਰ ਵਿੱਚ ਡੁੱਬ ਗਿਆ । ਅੱਜ ਸ਼ਹਿਰ ਦੀ ਜਲਾਲੇਆਣਾ ਰੋਡ ਉਪਰ ਉਸ ਦੇ ਘਰ ਵੱਲ ਜਾਂਦੀ ਗਲੀ ਤੇ ਬਣਿਆ ਯਾਦਗਾਰੀ ਗੇਟ , ਪਾਰਕ ,ਸ਼ਹੀਦ ਦਾ ਬੁੱਤ ਉਸ ਦੀ ਯਾਦ ਨੂੰ ਤਾਜਾ ਕਰਦੇ ਹਨ ।