'ਮੈਨੂੰ ਇਉਂ ਨਾ ਮਨੋ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ.. ..।'

ਮਾਂ-ਬੋਲੀ ਪੰਜਾਬੀ ਦੇ ਇਕ ਹੋਣਹਾਰ ਸਪੂਤ ਫ਼ੀਰੋਜ਼ਦੀਨ 'ਸ਼ਰਫ਼' ਦੀ ਕਲਮ 'ਚੋਂ ਕਦੇ ਆਪਣੀ ਮਾਂ-ਬੋਲੀ ਦੀ ਆਪਣੇ ਹੀ ਘਰ ਵਿਚ ਤ੍ਰਿਸਕਾਰ ਭਰੀ ਹਾਲਤ ਸਬੰਧੀ ਇਕ ਹੂਕ ਉੱਠੀ ਸੀ :
ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,ਟੁੱਟੀ ਹੋਈ ਸਿਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨਾਂ ਨੇ 'ਸ਼ਰਫ਼' ਮੇਰੀ,ਵੇ ਮੈਂ ਬੋਲੀ ਹਾਂ ਉਨਾਂ ਪੰਜਾਬੀਆਂ ਦੀ।'
        ਮੌਜੂਦਾ ਦੌਰ ਵਿਚ ਸਾਡੀ ਮਾਂ-ਬੋਲੀ ਦੇ ਇਕ ਹੋਰ ਲਾਡਲੇ ਬਾਬੂ ਸਿੰਘ ਮਾਨ ਨੇ ਵੀ ਲਗਪਗ ਇਹੋ ਜਿਹੀ ਹੀ ਵੇਦਨਾ ਪ੍ਰਗਟਾਉਂਦੀਆਂ ਤੇ ਸਾਨੂੰ ਸਭਨਾਂ ਨੂੰ ਝੰਜੋੜਦੀਆਂ ਕੁਝ ਸਤਰਾਂ ਲਿਖੀਆਂ ਹਨ, ਜਿਨ ਨੂੰ ਹਰਭਜਨ ਮਾਨ ਨੇ ਉਸੇ ਹੀ ਦਰਦ-ਭਰੀ ਸ਼ਿੱਦਤ ਨਾਲ਼ ਗਾਇਆ ਹੈ : 'ਮੈਨੂੰ ਇਉਂ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ।' ਸਭ ਤੋਂ ਪਹਿਲੀਆਂ ਸਤਰਾਂ ਵਿਚ ਅੰਕਿਤ ਹੈ : 'ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ ਦੀ ਮਮਤਾ ਵਰਗੀ ਮਿੱਠੀ, ਦੁੱਧ ਵਿਚ ਮਿਸ਼ਰੀ ਘੋਲੀ। ਰੱਜ ਰੱਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ਼ ਖਿਡਾਇਆ ਤੈਨੂੰ, ਮੈਂ ਹੀ ਬੋਲਣ ਲਾਇਆ ਤੈਨੂੰ, ਭੁੱਲ ਗਿਆ ਮੇਰਾ ਪਿਆਰ.. ..ਵੇ ਮੈਂ ਤੇਰੀ .. ..।ਗੀਤ ਦੇ ਪਹਿਲੇ ਅੰਤਰੇ ਵਿਚ ਪੰਜਾਬ ਦੀ ਗ਼ੈਰ-ਕੁਦਰਤੀ ਵੰਡ ਦਾ ਕਲਾਤਮਿਕ ਜ਼ਿਕਰ ਕੀਤਾ ਗਿਆ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਦੋ-ਹਿੱਸਿਆਂ ਵਿਚ ਕੀਤੀ ਗਈ ਵੰਡ ਦਾ ਦਰਦ ਮਾਂ-ਬੋਲੀ ਦੇ ਮੂੰਹੋਂ ਪ੍ਰਗਟਾਇਆ ਗਿਆ ਹੈ| 'ਦੁਨੀਆਂ ਵਾਲ਼ੇ ਕਹਿੰਦੇ ਸੀ ਮੈਨੂੰ ਪੰਜ ਦਰਿਆਂ ਦੀ ਰਾਣੀ,ਪਾਣੀ ਵਿਚ ਲਕੀਰਾਂ ਵਾਹ ਕੇ, ਚੀਰ ਦਿੱਤੇ ਗਏ ਪਾਣੀ।ਖਿੰਡ ਗਏ ਮੋਤੀ ਮੈਂ ਤੱਤੜੀ ਦੇ, ਟੁੱਟ ਗਿਆ ਰਾਣੀ ਹਾਰ….. .. ਵੇ ਮੈਂ ਤੇਰੀ.. ..।ਇਹ ਕ੍ਰਿਸ਼ਮਾ ਮਾਨ ਦੀ ਕਲਮ ਦੇ ਹੀ ਹਿੱਸੇ ਆਇਆ ਹੈ ਕਿ ਇਕ ਪਾਸੇ ਦੇਸ਼ ਦੀ ਵੰਡ ਦੀ ਇਸ ਅਣਹੋਣੀ ਨੂੰ 'ਪਾਣੀ 'ਤੇ ਲੀਕ' ਕਹਿਕੇ ਇਸਦੇ ਅਸਥਾਈ ਹੋਣ ਵੱਲ ਇਸ਼ਾਰਾ ਕੀਤਾ ਹੈ ਤੇ ਅਗਲੀ ਹੀ ਸਤਰ ਵਿਚ ਪੰਜ ਪਾਣੀਆਂ ਦੇ ਚੀਰਨ ਦੀ ਗੱਲ ਕਰਕੇ ਇਸਦੇ ਅਸਰਾਂ ਨੂੰ ਸਥਾਈ ਰੂਪ ਦੇ ਦਿੱਤਾ ਹੈ।ਅਗਲਾ ਅੰਤਰਾ ਹੈ :'ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ,ਸੁਣ ਪੁਤਰਾ ਮੇਰੇ ਦਿਲ 'ਚੋਂ ਨਿਕਲ਼ਿਆ ਹੌਕੇ ਵਰਗਾ ਹਾੜਾ।ਕਾਹਦਾ ਪੁੱਤ ਦਾ ਰਾਜ ਭਾਗ, ਮਾਂ ਖੜੀ ਦਫ਼ਤਰੋਂ ਬਾਹਰ.. .. ਵੇ ਮੈਂ ਤੇਰੀ.. ..।'ਆਖ਼ਰੀ ਅੰਤਰਾ ਹੈ :
        'ਜੰਮੇ ਜਾਏ, ਗੋਦ ਖਿਡਾਏ, ਰੀਝਾਂ ਨਾਲ਼ ਪੜਾਏ, ਜਿਉਂ ਜਿਉਂ ਵੱਡੇ ਬਣਦੇ ਗਏ ਮੈਥੋਂ ਹੁੰਦੇ ਗਏ ਪਰਾਏ। ਵੇ ਮਾਨਾ ਨਾ ਹੋਈਂ ਬਿਗਾਨਾ, ਤੂੰ ਤਾਂ ਸੋਚ ਵਿਚਾਰ.. ਵੇ ਮੈਂ ਤੇਰੀ ਮਾਂ ਦੀ ਬੋਲੀ ਆਂ।'
ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦਾ ਬੇਤਾਜ ਬਾਦਸ਼ਾਹ ਹੈ। ਉਸਦੀ ਸ਼ਾਇਰੀ ਵਿਚ ਸਰਲਤਾ ਹੈ, ਪੰਜਾਬੀਅਤ ਹੈ ਤੇ ਇਸ ਸਭ ਕੁਝ ਦੇ ਨਾਲ਼ ਨਾਲ਼ ਇਕ ਸਭਿਆਚਾਰਕ ਡੂੰਘਾਈ ਹੈ। ਆਪਣੀ ਮਾਂ-ਬੋਲੀ ਦੀ ਤਰਸਯੋਗ ਹਾਲਤ ਬਿਆਨ ਕਰਦੀ ਇਸ ਸਮਰੱਥ ਕਲਮ ਤੋਂ ਅਜੇ ਪੰਜਾਬੀਆਂ ਨੂੰ ਵੱਡੀਆਂ ਆਸਾਂ ਹਨ। ਪੰਜਾਬੀਆਂ ਲਈ ਆਮ ਕਰਕੇ ਅਤੇ ਮਾਲਵੇ ਦੇ ਇਸ ਖਿੱਤੇ ਲਈ ਖਾਸ ਕਰਕੇ ਇਹ ਵੱਡੇ ਮਾਣ ਵਾਲ਼ੀ ਗੱਲ ਹੈ ਕਿ 'ਬਿੱਗ ਐਫ਼ ਐਮ. ਰੇਡੀਓ' ਵੱਲੋਂ 8 ਅਕਤੂਬਰ 2010 ਨੂੰ ਸ਼ਾਮ ਦੇ 6 ਵਜੇ ਚੰਡੀਗੜ ਵਿਚ ਇਕ ਵਿਸ਼ਾਲ ਸੰਗੀਤਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜਿਸਦਾ ਪ੍ਰਸਾਰਣ ਜੀਵੰਤ ਹੋਵੇਗਾ। ਇਸ ਰੇਡੀਓ ਵੱਲੋਂ ਪੰਜਾਬੀ ਗੀਤਕਾਰਾਂ ਨੂੰ ਸਨਮਾਨੇ ਜਾਣ ਦੀ ਇਕ ਲੜੀ ਅਰੰਭ ਕੀਤੀ ਜਾ ਰਹੀ ਤੇ ਇਸ ਸਬੰਧੀ ਪਹਿਲਾ 'ਸ਼ਿਵ ਕੁਮਾਰ ਬਟਾਲਵੀ ਐਵਾਰਡ' ਸਾਡੇ ਪਿਆਰੇ ਲੇਖਕ ਬਾਬੂ ਸਿੰਘ ਮਾਨ ਨੂੰ ਦਿੱਤਾ ਜਾ ਰਿਹਾ। ਸਾਰੇ ਪੰਜਾਬੀਆਂ ਨੂੰ ਇਸ ਪ੍ਰਾਪਤੀ ਲਈ ਢੇਰ ਸਾਰੀਆਂ ਮੁਬਾਰਕਾਂ!

-ਗੁਰਮੀਤ ਸਿੰਘ ਕੋਟਕਪੂਰਾ

ਪੀੜ-ਪਰੁੰਨੇ ਲੋਕਾਂ ਦਾ ਸ਼ਾਇਰ : ਹਰਮਿੰਦਰ ਸਿੰਘ ਕੋਹਾਰਵਾਲਾ

ਹਰਮਿੰਦਰ ਸਿੰਘ ਕੋਹਾਰਵਾਲਾ ਪੰਜਾਬ ਦੇ ਅਗਾਹਵਧੂ ਟਰੇਡ ਯੂਨੀਅਨ ਵਿੱਦਿਅਕ ਅਤੇ ਸਾਹਿਤਕ ਹਲਕਿਆਂ ਵਿੱਚ ਜਾਣਿਆ - ਪਛਾਣਿਆ ਹਸਤਾਖਰ ਹੈ । ਉਸ ਨੇ ਲਗਾਤਾਰ ਚਾਰ ਦਹਾਕੇ ਲੰਮੀ ਸੰਜੀਦਾ ਬੇਦਾਗ ਅਤੇ ਸਿਦਕ ਭਰੀ ਸਰਗਰਮੀ ਨਾਲ ਪੰਜਾ ਦੀ ਮੁਲਾਜਮ ਲਹਿਰ ਦੇ ਸ਼ਾਨਾਂਮੱਤੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ । ਫਰਵਰੀ 1999ਈ : ਵਿੱਚ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਪਿਛੋਂ ਕੁਝ ਹੀ ਸਾਲਾਂ ਵਿੱਚ ਉਸ ਨੇ ਆਪਣੀ ਲੋਕ ਪੱਖੀ ਵਿਲੱਖਣ ਅਤੇ ਬੇਬਾਕ ਸ਼ੈਲੀ ਵਿੱਚ ਗਜਲਾਂ, ਦੋਹੇ ਲਿਖ ਕੇ ਸਾਹਿਤਕ ਖੇਤਰ ਵਿੱਚ ਵੀ ਸਨਮਾਨਯੌਗ ਸਥਾਨ ਬਣਾ ਲਿਆ ਹੈ । ਅਗਾਂਹਵਧੂ ਸਾਹਿਤ ਦੇ ਅਧਿਅਨ, ਲੋਕ ਸੰਘਰਸ਼ਾਂ ਦੇ ਅਨੁਭਵ ਨਾਲ ਸਮੇਂ ਦੀ ਨਬਜ ਤੇ ਹੱਥ ਰੱਖ ਕੇ ਸਾਧਨ ਵਿਹੂਣੇ ਲੋਕਾਂ ਨਾਲ ਪੈਰ ਪੈਰ ਤੇ ਹੋ ਰਹੀਆਂ ਵਧੀਕੀਆਂ, ਜਬਰ ਅਤੇ ਕਾਣੀ ਵੰਡ ਨੂੰ ਉਜਾਗਰ ਕਰਨ ਦਾ ਹੁਨਰ ਹਾਸਲ ਕਰ ਲਿਆ ਹੈ । ਉਹ ਆਪਣੀ ਟੁਣਕਵੀਂ ਸੁਰਵਾਲੀ ਨਿਵੇਕਲੀ ਸ਼ਾਇਰੀ ਰਾਹੀਂ ਦੱਬੇ ਕੁਚਲੇ ਲੋਕਾਂ ਨੂੰ ਇਸ ਸੰਤਾਪ ਤੋਂ ਮੁਕਤ ਹੋਣ ਲਈ ਸੰਘਰਸ਼ਾਂ ਦੇ ਰਾਹ ਦੀ ਪਾਂਧੀ ਬਣਨ ਲਈ ਪ੍ਰੇਰਦਾ ਹੈ । ਫਿਰਕੂ ਤੁਅੱਸਬ ਤੇ ਸਿਆਸੀ ਕਲਾਬਾਜੀਆਂ ਤੋਂ ਘੁਟਾਲਿਆਂ ਤੱਕ ਵਿਭਿੰਨ ਮਸਲਿਆਂ ਬਾਰੇ ਠੇਠ ਮਲਵਈ ਪੁੱਠ ਨਾਲ ਬੀੜੇ ਪੁਖਤਾ , ਕਟਾਕਸ਼ੀ ਰੰਗ ਦੇ ,ਵਿਲੱਖਣ ਕਾਵਿ ਭਾਸ਼ਾ ਨਾਲ ਸ਼ਿੰਗਾਰੇ ਉਸ ਦੀਆਂ ਗਜਲਾਂ ਦੇ ਸ਼ਿਅਰ ਅਤੇ ਦੋਹੇ ਪਾਠਕ, ਸਰੋਤੇ ਨੂੰ ਅਨੰਦਤ ਵੀ ਕਰਦੇ ਹਨ ਤੇ ਕੁਰੀਤੀਆਂ ਦੇ ਚੂੰਡੀਆਂ ਵੀ ਵੱਡਦੇ ਹਨ । ਉਸ ਨੇ 80-90 ਕਵਿਤਾਵਾਂ 300 ਗਜਲਾਂ ਅਤੇ 1000 ਤੋਂ ਉਪਰ ਦੋਹਿਆਂ ਦੀ ਰਚਨਾ ਕਰਕੇ ਪੰਜਾਬੀ ਬੋਲੀ ਦੇ ਖਜਾਨੇ ਵਿੱਚ ਹਿੱਸਾ ਪਾਇਆ ਹੈ । ਉਸ ਦੀਆਂ ਤਿੰਨ ਪੁਸਤਕਾਂ ਇੱਕ ਲੱਪ ਲਾਵਾ (ਕਾਵਿ ਸੰਗ੍ਰਿਹ) ਜਦ ਜਖਮ ਦਵਾਤ ਬਣੇ (ਗਜਲ ਸੰਗ੍ਰਿਹ ), ਪੀੜਾਂ ਦੀ ਪਰਿਕਰਮਾ (ਗਜਲ ਸੰਗ੍ਰਿਹ) ਕਾਫੀ ਸਲਾਹੀਆਂ ਅਤੇ ਪੜ•ੀਆਂ ਜਾ ਰਹੀਆਂ ਹਨ । ਰੋਜਾਨਾ ਅਜੀਤ ਜਲੰਧਰ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਉਸਦੇ ਦੋਹਿਆਂ ਦਾ ਲਗਾਤਾਰ ਛਪ ਰਿਹਾ ਚਰਚਿਤ ਕਾਲਮ ਸ਼ਬਦ- ਬਾਣ ਸਾਹਿਤਕ ਹਲਕਿਆਂ ਤੋਂ ਇਲਾਵਾ ਸਧਾਰਨ ਪਾਠਕਾਂ ਵਿੱਚ ਵੀ ਬੇਹੱਦ ਮਕਬੂਲ ਹੈ । ਉਹ ਸਾਹਿਤ ਸਭਾ ਕੋਟਕਪੂਰਾ ਦਾ ਸਰਪ੍ਰਸਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀ ਸੁਬਾਈ ਕਾਰਜਕਰਨੀ ਦਾ ਮੈਂਬਰ ਹੈ । ਸਾਹਿਤਕ ਖੇਤਰ ਵਿੱਚ ਉਸਦੀਆਂ ਪ੍ਰਾਪਤੀਆਂ ਲਈ ਪੰਜਾਬ ਦੀਆਂ ਨਾਮਵਰ ਸਾਹਿਤਕ ਸੰਸਥਾਵਾਂ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਗਏ ਇੱਕ ਦਰਜਨ ਸਮਾਗਮਾਂ ਵਿੱਚ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਸ ਦੁਆਰਾ ਰਚੇ ਗਏ ਦੋਹਿਆਂ ਦੀਆਂ ਕੁਝ ਵੰਨਗੀਆਂ ਹਾਜਰ ਹਨ :


ਆਈ ਹੈ ਇੰਗਲੈਂਡ ਤੋਂ , ਖੜਸੁੱਕ ਜਿਹੀ ਰਕਾਨ । ਤੀਹ ਲੱਖ ਲੈ ਕੇ ਕਰੇਗਾ , ਬਾਬਲ ਕੰਨਿਆ ਦਾਨ । ਰੋਜੀ ਮੰਗਣ ਡਿਗਰੀਆਂ , ਰਾਜ ਦੁਆਰੇ ਜਾਣ । ਸ਼ਾਮੀਂ ਘਰ ਨੂੰ ਮੁੜਦੀਆਂ, ਹੋਕੇ ਲਹੂ ਲੁਹਾਣ । ਲੋਕ ਰਾਜ ਨੂੰ ਦਰੜ ਕੇ ,ਲੋਟੂ ਪਾਉਣ ਧਮਾਲ ।ਹੂੰਝਾਫੇਰੂ ਜਿੱਤ ਹੈ , ਲੁੱਟੇ ਬੂਥਾਂ ਨਾਲ । ਮੰਦਰ ਹਿੱਕ ਤੇ ਸੱਜ ਗਿਆ , ਮਸਜਿਦ ਮਲੀਆਮੇਟ । ਹੁਣ ਰੱਬ ਦੇ ਘਰ ਹੋਣਗੇ , ਏਦਾਂ ਰੈਨੋਵੇਟ । ਲਿਪੀਏ ਜਦੋਂ ਤਰੇੜ ਨਾ , ਹੁੰਦਾ ਹੈ ਨੁਕਸਾਨ । ਬਚਣ ਮਰੁੰਮਤ ਨਾਲ ਹੀ , ਰਿਸ਼ਤੇ ਅਤੇ ਮਕਾਨ । ਉਮਰਾਂ ਮੰਜਿਲ ਨਾ ਮਿਲੀ , ਤੁਰੇ ਹਜਾਰਾਂ ਮੀਲ। ਜੰਗਲ ਵਿੱਚ ਹੀ ਭਟਕਦੇ , ਅਜੇ ਕਰੋੜਾਂ ਭੀਲ । ਔਰਤ ਦਾ ਘਰੇ ਕਿਤੇ ਨਾ , ਪੇਕਾ ਨਾ ਸੁਸਰਾਲ ਘਰ ਵਸਦਾ ਜਿਸ ਨਾਲ ਹੈ , ਉਸ ਨੂੰ ਘਰ ਦੀ ਭਾਲ । ਪੋਤੇ ਦੇ ਉਸ ਹੁਕਮ ਨੇ , ਦਿੱਤਾ ਸੂਲੀ ਟੰਗ । ਘਰ ਆਏ ਮਹਿਮਾਨ ਨੇ , ਬਾਬਾ ਹੌਲੀ ਖੰਘ । ਕਾਲੀ ਚਾਹ ਹੈ ਨਾਸਤਾ , ਲੰਚ ਹੈ ਸੁੱਕਾ ਟੁੱਕ। ਹੱਥ ਦੀ ਤਲੀ ਪਲੇਟ ਹੈ , ਬਾਟੀ ਬਣਦੈ ਬੁੱਕ । ਅੰਤਰ ਜਾਤੀ ਸ਼ਾਦੀਆਂ, ਹੋਣ ਕਿਵੇਂ ਪਰਵਾਨ। ਅੰਮ੍ਰਿਤ ਬਾਟਾ ਇੱਕ ਹੈ , ਵੱਖੋਂ ਵੱਖ ਸ਼ਮਸਾਨ ।
ਕੁੱਤੀ ਮਰੀ ਵਜੀਰ ਦੀ , ਹੋਏ ਬੰਦ ਬਜਾਰ । ਮਰਿਆ ਪੁੱਤ ਗਰੀਬ ਦਾ , ਬਹਿਣ ਗਏ ਦੋ ਚਾਰ ।


ਨਾਮੀ ਗੀਤ ਰਚੇਤਾ - ਜਗਜੀਤ ਪਿਆਸਾ

ਸੁਰਾਂ ਨੂੰ ਬੋਲ ਦੇਣ ਦੀ ਪਿਆਸ ਨਾਲ ਗੜੂੰਦ ਜਗਜੀਤ ਸਿੰਘ ਪਿਆਸੇ ਦਾ ਜਨਮ ਤਾਂ ਭਾਂਵੇਂ 15 ਅਕਤੂਬਰ 1952 ਦੇ ਸ਼ੁੱਭ ਦਿਨ , 40 ਮੁਕਤਿਆਂ ਦੇ ਪਵਿੱਤਰ ਖੂਨ ਨਾਲ ਸਿੰਜੀ ਪਾਵਨ ਧਰਤੀ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਵਜੋਂ ਸਥਾਪਤ ਨਗਰੀ ਵਿਖੇ ਸ੍ਰ: ਕਿਸ਼ਨ ਸਿੰਘ ਸਦਿਉੜਾ ਦੀ ਪਤਨੀ ਸ੍ਰੀਮਤੀ ਨਰਿੰਦਰ ਕੌਰ ਦੀ ਕੁਖੋਂ ਹੋਇਆ , ਪਰ ਉਨਾਂ ਦਾ ਬਚਪਨ ਦਾ ਪਾਲਣ ਪੋਸਨ , ਤੇ ਪੜਾਈ ਲਿਖਾਈ ਕੋਟਕਪੂਰਾ ਦੇ ਸੁਹਿਰਦ ਮਾਹੌਲ ਵਿੱਚ ਹੀ ਪਰਵਾਨ ਚੜੀ ਜਿਥੇ ਇਹ ਪ੍ਰਵਾਰ ਆ ਕੇ ਪੱਕੇ ਤੌਰ ਤੇ ਵਸ ਗਿਆ ਹੋਇਆ ਹੈ । ਯੋਗਤਾ ਬੀ ਏ ਬੀ ਐੱਡ ਵਜੋਂ ਅਧਿਆਪਕ ਬਣ ਸਕਣ ਦੀ ਸਮਰਥਾ ਦੋ ਹੁੰਦਿਆਂ ਵੀ ਉਹ ਆਪਣੇ ਪਿਤਾ ਪੁਰਖੀ ਕਿੱਤੇ ਵਿੱਚ ਪੈ ਕੇ ਸਵਰਨਕਾਰੀ ਨਾਲ ਹੁਸੀਨ ਮੁਟਿਆਰਾਂ ਨੂੰ ਹਾਰ ਹਮੇਲਾਂ ਤੇ ਨੱਗ-ਨਗੀਨਿਆਂ ਨਾਲ ਅਪਸਰਾਵਾਂ ਬਣਾਉਣ ਵਿੱਚ ਲੱਗੇ ਹੋਏ ਹਨ ਪਰ ਉਨਾਂ ਦੀ ਅੰਦਰਲੀ ਪਿਆਸ ਤਾਂ ਸੰਗੀਤ ਮਹਿਫਲਾਂ ਵਿੱਚ ਸ਼ਬਦਾਂ ਦੇ ਹੁਸਨ ਨੂੰ ਲਿਸਕਾਉਣ ਤੇ ਪਸਾਰਨ ਲਈ ਤਰਲੋ ਮੱਛੀ ਰਹਿੰਦੀ ਹੈ ਜਿਸ ਵਿਚੋਂ ਉਪਜਦੇ ਹਨ ਅਨੇਕਾਂ ਗੀਤ ਤੇ ਵਲਵਲੇ ਅਨੇਕਾਂ ਨਾਮੀ ਗਾਇਕ ਸਰਦੂਲ ਸਿਕੰਦਰ , ਜਸਪਾਲ ( ਹਿੰਦੀ ਫਿਲਮਾਂ ਦਾ ਕਲਾਕਾਰ ) , ਮਾਸਟਰ ਸਲੀਮ , ਸੁਰਜੀਤ ਭੁੱਲਰ , ਬਲਕਾਰ ਦਿਲਖੁਸ਼ ,ਜਸਵੰਤ ਗਿੱਲ , ਅਤੇ ਗਾਇਕਾ ਮਨਪ੍ਰੀਤ ਅਖਤਰ ਤੇ ਗੁਰਮੀਤ ਬਾਵਾ ਆਦਿ ਤੇ ਹੋਰ , ਸਭ ਨੇ ਪਿਆਸੇ ਦੇ ਗੀਤਾਂ ਨੂੰ ਸੁਰਾਂ ਦੀ ਛਹਿਬਰ ਦਿੱਤੀ ਹੈ । ਪਤਾ ਨਹੀਂ ਇਹ ਪਿਆਸੇ ਦੇ ਵਲਵਲੇ ਹਨ ਜਾਂ ਅਵਾਜਾਂ ਦੇ ਤਰੱਨਮ, ਪਰ ਕੋਟਕਪੂਰਿਉਂ ਉਤਪਤ ਇਨਾਂ ਰਚਨਾਵਾਂ ਨੇ ਪੂਰੇ ਪੰਜਾਬ ਦੀ ਫਿਜਾਂ ਨੂੰ ਸੰਗੀਤ ਮਈ ਹੀ ਨਹੀਂ ਕੀਤਾ ਸਗੋਂ ਨਵੇਂ ਯੁੱਗ ਦੇ ਸੰਗੀਤ ਉਪਕਰਨਾਂ ਰਾਂਹੀਂ ਪ੍ਰਦੇਸਾਂ ਵਿੱਚ ਵੀ ਪਿਆਸੇ ਦਾ ਨਾਮ ਵੀ ਤੈਰ ਰਿਹੈ ਅਤੇ ਨਾਲ ਹੀ ਤੈਰਦੇ ਕੋਟਕਪੂਰੇ ਦਾ ਸਿਰਨਾਵਾਂ। ਨਿਰਮਲ ਸਿੱਧੂ ਦੇ ਗਾਏ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ , ਮੈਂ ਨਹੀਂ ਜਾਣਾ ਸਹੁਰੇ , ਕਦੇ ਕਦੇ ਖੇਡ ਲਿਆ ਕਰੀਂ , ਗਰਮੀਤ ਸਾਜਨ ਦੀ ਅਵਾਜ ਵਿੱਚ ਉਹ ਦਿਨ ਪਰਤ ਨਹੀਂ ਆਉਣੇ , ਤੇ ਨਚਣਾ ਵੀ ਮੰਨਜੂਰ , ਆਦਿ ਅਨੇਕਾਂ ਹੀ ਰਚਨਾਵਾਂ ਪੰਜਾਬ ਦੀ ਜਵਾਨੀ ਦੇ ਪੈਰਾਂ ਹੱਥਾਂ ਬੁਲਾਂ ਨੂੰ ਤਾਲ ਵਿੱਚ ਝੂੰਮਣ ਲਾ ਦਿੰਦੇ ਹਨ । ਪਿਆਸਾ ਜੀ ਕਾਲਜ ਦੇ ਦਿਨਾਂ ਤੋਂ ਲਿਖਦੇ ਆ ਰਹੇ ਹਨ ਤੇ ਕਿਤਾਬੀ ਰੂਪ ਮੈਂ ਕੀ ਹਾਂ ਵਿੱਚ ਨੇੜ ਭਵਿੱਖ ਵਿੱਚ ਸੰਗੀਤ-ਸਰੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ । ਕੋਟਕਪੂਰੇ ਨੂੰ ਆਪਣੇ ਇਸ ਗੀਤ ਰਚੇਤਾ ਤੇ ਵੱਡੀਆਂ ਆਸਾਂ ਤੇ ਬਹੁਤ ਸਾਰਾ ਮਾਣ ਹੈ ।

ਪੂਨਮ ਗਰਗ