ਬਾਸਕਿਟਬਾਲ ਨੂੰ ਸਮਰਪਿਤ ਸਖਸ਼ੀਅਤ : ਕੋਚ ਸਤਵਿੰਦਰ ਸਿੰਘ ਸੰਧੂ

     ਸੈਂਕੜੇ ਖਿਡਾਰੀ ਅਤੇ ਖਿਡਾਰਨਾਂ ਨੂੰ ਸਿਖਲਾਈ ਦੇ ਕੇ ਅੰਤਰਵਰਸਿਟੀ ਅਤੇ ਨੈਸ਼ਨਲ ਤੱਕ ਦੇ ਖਿਡਾਰੀ ਪੈਦਾ ਕਰਕੇ ਉਨਾਂ ਦੇ ਇੰਟਰ ਨੈਸ਼ਨਲ ਤੱਕ ਪਹੁੰਚਣ ਦੇ ਸਫਰ ਵਿੱਚ ਸਹਾਈ ਹੋਏ ਅਤੇ ਆਪ ਖੁਦ ਅਮਰੀਕਾ ਵਿਖੇ ਐਨ ਬੀ ਏ (ਨੈਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ ਆਫ ਅਮਰੀਕਾ ) ਦੇ ਟੂਰਨਾਂ ਮੈਂਟਾਂ ਵਿੱਚ ਬਤੌਰ ਮਹਿਮਾਨ ਕੋਚ ਸ਼ਿਰਕਤ ਕਰਨ ਵਾਲੇ ਜਿਲ•ਾ ਫਰੀਦਕੋਟ ਦੇ ਬਾਸਕਿਟਬਾਲ ਕੋਚ ਸ: ਸਤਵਿੰਦਰ ਸਿੰਘ ਸੰਧੂ ਹੁਰਾਂ ਦੇ ਬਾਰੇ ਕੌਣ ਨਹੀਂ ਜਾਣਦਾ । ਆਉ ਫਿਰ ਵੀ ਉਨਾਂ ਦੀ ਜੀਵਨ ਸ਼ੈਲੀ ਤੇ ਨਜਰ ਮਾਰਦੇ ਹੋਏ ਉਨਾਂ ਦੇ ਖੇਡਾਂ ਪ੍ਰਤੀ ਪਾਏ ਯੋਗਦਾਨ ਦਾ ਜਾਇਜਾ ਲਈਏ । 17 ਅਕਤੂਬਰ 1955 ਵਿੱਚ ਕੋਟਕਪੂਰੇ ਦੇ ਨਿਰਮਾਣ ਪੁਰੇ ਮਹੁੱਲੇ ਵਿੱਚ ਸੰਧੂ ਖਾਨਦਾਨ ਦੇ ਸ: ਰਣਜੀਤ ਸਿੰਘ ਦੇ ਘਰ ਦਾ ਚਿਰਾਗ , ਜਿਸ ਨੇ ਆਪਣੇ ਬਚਪਨ ਦੇ ਦਿਨ ਕੋਟਕਪੂਰੇ ਦੀਆਂ ਗਲੀਆਂ ਅਤੇ ਮਾਂ ਬਾਪ ਦੇ ਚਾਵਾਂ ਲਾਡਾਂ ਵਿੱਚ ਗੁਜਾਰੇ ਤੇ ਆਪਣੀ ਮੁੱਢਲੀ ਵਿਦਿਆ ਦੇ ਨਾਲ ਨਾਲ ਖੇਡਾਂ ਦੀ ਗੁੜਤੀ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ (ਲੜਕੇ ) ਤੋਂ ਪ੍ਰਾਪਤ ਕੀਤੀ । ਖੇਡਾਂ ਦੇ ਸਫਰ ਵਿੱਚ ਬਾਸਕਿਟਬਾਲ, ਹੈਂਡਬਾਲ ਅਤੇ ਨੈਟਬਾਲ ਦੀਆਂ ਮੰਜਿਲਾਂ ਨੂੰ ਤਹਿ ਕਰਦਾ ਹੋਇਆ ਸੱਤੀ ਆਲ ਇੰਡੀਆ ਅੰਤਰ ਯੁਨੀਵਰਸਿਟੀ ਅਤੇ ਨੈਸ਼ਨਲ ਦੇ ਟੁਰਨਾਂਮੈਂਟਾ ਵਿੱਚ ਖੇਡਿਆ ਤੇ ਸ਼ਹਿਰ ਦੇ ਨਾਲ ਨਾਲ ਦੇਸ਼ ਅਤੇ ਸੂਬੇ ਦਾ ਨਾਂ ਵੀ ਰੋਸ਼ਨ ਕੀਤਾ । ਖੇਡਾਂ ਦੇ ਬੇਸ ਤੇ ਹੀ ਅਕਤੂਬਰ 1979 ਵਿੱਚ ਜਲੰਧਰ ਤੋਂ ਸਟੇਟ ਸਕੂਲ ਆਫ ਸਪੋਰਟਸ ਤੌਂ ਆਪਣੀ ਨੌਕਰੀ ਸੁਰੂ ਕੀਤੀ ਤੇ ਰਹਿੰਦੇ ਸਮੇਂ ਦੌਰਾਨ ਉਨਾਂ ਸਪੋਰਟਸ ਸਕੂਲ ਜਲੰਧਰ , ਰਾਜ ਸਕੂਲ ਸੰਗਰੂਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦਿਵਾਨਾ ਬਠਿੰਡਾ , ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਨਾਲ ਨਾਲ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ , ਵਿਖੇ ਖੇਡ ਵਿਭਾਗ ਪੰਜਾਬ ਵੱਲੋਂ ਕੀਤੀ ਨਿਯੁਕਤੀ ਤੋਂ ਬਾਅਦ ਸੈਂਕੜੇ ਬੱਚਿਆਂ ਨੂੰ ਖੇਡਾਂ ਦੀ ਪ੍ਰੇਰਨਾ ਦੇਕੇ ਅੰਤਰ ਵਰਸਿਟੀ ਅਤੇ ਨੈਸ਼ਨਲ ਤੱਕ ਦੇ ਖਿਡਾਰੀ ਬਣਾਉਣ ਦਾ ਮਾਨ ਪ੍ਰਾਪਤ ਕੀਤਾ । ਸੈਂਕੜੇ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਆਸ ਕਰਦੇ ਅਤੇ ਉਨਾਂ ਦੀਆਂ ਦਵਾਵਾਂ ਕਬੂਲਦੇ ਹੋਏ ਮਿਤੀ 31 ਅਕਤੂਬਰ 2013 ਨੂੰ ਖੇਡ ਵਿਭਾਗ ਪੰਜਾਬ ਤੋਂ ਬਤੌਰ ਜਿਲ•ਾ ਬਾਸਕਿਟ ਬਾਲ ਕੋਚ ਸੇਵਾ ਨਿਵਰਤ ਹੋਏ । ਅੱਜ ਵੀ ਇਨਾਂ ਦੀ ਖੇਡ ਤੋਂ ਪ੍ਰੇਰਿਤ ਖਿਡਾਰੀ ਉਨਾਂ ਵੱਲੋਂ ਮਿਲੀ ਖੇਡਾਂ ਪ੍ਰਤੀ ਸਿੱਖਿਆ ਤੇ ਮਾਨ ਕਰਦੇ ਹਨ ।

ਬਾਸਕਿਟ ਬਾਲ ਦੀ ਨਰਸਰੀ ਦਾ ਇੱਕ ਫੁੱਲ : ਸ਼ਾਮ ਲਾਲ ਸ਼ਰਮਾਂ

      ਬਾਸਕਿਟ ਬਾਲ ਦੀ ਨਰਸਰੀ ਦੇ ਨਾਂ ਨਾਲ ਜਾਣੇ ਜਾਂਦੇ ਕੋਟਕਪੂਰਾ ਸ਼ਹਿਰ ਵਿੱਚ ਬਾਸਕਟ ਬਾਲ ਖੇਡਣ ਵਾਲੇ ਹੀਰੇ ਖਿਡਾਰੀਆਂ ਦੀ ਥੋੜ ਨਹੀਂ । ਜਿਨਾਂ ਨੇ ਆਪਣੀ ਖੇਡ ਸਦਕਾ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਮਾਂ ਬਾਪ ਦਾ ਹੀ ਨਹੀਂ ਸਗੋਂ ਪੰਜਾਬ ਦੇ ਕੋਟਕਪੂਰਾ ਸ਼ਹਿਰ ਦਾ ਨਾਂ ਵੀ ਚਰਚਾ ਵਿੱਚ ਲਿਆਂਦਾ ਹੈ । ਗੱਲ ਕਰਦੇ ਹਾਂ ਆਪਣੀ ਖੇਡ ਪ੍ਰਤੀ ਰੂਚੀ ਨੂੰ ਮੁੱਖ ਰੱਖਦਿਆਂ ਬੀ ਐਸ ਐਫ ਦੇ ਉੱਚ ਅਹੁਦੇ ਤੇ ਪਹੁੰਚ ਕੇ ਰਿਟਾਇਰ ਮੈਂਟ ਤੋਂ ਬਾਅਦ ਅੱਜ ਕੱਲ• ਆਉਣ ਵਾਲੇ ਭਵਿੱਖ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਖੇਡਾਂ ਵਿੱਚ ਉਤਸ਼ਾਹਿਤ ਕਰਨ ਦਾ ਬੀੜਾ ਚੁੱਕਣ ਵਾਲੇ ਇੰਟਰਨੈਸ਼ਨਲ ਖਿਡਾਰੀ ਸ੍ਰੀ ਸ਼ਾਮ ਲਾਲ ਸ਼ਰਮਾ ਦੀ । ਜਿਨਾਂ ਦਾ ਜਨਮ ਕੋਟਕਪੂਰਾ ਦੇ ਸ੍ਰੀ ਸਿਧੂ ਰਾਮ ਸ਼ਰਮਾਂ ਦੇ ਵਿਹੜੇ ਨਵੰਬਰ 1950 ਵਿੱਚ ਹੋਇਆ। ਉਨਾਂ ਦਾ ਬਚਪਨ ਮਾਤਾ ਪਿਤਾ ਦੀਆਂ ਲੋਰੀਆਂ ਨਾਲ ਪਲਦਾ ਹਿÂਆ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਤੋਂ ਮੁੱਢਲੀ ਵਿਦਿੱਆ ਪ੍ਰਾਪਤ ਕਰ ਗਿਆ । ਤੇ ਉਨਾਂ ਆਪਣੀ ਖੇਡ ਵੀ ਇਸੇ ਸਕੂਲ ਤੋਂ ਹੀ ਸੁਰੂ ਕੀਤੀ । 1968 ਵਿੱਚ ਭਾਰਤ ਦੀ ਸਕੂਲਾਂ ਦੀ ਟੀਮ ਵਿੱਚ ਬਤੌਰ ਖਿਡਾਰੀ ਸ੍ਰੀ ਲੰਕਾਂ ਦੇ ਕੋਲੰਬੋ ਵਿੱਚ ਖੇਡੇ ਤੇ ਫਿਰ ਬੀ ਐਸ ਐਫ ਵਿੱਚ ਭਰਤੀ ਹੋ ਕੇ ਕਮਾਂਡੈਂਟ ਦੇ ਅਹੁੱਦੇ ਤੱਕ ਪਹੁੰਚੇ । ਇਸ ਸਮੇਂ ਦੌਰਾਨ ਅਨੈਕਾਂ ਵਾਰ ਸੀਨੀਅਰ ਨੈਸ਼ਨਲ ਅਤੇ ਇੰਟਰ ਨੈਸ਼ਨਲ ਪੱਧਰ ਜਿਸ ਵਿੱਚ ਏਸ਼ੀਅਨ ਗੇਮਜ ਅਤੇ ਏਸ਼ੀਅਨ ਕਨਫੈਡਰੇਸ਼ਨ ਸ਼ਾਮਲ ਹਨ ਵਿੱਚ ਭਾਗ ਲਿਆ । ਪਟਿਆਲਾ ਦੇ ਐਨ ਆਈ ਐਸ ਕੋਚਿੰਗ ਸੈਂਟਰ ਵਿੱਚ 1988-89 ਵਿੱਚ ਡਿਪਲੋਮਾ ਪਾਸ ਕੀਤਾ । ਤੇ ਨੇਸ਼ਨਲ ਅਤੇ ਇੰਟਰ ਨੇਸ਼ਨਲ ਖੇਡਾਂ ਵਿੱਚ ਬਹੁਤ ਸਾਰੇ ਖੇਡ ਤਮਗੇ ਹਾਸਲ ਕੀਤੇ । ਸ੍ਰੀ ਸ਼ਰਮਾਂ ਅੱਜ ਕੱਲ• ਬੀ ਐਸ ਐਫ ਦੀ ਕਮਾਂਡੇਂਟ ਪੋਸਟ ਤੋਂ ਰਿਟਾਇਰ ਹੋਕੇ ਆਪਣੀ ਪ੍ਰੈਕਟਿਸ ਜਾਰੀ ਰੱਖੇ ਹੋਏ ਹਨ ਤੇ ਆਉਣ ਵਾਲੇ ਬੱਚਿਆਂ ਦੀ ਖੇਡਾਂ ਪ੍ਰਤੀ ਰੂਚੀ ਨੂੰ ਮੁੱਖ ਰੱਖਦਿਆਂ ਉਨਾਂ ਦੀ ਰਿਹੈਸਲਾਂ ਪ੍ਰਤੀ ਜਿਆਦਾ ਰੁਝਾਨ ਕਰੀ ਬੈਠੇ ਹਨ । ਉਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਭਵਿੱਖ ਵਿੱਚ ਨੌਜਵਾਨ ਨਸ਼ਾ ਰਹਿਤ ਹੋਣਗੇ ਤਾਂ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ । ਤੇ ਇੱਕ ਖੇਡਾਂ ਹੀ ਇਹੋ ਜਿਹਾ ਜਰੀਆ ਹਨ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਸਕਦੀਆਂ ਹਨ ।

ਬਾਸਕਟ ਬਾਲ ਦੀ ਸੇਵਾ ਵਿੱਚ ਸਮਰਪਿਤ: ਦਰਸ਼ਨ ਸਿੰਘ ਸੰਧੂ

      ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਤੋਂ ਸੇਵਾ ਮੁਕਤ ਲੈਕਚਰਾਰ ਸਰੀਰਕ ਸਿੱਖਿਆ ਪ੍ਰੋ: ਦਰਸ਼ਨ ਸਿੰਘ ਸੰਧ ਨੂੰ ਉਨਾਂ ਦੀਆਂ ਬਾਸਕਿਟਬਾਲ ਖੇਡ ਪ੍ਰਾਪਤੀਆਂ ਲਈ ਲਗ ਭਗ 32-35 ਸਾਲ ਦੀਆਂ ਲੰਬੀਆਂ ਸੇਵਾਵਾਂ ਬਦਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਡ ਸਮਾਰੋਹ ਤੇ ਪਟਿਆਲਾ ਵਿਖੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਥੇ ਇਹ ਵਰਨਣਯੋਗ ਹੈ ਕਿ ਇਨਾਂ ਨੇ ਯੂਨੀਵਰਸਿਟੀ ਪੰਜਾਬ , ਨੈਸ਼ਨਲ ਅਤੇ ਇੰਟਰ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ । ਉਨਾਂ ਦੇ ਮਹਾਨ ਯੋਗਦਾਨ ਕਾਰਨ ਯੁਨੀਵਰਸਿਟੀ ਅਧਿਕਾਰੀਆਂ , ਖਿਡਾਰੀਆਂ ,ਕੋਟਕਪੂਰਾ ਨਿਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਮੂਹ ਸਟਾਫ ਨੇ ਖੁਸ਼ੀ ਦਾ ਇਜਹਾਰ ਕੀਤਾ । ਪ੍ਰੋ: ਸੰਧੂ ਨੂੰ ਪਹਿਲਾਂ ਵੀ ਜਿਲ•ਾ ਪ੍ਰਸ਼ਾਸਨ , ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਅਤੇ ਕਈ ਸੋਸਲ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨਾਂ ਹੁਣ ਤੱਕ ਕੋਟਕਪੂਰੇ ਵਿਖੇ ਯੁਨੀਵਰਸਿਟੀ , ਪੰਜਾਬ ਅਤੇ ਨੇਸ਼ਨਲ ਪੱਧਰ ਦੇ ਲੜਕੇ \ਲੜਕੀਆਂ ਦੇ ਬਾਸਕਿਟਬਾਲ ਦੇ ਅਣਗਿਣਤ ਟੂਰਨਾਂਮੇਂਟ ਕਰਵਾਏ ਹਨ , ਜਿਨਾਂ ਵਿੱਚ ਵਿਦੇਸ਼ੀ ਟੀਮਾਂ ਨੇ ਵੀ ਵਿਸੇਸ਼ ਤੌਰ ਤੇ ਭਾਗ ਲਿਆ ਸੀ । ਇਨਾਂ ਦੇ ਉਦੱਮ ਸਦਕਾ ਹੀ ਕੋਟਕਪੂਰੇ ਨੂੰ ਬਾਸਕਟਬਾਲ ਦੀ ਨਰਸਰੀ ਦਾ ਖਿਤਾਬ ਪ੍ਰਾਪਤ ਹੋਇਆ ਅਤੇ ਸ਼ਹਿਰ ਅੰਦਰ ਲੱਖਾਂ ਰੁਪੈ ਦੀ ਲਾਗਤ ਵਾਲਾ ਬਾਸਕਟਬਾਲ ਖੇਡ ਸਟੇਡੀਅਮ ਉਸਾਰਿਆ ਗਿਆ ਜਿਥੋਂ ਖੇਡ ਕੇ ਕਈ ਖਿਡਾਰੀ ਅੰਤਰਰਾਸਟਰੀ ਖੇਡਾਂ ਲਈ ਚੁਣੇ ਗਏ ।

ਬਾਸਕਟ ਬਾਲ ਦੀ ਧਰਤੀ : ਕੋਟਕਪੂਰਾ - ਤ੍ਰਿਲੋਕ ਸਿੰਘ ਸੰਧੂ (ਸਵੈ ਵਰਨਣ )


      ਮੈਂ ਅੱਜ ਕੋਟਕਪੂਰੇ ਦਾ ਹੋਣ ਦੇ ਨਾਤੇ ਸ: ਜੋਗਿੰਦਰ ਸਿੰਘ ਜੋਗੀ ਵਾਂਗੂੰ ਇਨਾਂ ਮਹਾਨ ਤਾਂ ਨਹੀਂ ਹਾਂ ਪਰ ਕੋਸਿਸ਼ ਜਰੂਰ ਕੀਤੀ ਹੈ ਕਿ ਮੈਂ ਉਸ ਵਾਂਗ ਆਪਣੇ ਸ਼ਹਿਰ ਦਾ ਨਾਂ ਉੱਚਾ ਕਰਾਂ ਅਤੇ ਮੈਨੂੰ ਉਲਿੰਪਕ , ਜੋ ਸਭ ਤੋਂ ਵੱਡੀ ਖੇਡ ਪ੍ਰਤੀ ਯੋਗਤਾ ਮੰਨੀ ਜਾਂਦੀ ਹੈ ਵਿੱਚ ਭਾਗ ਲੈਣ ਦਾ ਸੁਭਾਗ ਪ੍ਰਾਪਤ ਹੋਇਆ । 1982 ਵਿੱਚ ਮੈਂ ਏਸ਼ੀਅਨ ਗੇਮ ਵੀ ਖੇਡੀ ਤੇ ਹੋਰ ਕਈ ਕੋਮਾਂਤਰੀ ਟੂਰਨਾਂਮੈਂਟ , ਟੈਸਟ ਮੈਚ , ਅਤੇ ਟੈਸਟ ਮੈਚਾਂ ਵਿੱਚ ਇੰਡੀਅਨ ਬਲਿਊ ਦੀ ਕਪਤਾਨੀ ਕਰਨ ਦਾ ਮੌਕਾ ਵੀ ਮਿਲਿਆ । ਇਸ ਨੂੰ ਛੱਡ ਕੇ ਮੈਂ ਮੰਦਰ ਸਿੰਘ ਸੰਧੂ (ਐਸ ਪੀ ) ਅਤੇ ਸ੍ਰੀ ਜੋਗਿੰਦਰ ਸਿੰਘ ਜੋਗੀ ਵਾਂਗ ਆਪਣੇ ਆਪ ਨੂੰ ਪੜਾਈ ਲਿਖਾਈ ਵਿੱਚ ਜੋੜੀ ਰੱਖਿਆ ਅਤੇ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਜਿਸ ਤਰਾਂ ਮੇਰੇ ਬਰਾਬਰ ਖੇਡਾਂ ਵਿੱਚ ਅਤੇ ਪੜਾਈ ਵਿੱਚ ਕੋਈ ਨਹੀਂ ਹੈ । ਪੜਾਈ ਅਤੇ ਖੇਡਾਂ ਦਾ ਸੁਮੇਲ ਬਣਾਈ ਰੱਖਣਾ ਇੱਕ ਇਨਸਾਨ ਲਈ ਬਹੁਤ ਔਖਾ ਹੈ । ਪਰ ਹੁਣ ਇਹ ਸਭ ਦੱਸਦਿਆਂ ਮੈਂ ਵੀ ਫਖਰ ਮਹਿਸੂਸ ਕਰਦਾ ਹਾਂ ਕਿ ਜੋ ਮੇਰੇ ਨਾਲੋਂ ਖੇਡਾਂ ਵਿੱਚ ਅੱਗੇ ਹਨ ਉਨਾਂ ਕੋਲ ਪੜਾਈ ਲਿਖਾਈ ਮੇਰੇ ਜਿੰਨੀ ਨਹੀਂ ਜਿਨਾਂ ਕੋਲ ਪੜਾਈ ਹੈ ਉਹ ਉਲਿੰਪਕ ਤੱਕ ਨਹੀਂ ਖੇਡੇ । ਮੈਂ ਆਪਣੀਆਂ ਖੇਡ ਪ੍ਰਾਪਤੀਆਂ ਬਾਰੇ ਦੱਸ ਹੀ ਦਿੱਤਾ ਹੈ ਪਰ ਪੜਾਈ ਇਸ ਪ੍ਰਕਾਰ ਹੈ । ਐਮ ਏ ਪੋਲੀਟੀਕਲ ਸਾਇੰਸ, ਐਮ ਏ ਫਿਜੀਕਲ ਐਜੂਕੇਸ਼ਨ , ਐਲ ਐਲ ਬੀ , ਐਨ ਆਈ ਐਸ ਬਾਸਕਟ ਬਾਲ ਦੇ ਸਰਟੀਫਿਕੇਟ ਕੋਰਸ, ਯੋਗਾ ਵਿੱਚ ਅਤੇ ਆਖਿਰ ਪੀ ਐਚ ਡੀ । ਇਲਾਕਾ ਨਿਵਾਸੀਆਂ ਦੀਆਂ ਅਸੀਸਾਂ ਨਾਲ ਮੇਰੇ ਉੱਪਰ ਵਾਲੀਆਂ ਪੜਾਈਆਂ ਵਿੱਚ ਡਿਗਰੀਆਂ ਹਨ । ਮੈਂ ਮਾਣ ਨਾਲ ਇਹ ਕਹਿਣਾ ਚਾਹੁੰਦਾ ਹਾਂ ਜੋ ਲੋਕ ਇਹ ਕਹਿੰਦੇ ਹਨ ਕਿ ਖੇਡਾਂ ਅਤੇ ਪੜਾਈ ਦੋਵੇਂ ਚਲ ਨਹੀਂ ਸਕਦੀਆਂ, ਉਹ ਗਲਤ ਹਨ । ਤੁਸੀਂ ਵੀ ਇਕੋ ਵੇਲੇ ਦੋਹਾਂ ਖੇਤਰਾਂ ਵਿੱਚ ਮੱਲਾਂ ਮਾਰ ਸਕਦੇ ਹੋ ਜਿਵੇਂ ਜੋਗੀ ਸਾਹਿਬ, ਮੰਦਰ ਸਿੰਘ ਸੰਧੂ , ਕੇ ਡੀ ਭੁੱਲਰ ( ਆਈ ਏ ਐਸ ) ਅਤੇ ਮੈਂ ਖੁਦ । ਇਸ ਗੱਲ ਕਰਕੇ ਆਪਣੇ ਆਉਣ ਵਾਲੇ ਖਿਡਾਰੀਆਂ ਦੇ ਮਨਾਂ ਵਿੱਚੋਂ ਵਹਿਮ ਕੱਢ ਦਿੱਤਾ ਹੈ ਕਿ ਪੜਾਈ ਅਤੇ ਖੇਡਾਂ ਦੋਵੇਂ ਇੱਕਠੀਆਂ ਨਹੀਂ ਚਲ ਸਕਦੀਆਂ। ਉਹ ਇਸ ਤੋਂ ਕੁਝ ਸੇਧ ਜਰੂਰ ਲੈਣਗੇ ਅਤੇ ਆਪਣਾ ਨਾਂ ਖੇਡ ਦੇ ਨਾਲ ਨਾਲ ਪੜਾਈ ਲਿਖਾਈ ਕਰਕੇ ਚਮਕਾਉਣਗੇ ਤਾਂ ਜੋ ਉਹ ਸਟੇਟ , ਦੇਸ਼ ਦਾ ਨਾਮ ਹੋਰ ਵੀ ਉੱਚ ਕਰਨ।

ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾਂ ਨਹੀਂ ਚਾਹੁੰਦਾ ਸੀ ਪਰ ਜਿਨਾਂ ਨੇ ਮੈਨੂੰ ਇਹ ਲਿਖਣ ਵਾਸਤੇ ਕਿਹਾ ਮੈਂ ਉਨਾਂ ਨੂੰ ਇਨਕਾਰ ਨਾ ਕਰ ਸਕਿਆ ਤੇ ਹੋਰਨਾਂ ਦੇ ਨਾਲ ਨਾਲ ਆਪਣੇ ਬਾਰੇ ਵੀ ਬਿਨਾਂ ਕੁਝ ਲਕੋਂਦਿਆਂ ਲਿਖ ਦਿੱਤਾ ।ਇੱਕ ਵਾਰ ਆਖਿਰ ਵਿੱਚ ਫਿਰ ਸਾਰੇ ਇਲਾਕਾ ਨਿਵਾਸੀਆਂ ਨੂੰ ਸਿਰ ਨੀਵਾਂ ਕਰਕੇ ਮੁਆਫੀ ਦਾ ਜਾਚਿਕ ਹਾਂ ਤੇ ਕੋਟਕਪੂਰੇ ਨੂੰ ਸਲਾਮ ਕਰਦਾ ਹਾਂ ਕਿ ਜਿਸ ਨੇ ਉੱਚ ਕੋਟੀ ਦੇ ਖਿਡਾਰੀ ਪੈਦਾ ਕੀਤੇ । ਜੈ ਧਰਤੀ ਕੋਟਕਪੂਰਾ ਤੇ ਬਾਸਕਟਬਾਲ ਦੇ ਖਿਡਾਰੀ ।

(ਇਹ ਵਰਨਣ ਯਾਦਾਂ ਤੇ ਸਿਰਨਾਵੇਂ ਵਿਚੋਂ ਸਤਿਕਾਰ ਸਹਿਤ )