ਸਮਾਜ ਸੇਵੀ ਸਖਸ਼ੀਅਤਾਂ


ਹਰੀਸ਼ ਆਪਣੇ ਬਿਜਨਿਸ ਦੇ ਨਾਲ ਨਾਲ ਸਮਾਜ ਸੇਵਾ ਨੂੰ ਸਮਰਪਿਤ

    ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਤੋਂ ਮੁੱਢਲੀ ਵਿਦਿਆ ਹਾਸਲ ਕਰਕੇ ਸ਼ਹੀਦ ਭਗਤ ਸਿੰਘ ਕਾਲਜ ਵਿਚੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਆਪਣੇ ਪੁਰਖਾਂ ਦੇ ਬਿਜਨਿਸ ਨੂੰ ਸੰਭਾਲਣ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਪੈਰ ਪਸਾਰਨ ਵਾਲੇ ਹਰੀਸ਼ ਮਿੱਤਲ ਦਾ ਜਨਮ 05 ਅਗਸਤ 1967 ਨੂੰ ਅਗਰਵਾਲ ਪਰਿਵਾਰ ਦੇ ਵਿਹੜੇ ਵਿੱਚ ਮਾਤਾ ਸ਼ਕੁੰਤਲਾ ਦੇਵੀ ਦੀ ਕੁਖੋਂ ਸ੍ਰੀ ਪੰਨਾ ਲਾਲ ਮਿੱਤਲ ਜੀ ਦੇ ਵਿਹੜੇ ਵਿੱਚ ਹੋਇਆ । ਖੁਸ਼ੀਆਂ ਖੇੜਿਆਂ ਵਿੱਚ ਹਸਦੇ ਵਸਦੇ ਪਰਿਵਾਰ ਦੀ ਗੋਦ ਦਾ ਨਿੱਘ ਮਾਣ ਕੇ ਹਰੀਸ਼ ਨੇ ਜਵਾਨੀ ਵਿੱਚ ਪੈਰ ਰੱਖਿਆ ਤੇ ਬਹੁਤ ਜਲਦੀ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ । 2001 ਤੋਂ 2006 ਤੱਕ ਦੁਕਾਨਦਾਰੀ ਦੇ ਨਾਲ ਨਾਲ ਉਹ ਆੜਤੀਆ ਐਸੋਸੀਏਸ਼ਨ ਦੇ ਖਜਾਨਚੀ ਬਣੇ ਤੇ ਫਿਰ 08 ਤੋਂ ਹੁਣ ਤੱਕ (2014) ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਖਜਾਨਚੀ ਚਲੇ ਆ ਰਹੇ ਹਨ । ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਦੇ ਬਦਲੇ ਉਨਾਂ ਨੂੰ 2013 ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੀ ਜੁੰਮੇਵਾਰੀ ਮਿਲੀ ਜਿਸ ਨੂੰ ਉਨਾਂ ਨੇ ਤਨਦੇਹੀ ਨਾਲ ਨਿਭਾਇਆ ਤੇ 2015 ਤੱਕ ਪ੍ਰੀਸ਼ਦ ਦੇ ਪ੍ਰਧਾਨ ਹਨ। ਉਨਾਂ ਦੀ ਕਾਰਗੁਜਾਰੀ ਤੋਂ ਖੁਸ਼ ਹੋਕੇ ਆੜਤੀਆ ਐਸੋਸੀਏਸ਼ਨ ਨੇ ਉਨਾਂ ਨੂੰ ਪੰਜਾਬ ਪੱਧਰ ਦਾ ਅਹੁੱਦਾ ਸੌਂਪਦੇ ਹੋਏ ਪੰਜਾਬ ਆੜਤੀਆ ਐਸੋਸੀਏਸ਼ਨ ਦਾ ਜੋਇੰਟ ਸਕੱਤਰ ਨਿਯੁਕਤ ਕੀਤਾ । ਇਸ ਦੇ ਨਾਲ ਨਾਲ ਉਹ ਜਿਲਾ ਭਾਰਤੀਆ ਜਨਤਾ ਪਾਰਟੀ ਦੇ ਖਜਾਨਚੀ ਵੀ ਹਨ । ਇਸ ਸਮੇਂ ਦੌਰਾਨ ਉਹ ਇਮਪਰੂਵਮੈਂਟ ਟਰੱਸਟ ਦੇ ਮੈਂਬਰ ਅਤੇ ਪੰਜਾਬ ਜੰਗਲਾਤ ਵਿਭਾਗ ਮਹਿਕਮੇ ਦੀ ਕਮੇਟੀ ਦੇ ਮੈਂਬਰ ਵੀ ਰਹੇ । ਭਾਰਤ ਵਿਕਾਸ ਪ੍ਰੀਸ਼ਦ ਵਿੱਚ ਉਹ ਪਹਿਲਾਂ ਤੋਂ ਹੀ ਬਤੌਰ ਜੋਇੰਟ ਸਕੱਤਰ , ਸਕੱਤਰ , ਮੀਤ ਪ੍ਰਧਾਨ ਅਤੇ ਖਜਾਨਚੀ ਦੇ ਅਹੁੱਦੇ ਤੇ ਬਿਰਾਜ ਮਾਨ ਹੋਕੇ ਸਮਾਜ ਸੇਵਾ ਕਰ ਚੁੱਕੇ ਹਨ । ਪਰਿਵਾਰਕ ਜਾਣਕਾਰੀ ਤੋਂ ਦੋ ਭਾਈ ਤੇ ਇੱਕ ਭੈਣ ਦੇ ਲਾਡਲੇ ਭਰਾ ਹਰੀਸ਼ ਦੀ ਸ਼ਾਦੀ 29 ਨਵੰਬਰ 1991 ਨੂੰ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਚੈਨਈ (ਮਦਰਾਸ) ਵਿਖੇ ਹੋਈ । ਤੇ ਹੁਣ ਹਰੀਸ਼ ਇੱਕ ਬੇਟੇ ਅਤੇ ਦੋ ਸੁੰਦਰੀ ਬੇਟੀਆਂ ਦਾ ਬਾਪ ਕਹਾਉਣ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ । ਸਮਾਜ ਸੇਵਾ ਨੂੰ ਸਮਰਪਿਤ ਇਸ ਮਨੁੱਖ ਨੂੰ ਕਈ ਸਮਾਜ ਸੇਵੀ ਤੇ ਸਿਆਸੀ ਪਾਰਟੀਆਂ ਵਲੋਂ ਬਹੁਤ ਸਾਰੇ ਸਨਮਾਨ ਹਾਸਲ ਹਨ । ਅੱਜ ਵੀ ਹਰੀਸ਼ ਆਪਣੇ ਬਿਜਨਿਸ ਦੇ ਨਾਲ ਨਾਲ ਸਮਾਜ ਸੇਵਾ ਨੂੰ ਸਮਰਪਿਤ ਹੈ ।


ਛੋਟੀ ਉਮਰੇ ਹੀ ਸਮਾਜ ਸੇਵਾ ਨੂੰ ਸਮਰਪਿਤ ਹੋ ਚੁੱਕਾ ਮਨਤਾਰ ਮੱਕੜ

ਚਮਕਦੇ ਸਿਤਾਰਿਆਂ ਦੀ ਦੁਨੀਆਂ ਵਿੱਚ ਇੱਕ ਹੋਰ ਮੋਤੀ ਜੋੜਦਿਆਂ ਗੱਲ ਕਰਨ ਲੱਗੇ ਹਾਂ ਮੱਕੜ ਪਰਿਵਾਰ ਦੇ ਮਗ•ਦੇ ਚਿਰਾਗ ਤੇ ਪਿਤਾ ਕੁਲਵੰਤ ਸਿੰਘ ਦੇ ਵਿਹੜੇ ਦੀ ਬਗੀਚੀ ਵਿੱਚ ਮਾਤਾ ਗੁਰਿੰਦਰ ਕੌਰ ਦੀ ਕੁਖੋਂ ਖਿੜ•ੇ ਫੁੱਲ ਮਨਤਾਰ ਸਿੰਘ ਮੱਕੜ ਦੀ । ਜਿਸਨੇ ਛੋਟੀ ਉਮਰ ਵਿੱਚ ਹੀ ਵੱਡੀਆਂ ਪੁਲਾਗਾਂ ਪੁੱਟ ਕੇ ਆਪਣੇ ਮਾਂ ਬਾਪ ਹੀ ਨਹੀਂ ਸਗੋਂ ਕੋਟਕਪੂਰੇ ਸ਼ਹਿਰ ਦਾ ਨਾਂ ਵੀ ਰੋਸ਼ਨ ਕੀਤਾ । ਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਨੂੰ ਉਸ ਪਾਸੋਂ ਬਹੁਤ ਸਾਰੀਆਂ ਉਮੀਦਾਂ ਹਨ । ਐਸ ਬੀ ਐਸ ਸਰਕਾਰੀ ਕਾਲਜ ਤੋਂ ਬੀ ਏ ਦੀ ਪੜ•ਾਈ ਕਰਨ ਵਾਲਾ ਮਨਤਾਰ ਮੁੱਢ ਤੋਂ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤੱਤਪਰ ਰਹਿੰਦਾ ਸੀ ਤੇ ਸਕੂਲ ਵਿੱਚ ਹੋਣ ਵਾਲੇ ਵੱਖ ਵੱਖ ਸਮਾਗਮਾਂ ਦੀ ਸ਼ਾਨ ਬਣਦਾ ਸੀ । ਆਪਣੇ ਮਿੱਠ ਬੋਲੜੇ ਸੁਭਾ ਕਰਕੇ ਉਸ ਨੇ ਬਹੁਤ ਛੋਟੀ ਉਮਰ ਵਿੱਚ ਕਈ ਰਾਜਨੀਤਕ , ਸਮਾਜਿਕ ਅਤੇ ਧਾਰਮਿਕ ਨੇਤਾਵਾਂ ਨਾਲ ਸੰਪਰਕ ਸਾਧਿਆ । ਤੇ ਉਨਾਂ ਲਈ ਹਰਮਨ ਪਿਆਰਾ ਹੋ ਗਿਆ । ਸ਼ਹਿਰ ਵਿੱਚ ਰੈਡੀਮੇਡ ਦਾ ਬਿਜਨਿਸ ਕਰਨ ਵਾਲਾ ਮਨਤਾਰ ਆਪਣੇ ਭਾਈਚਾਰੇ ਨੂੰ ਇਕੱਤਰ ਰੱਖਣ ਦਾ ਇੱਕ ਸਫਲ ਵਿਅਕਤੀ ਬਣ ਕੇ ਸਾਹਮਣੇ ਆਇਆ ਤੇ ਉਸ ਨੇ ਕੋਟਕਪੂਰਾ ਵਿੱਚ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦਾ ਗਠਨ ਕਰਕੇ ਇਸ ਨੂੰ ਪੰਜਾਬ ਪੱਧਰ ਤੇ ਪਸਾਰਨ ਦਾ ਉਪਰਾਲਾ ਕੀਤਾ ਜੋ ਲਗਭਗ ਕਾਮਯਾਬੀ ਦੇ ਬਿਲਕੁਲ ਨਜਦੀਕ ਹੈ । ਸਮਾਜ ਵਿੱਚ ਲੋਕਾਂ ਦੇ ਦੁਖਾਂ ਦਾ ਸਾਥੀ ਮਨਤਾਰ 5 ਵੀਂ ਵਾਰ ਸਰਬਸੰਮਤੀ ਨਾਲ ਰੈਡੀ ਮੇਡ ਐਸੋਸੀਏਸ਼ਨ ਦਾ ਪ੍ਰਧਾਨ , ਚੈਂਬਰ ਆਫ ਕਾਮਰਸ ਦਾ ਜਨਰਲ ਸਕੱਤਰ , ਸ੍ਰੋਮਣੀ ਅਕਾਲੀ ਦਲ ਬਾਦਲ ਵਪਾਰ ਮੰਡਲ ਦਾ ਪ੍ਰਧਾਨ , ਹਿਉਮਨ ਰਾਈਟਸ ਅਵੇਅਰ ਨੈਸ ਐਸੋਸੀਏਸ਼ਨ ਦਾ ਪੰਜਾਬ ਮੀਤ ਪ੍ਰਧਾਨ ਤੇ ਭਾਰਤ ਵਿਕਾਸ ਪ੍ਰੀਸ਼ਦ ਦਾ ਮੈਂਬਰ ਬਣ ਗਿਆ ਮਨਤਾਰ ਦਾ ਮੰਨਣਾ ਹੈ ਕਿ ਸਮਾਜ ਸੇਵਾ ਦੀ ਗੁੜਤੀ ਉਸ ਨੂੰ ਵਿਰਾਸਤ ਵਿੱਚ ਮਿਲੀ ਹੈ ਕਿਉਂਕਿ ਉਨਾਂ ਦੇ ਦਾਦਾ ਸ: ਹਰਨਾਮ ਸਿੰਘ ਮੱਕੜ ਇੱਕ ਵਧੀਆ ਇਨਸਾਨ ਤੇ ਸਮਾਜਸੇਵਕ ਹਨ । ਅੱਜ ਛੋਟੀ ਉਮਰ ਵਿੱਚ ਮਨਤਾਰ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਪੋਲਿਉ ਕੈਂਪਾਂ ਵਿੱਚ ਸਮੂਹਲੀਅਤ , ਨਿਰੋਗ ਬਾਲ ਆਸ਼ਰਮ ਦੇ ਬੱਚਿਆਂ ਦੀ ਭਲਾਈ ਲਈ ਯੋਗਦਾਨ , ਗਰੀਬ ਲੜਕੀਆਂ ਦੀਆਂ ਸ਼ਾਦੀਆਂ , ਗਰੀਬ ਤੇ ਹੁਸ਼ਿਆਰ ਬੱਚਿਆਂ ਦੀ ਪੜ•ਾਈ ਲਈ ਯੋਗਦਾਨ ਤੋਂ ਇਲਾਵਾ ਅਨੇਕਾਂ ਵਾਰ ਖੂਨਦਾਨ ਵੀ ਕੀਤਾ । ਸਾਡੇ ਸਮਾਜ ਵਿਚੋਂ ਨਸ਼ਿਆਂ ਵਰਗੇ ਛੇਵੇਂ ਦਰਿਆ ਦਾ ਖਾਤਮਾ ਲੋਚਦਾ ਹੈ ਮਨਤਾਰ ਸਿੰਘ ਮੱਕੜ ।


ਕਾਰਜ ਸਾਧਕ ਅਫਸਰ ਰਛਪਾਲ ਸਿੰਘ ਭੁੱਲਰ

    ਬਠਿੰਡਾ ਜਿਲੇ ਦੇ ਪਿੰਡ ਕੋਟੜਕੌੜਾ ਵਿਖੇ 1958 ਵਿੱਚ ਕਾਮਰੇਡ ਜੁਗਰਾਜ ਸਿੰਘ ਦੇ ਵਿਹੜੇ ਵਿੱਚ ਜਨਮੇਂ ਰਛਪਾਲ ਸਿੰਘ ਭੁੱਲਰ ਨੇ ਆਪਣਾ ਬਚਪਨ ਮੁੱਢਲੀ ਵਿੱਦਿਆ, ਪਿੰਡ ਤੋਂ ਸੁਰੂ ਕਰਦਿਆਂ ਤੇ ਪ੍ਰਾਇਮਰੀ ਤੱਕ ਫਾਜਿਲਕਾ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਦਿਆਂ ਗੁਜਾਰਿਆ , ਸਰਕਾਰੀ ਬਲਵੀਰ ਸਕੂਲ ਫਰੀਦਕੋਟ ਤੋਂ ਦਸਵੀਂ ਜਮਾਤ ਪਾਸ ਕਰਕੇ ਬ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਬੀ ਏ ਪ੍ਰਾਈਵੇਟ ਤੌਰ ਤੇ ਕੀਤੀ । 1977 ਵਿੱਚ ਨਗਰ ਕੌਂਸਲ ਕੋਟਕਪੂਰਾ ਵਿਖੇ ਬਤੌਰ ਕਲਰਕ ਭਰਤੀ ਹੋਏ ਤੇ ਆਪਣਾ ਰੈਣ ਬਸੇਰਾ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਵਿੱਚ ਬਣਾ ਲਿਆ । ਪੰਜਾਬ ਸਰਕਾਰ ਦੀਆਂ ਤਰੱਕੀਆਂ ਚੋਂ 1993 ਵਿੱਚ ਅਕਾਉਂਟੈਂਟ ਬਣੇ ਤੇ ਫਿਰ ਲੇਖਾਕਾਰ ਗਰੇਡ-1 ਚੋਂ ਪ੍ਰਵੇਸ਼ ਕਰ ਗਏ । ਤਰੱਕੀ ਦੀਆਂ ਬਰੂਹਾਂ ਤੇ ਪਹੁੰਚ ਕੇ ਅੱਜ ਕੱਲ ਕਾਰਜ ਸਾਧਕ ਅਫਸਰ ਦੀ ਪਦਵੀ ਤੇ ਬੈਠ ਕੇ ਕੋਟਕਪੂਰਾ ਫਰੀਦਕੋਟ ਤੇ ਮੁੱਦਕੀ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ । ਜੋ ਸ਼ਹਿਰ ਵਾਸਤੇ ਮਾਣ ਵਾਲੀ ਗੱਲ ਹੈ।

ਸਮਾਜ ਸੇਵਾ ਨੂੰ ਹੀ ਸਮਰਪਿਤ ਹੈ ਰਾੰਜੰਦਰ ਕਾਨੂੰਗੋ

ਸਮਾਜ ਸੇਵਾ ਦਾ ਜਜਬਾ ਜਿਸ ਦੇ ਰੋਮ ਰੋਮ ਵਿੱਚ ਭਰਿਆ ਹੋਵੇ ਉਹ ਜਿਥੇ ਮਰਜੀ ਹੋਵੇ ਉਸ ਦੀ ਭਾਵਨਾ ਆਪਣੇ ਖੇਤਰ ਵਿੱਚ ਜੁੜੀ ਰਹਿੰਦੀ ਹੈ ਇਹੋ ਜਿਹੀ ਹੀ ਪ੍ਰਕਿਰਤੀ ਦਾ ਮਾਲਕ ਹੈ ਰਾਜਿੰਦਰ ਸਿੰਘ ਸਰਾਂ । ਇਹ ਕੌਣ ਨਹੀਂ ਜਾਣਦਾ ਕਿ ਉਨਾਂ ਆਪਣੀ ਸਰਕਾਰੀ ਨੋਕਰੀ ਹੁੰਦੇ ਹੋਏ ਵੀ ਆਪਣੇ ਆਪ ਨੂੰ ਸਮਾਜ ਸੇਵਾ ਲਈ ਅਰਪਣ ਕੀਤਾ ਹੋਇਆ ਹੈ । ਫਰੀਦਕੋਟ ਜਿਲੇ ਦੇ ਪਿੰਡ ਵਾਂਦਰ ਜਟਾਣਾ ਵਿਖੇ ਪਿਤਾ ਗੁਰਦੀਪ ਸਿੰਘ ਦੇ ਘਰ ਅਤੇ ਮਾਤਾ ਭਗਵਾਨ ਕੌਰ ਦੀ ਕੁਖੋਂ ਪੈਦਾ ਹੋਏ ਰਾਜਿੰਦਰ ਸਿੰਘ ਨੇ ਆਪਣੀ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਉੱਚ ਵਿਦਿਆ ਪ੍ਰਾਪਤ ਕਰਕੇ ਉਹ 1986 ਵਿੱਚ ਮਾਲ ਮਹਿਕਮੇ ਵਿੱਚ ਬਤੌਰ ਪਟਵਾਰੀ ਭਰਤੀ ਹੋਏ । ਤੇ ਕੋਟਕਪੂਰਾ ਵਿਖੇ ਆ ਕੇ ਅਨੰਦ ਨਗਰ ਵਿਖੇ ਆਪਣਾ ਰੈਣ ਬਸੇਰਾ ਬਣਾ ਲਿਆ । ਸਮਾਜ ਸੇਵਾ ਦੇ ਜਜਬੇ ਨੇ ਸੁਰੂ ਤੋਂ ਹੀ ਉਨਾਂ ਨੂੰ ਅਗਾਹ ਵਧੂ ਸੋਚ ਦੇ ਧਨੀ ਬਣਾਇਆ । ਮਹਿਕਮੇ ਦੇ ਕਰਮਚਾਰੀਆਂ ਨਾਲ ਮਿਲ ਕੇ ਉਹ ਜਥੇਬੰਦੀਆਂ ਦੇ ਨੁਮਾਇੰਦੇ ਬਣੇ ਉਹ ਰੈਵੀਨਿਊ ਪਟਵਾਰ ਯੂਨੀਅਨ ਦੇ ਜਿਲਾ ਜਨਰਲ ਸਕੱਤਰ ,ਪੰਜਾਬ ਦੇ ਜੋਇੰਟ ਸਕੱਤਰ , ਮੀਤ ਪ੍ਰਧਾਨ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਅਹੁਦੇ ਤੇ ਰਹਿ ਕੇ ਜਥੇਬੰਦੀ ਦੀ ਸੇਵਾ ਕਰਦੇ ਰਹੇ । 2001 ਵਿੱਚ ਕੋਟਕਪੂਰਾ ਵਿਖੇ ਸਥਾਪਤ ਕੀਤੀ ਗਈ ਨਿਸ਼ਕਾਮ ਸੇਵਾ ਸੰਮਤੀ ਦੇ ਸੰਸਥਾਪਕ ਮੈਂਬਰਾਂ ਵਿੱਚ ਵੀ ਇਨਾਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਤੇ ਹੁਣ ਤੱਕ ਲੰਬੇ ਸਮੇਂ ਹਰ ਮਹੀਨੇ ਗਰੀਬ ਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਦਾ ਕਾਰਜ ਬੜੀ ਲਗਨ ਨਾਲ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਬਣੇ ਹੋਏ ਹਨ । ਲਾਇਨਜ ਕਲੱਬ ਕੋਟਕਪੂਰਾ ਵਿਸਵਾਸ਼ ਦੇ ਜਨਰਲ ਸਕੱਤਰ , ਭਾਰਤ ਵਿਕਾਸ ਪ੍ਰੀਸ਼ਦ ਦੇ ਸਰਗਰਮ ਮੈਂਬਰ , ਬਾਬਾ ਫਰੀਦ ਕੁਸ਼ਤੀ ਕਲੱਬ ਦੇ ਪੈਟਰਨ, ਸਮੂਹਿਕ ਸ਼ਾਦੀਆਂ ਸਮਾਰੋਹ ਦੇ ਸਹਿਯੋਗੀ , 12 ਵਾਰ ਬਲੱਡ ਦਾਨ ਕਰਨ ਵਾਲੇ , ਅਤੇ ਆਪਣੇ ਪਿਤਾ ਦੀ ਯਾਦ ਵਿੱਚ ਸਰਕਾਰੀ ਸਕੂਲਾਂ ਦੇ ਗਰੀਬ ਤੇ ਹੁਸ਼ਿਆਰ ਬੱਚਿਆਂ ਨੂੰ ਵਜੀਫਾ ਦੇਣ ਵਾਲੇ ਰਾਜਿੰਦਰ ਸਿੰਘ ਸਰਾਂ ਅੱਜ ਕਲ ਫਰੀਦਕੋਟ ਦੇ ਮਾਲ ਮਹਿਕਮੇ ਵਿੱਚ ਕਾਨੂੰਗੋ ਦੀ ਡਿਉਟੀ ਤੇ ਸੇਵਾ ਨਿਭਾ ਰਹੇ ਹਨ ।

ਸਮਾਜ ਸੇਵਾ ਦੇ ਖੇਤਰ ਵਿੱਚ ਨੈਸ਼ਨਲ ਅਵਾਰਡੀ ਉਦੈ ਰੰਦੇਵ

ਸਮਾਜ ਸੇਵਾ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੇ ਸਿਤਾਰਿਆਂ ਦੀ ਕਿਤੇ ਵੀ ਕਮੀ ਨਹੀਂ ਹੁੰਦੀ ਸਿਰਫ ਪਛਾਨਣ ਵਾਲੀ ਅੱਖ ਹੀ ਚਾਹੀਦੀ ਹੁੰਦੀ ਹੈ । ਕਈ ਸਖਸ਼ੀਅਤਾਂ ਆਪਣੀ ਕਾਰਗੁਜਾਰੀ ਕਰਕੇ ਅੱਖਾਂ ਵਿਚੋਂ ਨਹੀਂ ਬਲਕਿ ਦਿਲਾਂ ਚੋਂ ਪ੍ਰਗਟ ਹੁੰਦੀਆਂ ਹਨ ਜਿਨਾਂ ਵਿੱਚੋਂ ਇੱਕ ਹੈ ਉਦੇ ਰੰਦੇਵ । ਜਿਸ ਨੇ ਪਿਛਲੇ ਬਾਰਾਂ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਿਆ , ਦੇਸ਼ ਦੇ ਅਮਰ ਸ਼ਹੀਦ ਸ: ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਬਹੁਤ ਸਾਰੇ ਪ੍ਰੋਗਰਾਮ ਕਰਵਾਏ ,ਲੋਕਾਂ ਵਿੱਚ ਜਾਗ੍ਰਤੀ ਲਿਆਉਣ ਖਾਤਰ 200 ਤੋਂ ਵੱਧ ਅਵੇਅਰਨੈਸ ਕੈਂਪ ਲਗਵਾਏ , ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ , ਨਸ਼ਿਆਂ ਖਿਲਾਫ ਸੈਮੀਨਾਰ ਕਰਵਾਏ , ਕਈਆਂ ਨੂੰ ਨਸ਼ਾ ਮੁਕਤ ਕਰਵਾ ਕੇ ਸਵੈ ਰੁਜਗਾਰੀ ਬਣਾਇਆ , 60 ਵਾਰ ਤੋਂ ਵੱਧ ਖੂਨ ਦਾਨ ਕੀਤਾ, ਅਤੇ ਆਪਣਾ ਸਰੀਰ ਮਨੁੱਖਤਾ ਦੇ ਭਲੇ ਲਈ ਮੈਡੀਕਲ ਕਾਲਜ ਨੂੰ ਖੋਜ ਲਈ ਦਾਨ ਕਰਨ ਦਾ ਵਾਧਾ ਕਰਨ ਵਾਲੇ ਇਸ ਸਮਾਜਸੇਵੀ ਨੂੰ ਭਾਰਤ ਸਰਕਾਰ ਨੇ ਨੈਸ਼ਨਲ ਅਵਾਰਡ ਦੇ ਕੇ ਸਨਮਾਨਿਤ ਕੀਤਾ । ਜੋ ਅੱਜ ਕੱਲ• ਕੋਟਕਪੂਰੇ ਦੇ ਨਵੇਂ ਬੱਸ ਅੱਡੇ ਦੇ ਸਾਹਮਣੇ ਰੰਦੇਵ ਮੈਡੀਕਲ ਏਜੰਸੀ ਚਲਾ ਰਿਹਾ ਹੈ । ਪੰਜਾਬ ਜਾਗਰਣ ਮੰਚ ਦੇ ਪੰਜਾਬ ਪ੍ਰਧਾਨ ਉਦੇ ਰੰਦੇਵ ਤੇ ਉਸਦੀ ਟੀਮ ਦੇ ਯਤਨਾਂ ਸਦਕਾ ਮੁਫਤ ਐਂਬੂਲੈਂਸ ਸੇਵਾ ਵੀ ਚਲ ਰਹੀ ਹੈ ।

ਬੋਲਾਂ ਅਤੇ ਸ਼ਬਦਾਂ ਦਾ ਧਨੀ-ਪ੍ਰੋਫ਼ੈਸਰ (ਡਾ.) ਪਰਮਿੰਦਰ ਸਿੰਘ ਤੱਗੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਨੀਵਰਸਿਟੀ ਕਾਲਜ ਜੈਤੋ ਵਿਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਪ੍ਰੋਫ਼ੈਸਰ (ਡਾ.) ਪਰਮਿੰਦਰ ਸਿੰਘ ਤੱਗੜ ਦਾ ਅਕਾਦਮਿਕ ਸਫ਼ਰ ਉਸ ਵਰਗੇ ਅਨੇਕਾਂ ਜ਼ਹੀਨ ਲੋਕਾਂ ਲਈ ਲਟ-ਲਟ ਬਲ਼ਦੀ ਮਸ਼ਾਲ ਹੈ। ਇਸ ਨੇ ਕੋਟਕਪੂਰੇ ਦੇ ਸ਼ਹੀਦ ਭਗਤ ਸਿੰਘ ਮਿਊਂਸਪਲ ਕਾਲਜ ਤੋਂ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸ਼ਾਮਲ ਹੋ ਕੇ ਗ੍ਰੈਜੂਏਸ਼ਨ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਤੋਂ ਜੁਗਰਾਫ਼ੀਏ ਦੀ ਐਮ.ਐਸਸੀ. ਤੇ ਪੰਜਾਬੀ ਦੀ ਐਮ.ਏ. ਪੰਜਾਬੀ ਯੂਨੀਵਰਸਿਟੀ 'ਚੋਂ ਦੂਜੇ ਸਥਾਨ 'ਤੇ ਰਹਿ ਕੇ ਪਾਸ ਕੀਤੀ। ਉਪਰੰਤ ਸੋਨ-ਤਗ਼ਮੇ ਨਾਲ ਐਮ.ਫ਼ਿਲ. ਅਤੇ ਫ਼ਿਰ ਖੋਜ ਕਾਰਜ ਦੀ ਉੱਚ ਉਪਾਧੀ ਪੀਐਚ.ਡੀ. ਦੀ ਡਿਗਰੀ ਹਾਸਲ ਕੀਤੀ। ਵਿਦਿਆਰਥੀ ਹੁੰਦਿਆਂ ਆਪਣੇ ਕਾਲਜ ਮੈਗ਼ਜ਼ੀਨ 'ਕੁਕਨੁਸ' ਦਾ ਇਹ ਲਗਾਤਾਰ ਤਿੰਨ ਸਾਲ ਸੰਪਾਦਕ ਰਿਹਾ। ਕਲਮ ਅਤੇ ਮੰਚ ਦਾ ਧਨੀ ਪਰਮਿੰਦਰ ਸਿੰਘ ਤੱਗੜ 2004 ਤੋਂ 2007 ਤੱਕ ਸਾਹਿਤ ਸਭਾ ਕੋਟਕਪੂਰਾ (ਰਜਿ:) ਦਾ ਪ੍ਰਧਾਨ ਰਹਿ ਚੁੱਕਾ ਹੈ। ਸੰਸਾਰ-ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੇ ਸਫ਼ਲ ਮੰਚ-ਸੰਚਾਲਨ ਦੇ ਨਾਲ-ਨਾਲ ਅਕਾਦਮਿਕ ਅਤੇ ਸਮਾਜਕ ਸਮਾਗਮਾਂ ਦੇ ਸਫ਼ਲ ਸੰਚਾਲਨ ਉਸ ਦੀਆਂ ਮਹਾਨਤਮ ਪ੍ਰਾਪਤੀਆਂ 'ਚ ਸ਼ਾਮਲ ਹਨ। ਇਸਦੇ ਨਾਲ ਹੀ ਇਸ ਦੀਆਂ ਅਣਗਿਣਤ ਸਹਿ-ਵਿਦਿਅਕ ਸਰਗਰਮੀਆਂ ਆਪਣੀ ਮਿਸਾਲ ਆਪ ਹਨ। ਹੋਰ ਸਮਾਜਿਕ ਕਾਰਜਾਂ ਦੇ ਨਾਲ-ਨਾਲ ਖ਼ੂਨਦਾਨ ਦੇ ਖੇਤਰ ਵਿਚ 25 ਵਾਰ ਖ਼ੂਨਦਾਨ ਕਰਕੇ ਯੋਗਦਾਨ ਪਾ ਚੁੱਕਾ ਹੈ। ਉਚ ਵਿਦਿਆ ਖੇਤਰ ਅਤੇ ਖ਼ੂਨਦਾਨ ਖੇਤਰ ਵਿਚ ਪਾਏ ਜਾ ਰਹੇ ਸ਼ਲਾਘਾਯੋਗ ਯੋਗਦਾਨ ਲਈ ਉਪ ਮੰਡਲ ਪ੍ਰਸ਼ਾਸਨ ਜੈਤੋ ਵੱਲੋਂ 15 ਅਗਸਤ 2007 ਸੁਤੰਤਰਤਾ ਦਿਹਾੜੇ 'ਤੇ ਅਤੇ ਉਪ ਮੰਡਲ ਪ੍ਰਸ਼ਾਸਨ ਕੋਟਕਪੂਰਾ ਵੱਲੋਂ 26 ਜਨਵਰੀ 2013 ਗਣਤੰਤਰਤਾ ਦਿਹਾੜੇ 'ਤੇ ਸਨਮਾਨਤ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਦੀਆਂ ਲੋੜਾਂ ਅਤੇ ਹੱਕਾਂ ਪ੍ਰਤੀ ਬੇਬਾਕ ਹੋ ਕੇ ਉਨਾ ਦੇ ਪੱਖ ਵਿਚ ਖੜਨਾ ਇਸ ਦੇ ਸੁਭਾਅ ਦੀ ਖ਼ਾਸੀਅਤ ਹੈ। ਵਿਦਿਆਰਥੀਆਂ ਦੇ ਹਰਮਨਪਿਆਰੇ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ 'ਤੇ ਇਲਾਕੇ ਦੇ ਲੋਕਾਂ ਨੂੰ ਬਹੁਤ ਮਾਣ ਹੈ।