ਫਰੀਦਕੋਟ ਜਿਲੇ ਦਾ ਘੁੱਗ ਵਸਦਾ ਪਿੰਡ ਲੰਭਵਾਲੀ


    ਫਰੀਦਕੋਟ ਜਿਲੇ ਦਾ ਘੁੱਗ ਵਸਦਾ ਪਿੰਡ ਲੰਭਵਾਲੀ, ਜੋ ਐਨ ਐਚ 15 ਨੈਸ਼ਨਲ ਹਾਈਵੇ ਬਾਜਾਖਾਨਾ- ਬਰਗਾੜੀ ਮੁੱਖ ਮਾਰਗ ਤੇ ਚੜਦੇ ਵਾਲੇ ਪਾਸੇ ਸਥਿਤ ਹੈ । ਕਰੀਬ 4000 ਦੀ ਅਬਾਦੀ ਅਤੇ 1200 ਏਕੜ ਰਕਬੇ ਵਾਲੇ ਇਸ ਪਿੰਡ ਵਿੱਚ 1732 ਵੋਟਰ ਹਨ। ਇਸ ਪਿੰਡ ਵਿੱਚ ਸਾਰੀਆਂ ਜਾਤੀਆਂ ਦੇ ਲੋਕ ਵਸਦੇ ਹਨ ਤੇ ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ । ਇਸ ਪਿੰਡ ਦੇ ਵੱਖ ਵੱਖ ਮਹਿਕਮਿਆਂ ਵਿੱਚ ਕਰੀਬ 150 ਸਰਕਾਰੀ ਮੁਲਾਜਮ ਹਨ । ਪਿੰਡ ਦੀਆਂ ਔਰਤਾਂ ਦਾ ਆਪਣੇ ਮਰਦਾਂ ਨਾਲ ਕੰਮਾਂ ਪ੍ਰਤੀ ਸਹਿਯੋਗ ਦਾ ਪੂਰਾ ਉਤਸ਼ਾਹ ਰਹਿੰਦਾ ਹੈ । ਪਿੰਡ ਵਿੱਚ ਪੰਚਾਇਤ ਘਰ, ਅਨੁਸੂਚਿਤ ਜਾਤੀ ਧਰਮਸ਼ਾਲਾ , ਮਿੱਡਲ ਸਕੂਲ , ਕੋਆਪ੍ਰੇਟਿਵ ਸੋਸਾਇਟੀ , ਡੇਰਾ ਬਾਬਾ 108 ਸਵਾਮੀ ਪਰਮਾ ਨੰਦ ਜੀ ,ਮੰਦਰ ਬਾਬਾ ਬਾਲਮੀਕ ਜੀ , ਇਤਿਹਾਸਕ ਗੁਰਦਵਾਰਾ ਸਾਹਿਬ ਤੇ ਬੌਰੀਆ ਬਰਾਦਰੀ ਦੇ ਧਾਰਮਿਕ ਸਥਾਨ ਹਨ । ਇਸ ਇਤਿਹਾਸਕ ਪਿੰਡ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਸ਼ੋਹ ਪ੍ਰਾਪਤ ਹੈ ਜਿਨਾਂ ਦੀ ਯਾਦ ਵਿੱਚ ਇਤਿਹਾਸਕ ਗੁਰਦਵਾਰਾ ਸਾਹਿਬ ਸੁਸ਼ੋਬਿਤ ਹੈ। ਇਹ ਪਿੰਡ ਲਿੰਕ ਸੜਕਾਂ ਰਾਂਹੀ ਕੋਟਕਪੂਰਾ - ਬਠਿੰਡਾ ਰੋਡ , ਮੱਲਾ ਭਗਤਾ , ਬਰਗਾੜੀ ਬਾਜਾਖਾਨਾ , ਵਾਂਦਰ ਡੋਡ, ਝੱਖੜ ਵਾਲਾ ਆਦਿ ਪਿੰਡਾਂ ਨੂੰ ਜੋੜਦਾ ਹੈ । ਪੁਰਾਣੇ ਸਮੇਂ ਦੌਰਾਨ ਇਸ ਜਗਾ ਉਪਰ ਸੋਢੀ ਵੰਸ ਦੀ ਘੋੜਿਆਂ ਦੀ ਚਰਾਂਦ ਹੁੰਦੀ ਸੀ ਜਿਸ ਵਿੱਚ ਘੋੜਿਆਂ ਦੇ ਪੀਣ ਲਈ ਪਾਣੀ ਦੀ ਢਾਬ ਸੀ ਜਿਸ ਵਿੱਚ ਲੰਬਾ ਲੰਬਾ ਘਾਹ ਉਗਿਆ ਹੁੰਦਾ ਸੀ ਜੋ ਲੰਬੇ ਘਾਹ ਵਾਲੀ ਢਾਬ ਦੇ ਨਾਂ ਨਾਲ ਮਸ਼ਹੂਰ ਸੀ ਇਸ ਜਗਾ ਉਪਰ ਢਾਬ ਹੋਣ ਕਾਰਨ ਲੋਕਾਂ ਦਾ ਆਉਣਾ ਜਾਣਾ ਹੁੰਦਾ ਸੀ ਤੇ ਇਸ ਥਾਂ ਤੇ ਜੱਟ ਬਿਧੀਆ ਸਿੰਘ ਗਿੱਲ ਨੇ ਆਪ ਅਤੇ ਆਪਣੇ ਰਿਸ਼ਤੇਦਾਰਾਂ ਦੀ ਮੱਦਦ ਨਾਲ ਪਿੰਡ ਅਬਾਦ ਕੀਤਾ ਸੀ ਤੇ ਇਥੇ ਵਸਣ ਵਾਲਿਆਂ ਨੇ ਲੰਬੇ ਘਾਹ ਵਾਲੀ ਢਾਬ ਦੇ ਨਾਂ ਤੋਂ ਬਦਲ ਕੇ ਇਸ ਪਿੰਡ ਦਾ ਨਾਂ ਲੰਭਵਾਲੀ ਰੱਖ ਲਿਆ ਤੇ ਹੌਲੀ ਹੌਲੀ ਇਹ ਪਿੰਡ ਭਾਰਤ ਦੇ ਨਕਸ਼ੇ ਤੇ ਚੜ ਗਿਆ । ਤੇ ਪੰਚਾਇਤੀ ਐਕਟ ਲਾਗੂ ਹੋਣ ਤੇ ਪਿੰਡ ਵਿੱਚ ਕ੍ਰਮਵਾਰ ਬਖਸ਼ੀਸ਼ ਸਿੰਘ , ਇੰਦਰ ਸਿੰਘ , ਬਲਵੀਰ ਸਿੰਘ , ਮਹਿੰਦਰ ਸਿੰਘ ਵੜਿੰਗ , ਗੁਰਚਰਨ ਸਿੰਘ ਦੀ ਪਤਨੀ ਅਮਰਜੀਤ ਕੌਰ, ਜਗਦੇਵ ਸਿੰਘ , ਲਛਮਣ ਸਿੰਘ , ਸੁਖਜੀਤ ਕੌਰ ਇਸ ਪਿੰਡ ਦੇ ਸਰਪੰਚ ਬਣੇ ਤੇ ਹੁਣ ਨੌਜਵਾਨ ਤੇ ਪੜੇ ਲਿਖੇ ਸ: ਅਮਨਦੀਪ ਸਿੰਘ ਇਸ ਪਿੰਡ ਦੇ ਸਰਪੰਚ ਹਨ । ਪਿੰਡ ਵਿੱਚ ਮੌਜੂਦਾ ਸਰਪੰਚ ਅਮਨਦੀਪ ਦੇ ਪਿਤਾ ਸ: ਰੇਸ਼ਮ ਸਿੰਘ ਇਕੱਲੇ ਹੀ ਨੰਬਰਦਾਰ ਹਨ । ਪਿੰਡ ਵਿੱਚ ਸਾਰੇ ਗੋਤਾਂ ਦੇ ਲੋਕ ਹੀ ਵਸਦੇ ਹਨ । ਪਿੰਡ ਵਿੱਚ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਇਕੱਠੇ ਹੋਕੇ ਈਗਲ ਸਪੋਰਟਸ ਕਲੱਬ , ਸ਼ਹੀਦ ਭਗਤ ਸਿੰਘ ਸੁਧਾਰ ਕਲੱਬ ਅਤੇ ਹਿਊਮਨ ਵੈਲਫੇਅਰ ਔਰਗੇਨਾਈਜੇਸ਼ਨ ਸੰਸਥਾ ਦਾ ਗਠਨ ਕੀਤਾ ਹੈ ਜਿਸ ਨਾਲ ਉਹ ਸਮੇਂ ਸਮੇਂ ਸਿਰ ਪਿੰਡ ਦੀਆ ਜਰੂਰਤਾਂ ਲਈ ਕੰਮ ਕਰਦੇ ਰਹਿੰਦੇ ਹਨ ਆਏ ਸਾਲ ਪਿੰਡ ਵਿੱਚ ਕਬੱਡੀ ਵਾਲੀਬਾਲ ਦਾ ਟੂਰਨਾਂਮੈਂਟ ਕਰਵਾਇਆ ਜਾਂਦਾ ਹੈ। ਇਥੋਂ ਦੀ ਸੰਸਥਾ ਹਿਊਮਨ ਵੈਲਫੇਅਰ ਔਰਗੇਨਾਈਜੇਸ਼ਨ ਵਲੋਂ ਦਾਜ ਤੋਂ ਤੰਗ ਧੀਆਂ ਦੇ ਕੇਸਾਂ ਦੀ ਪੈਰਵਾਈ ਕਰਕੇ ਉਨਾਂ ਦੇ ਨਬੇੜੇ ਕੀਤੇ ਜਾਂਦੇ ਹਨ । ਇਹ ਸੰਸਥਾ ਕੌਮੀ ਪੱਧਰ ਤੇ ਕੰਮ ਕਰ ਰਹੀ ਹੈ । ਦੇਸ਼ ਦੀ ਅਜਾਦੀ ਦੀ ਖਾਤਰ ਇਸ ਪਿੰਡ ਦਾ ਵੱਡਾ ਯੋਗਦਾਨ ਰਿਹਾ ਹੈ । ਭਾਰਤ-ਪਾਕਿ ਜੰਗ ਦੌਰਾਨ ਇਸ ਪਿੰਡ ਦੇ ਜੋਰਾ ਸਿੰਘ ਸ਼ਹੀਦ ਹੋਏ ਤੇ ਜੈਤੋ ਦੇ ਮੋਰਚੇ ਵਿੱਚ ਸੁਰੈਣ ਸਿੰਘ ਮਾਨ ਨੇ ਸ਼ਹੀਦੀ ਦਿੱਤੀ । ਸ: ਫੁੰਮਣ ਸਿੰਘ ਪਿੰਡ ਦੇ ਅਜਾਦੀ ਘੁਲਾਟੀਏ ਦੇ ਨਾਂ ਨਾਲ ਜਾਣੇ ਜਾਂਦੇ ਹਨ । ਪਿੰਡ ਵਿੱਚ ਸਰਕਾਰੀ ਸਹੂਲਤਾਂ ਵਿੱਚ ਕੋਅਪ੍ਰੇਟਿਵ ਸੋਸਾਇਟੀ ਮੌਜੂਦ ਹੈ ਜਿਥੇ ਕਿਸਾਨਾਂ ਨੂੰ ਘੱਟ ਰੇਟ ਤੇ ਬੀਜ ਖਾਦ ਤੇ ਹੋਰ ਘਰੇਲੂ ਸਮਾਨ ਦਿੱਤਾ ਜਾਂਦਾ ਹੈ ਤੇ ਸੋਸਾਇਟੀ ਦੇ ਅਹੁਦੇਦਾਰਾਂ ਦੀ ਮੰਗ ਹੈ ਕਿ ਛੋਟੇ ਕਿਸਾਨਾਂ ਨੂੰ ਟਰੈਕਟਰ ਹਲ ਕਿਰਾਹਾ ਆਦਿ ਦੀ ਸਹੂਲਤ ਦੇਣ ਲਈ ਸਰਕਾਰੀ ਗਰਾਂਟ ਦੀ ਜਰੂਰਤ ਹੈ ਤਾਂ ਕਿ ਖੇਤੀਬਾੜੀ ਦੇ ਸੰਬੰਧਤ ਸੰਦ ਬਣਾ ਕੇ ਕਿਸਾਨਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾਵੇ । ਸਰਕਾਰ ਵਲੋਂ ਗਰੀਬ ਲੋਕਾਂ ਲਈ ਬੁਢਾਪਾ ਪੈਨਸ਼ਨਾਂ ਲਗਵਾਈਆਂ ਗਈਆਂ ਹਨ । ਬਾਕੀ ਪਿੰਡਾਂ ਵਾਂਗ ਪਿੰਡ ਵਿੱਚ ਆਰ ਉ ਸਿਸਟਮ ਵੀ ਮੌਜੂਦ ਹੈ । ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹਨ । ਪਿੰਡ ਵਿੱਚ ਸਰਕਾਰ ਨੇ ਗਰਾਂਟ ਦੇ ਕੇ ਜਿੰਮ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ । ਪੁਰਾਣੇ ਸਮੇਂ ਦੋਰਾਨ ਪਿੰਡ ਵਿੱਚ ਪ੍ਰਾਇਮਰੀ ਸਕੂਲ ਦੀ ਸਥਾਪਨਾ ਹੋਈ ਸੀ ਜੋ ਅਪਗ੍ਰੇਡ ਹੋ ਕੇ ਮਿੱਡਲ ਬਣ ਚੁੱਕਾ ਹੈ ਇਸ ਸਕੂਲ ਵਿੱਚ ਬਹੁ ਗਿਣਤੀ ਵਿੱਚ ਬੱਚੇ ਦਾਖਲ ਹਨ । ਸਕੂਲ ਵਿੱਚ ਮਿੱਡ ਡੇ ਮੀਲ , ਕਿਤਾਬਾਂ ਕਾਪੀਆਂ ਤੇ ਮੁਫਤ ਪੜਾਈ ਸਰਕਾਰ ਦੀ ਬਹੁਤ ਵੱਡੀ ਸਹੂਲਤ ਮੌਜੂਦ ਹੈ । ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ ਵਿੱਚ ਸਕੂਲ ਨੂੰ ਅਪਗ੍ਰੇਡ ਕਰਨਾ , ਪਿੰਡ ਵਿੱਚ ਬੈਂਕ ਦੀ ਬਰਾਂਚ ਖੋਲਣਾ , ਪੋਸਟ ਆਫਿਸ ਦਾ ਨਿਰਮਾਣ , ਡਿਸਪੈਂਸਰੀ , ਪਸ਼ੂ ਡਿਸਪੈਂਸਰੀ ਅਤੇ ਦਾਨਾ ਮੰਡੀ , ਲਾਇਬ੍ਰੇਰੀ ਆਦਿ ਸ਼ਾਮਲ ਹਨ । ਪਿੰਡ ਵਿੱਚ ਇੱਕ ਪੁਰਾਣਾ ਤੇ ਵੱਡਾ ਛੱਪੜ ਵੀ ਮੌਜੂਦ ਹੈ ਜਿਸ ਦੇ ਪਾਣੀ ਦੀ ਨਿਕਾਸੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਤੇ ਨਾ ਹੀ ਉਸ ਦੀ ਚਾਰਦਿਵਾਰੀ ਹੋਈ ਹੈ । ਜਿਸ ਕਾਰਨ ਪਿੰਡ ਦੇ ਸੀਵਰੇਜ ਦਾ ਗੰਦਾ ਪਾਣੀ ਵੀ ਛੱਪੜ ਵਿੱਚ ਹੀ ਪੈਂਦਾ ਹੈ । ਜਿਸ ਕਾਰਨ ਪਿੰਡ ਵਿੱਚ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ । ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਦੇ ਸੁਧਾਰ ਲਈ ਗਰਾਂਟ ਦਿੱਤੀ ਜਾਵੇ । ਪਿੰਡ ਵਿੱਚ ਉਦਾਸੀਨ ਡੇਰਾ 108 ਸਵਾਮੀ ਰਾਮ ਨਿਵਾਸ ਜੀ ਦੇ ਨਾਂ ਉਪਰ ਸਥਿਤ ਹੈ ਇਸ ਡੇਰੇ ਅੰਦਰ ਡੇਰੇ ਦੇ ਸੰਸਥਾਪਕ ਸੋਢੀ ਬਾਬਾ ਦੀਦਾਰ ਸਿੰਘ ਜੀ ਦੀ ਸਮਾਧੀ ਬਣੀ ਹੋਈ ਹੈ । ਇਸ ਡੇਰੇ ਨੂੰ ਬਾਬਾ ਰਾਮ ਦਾਸ ਜੀ ਨੇ ਸੰਭਾਲਿਆ, ਇਸ ਸਥਾਨ ਤੇ ਸ਼ਿਵਜੀ ਮਹਾਰਾਜ ਦੀ ਪੂਜਾ ਕੀਤੀ ਜਾਂਦੀ ਹੈ । ਪਿੰਡ ਦੇ ਲੋਕ ਜਾਤੀ ਵਾਦ ਤੇ ਧਰਮਾਂ ਤੋਂ ਪਾਸੇ ਹੱਟ ਕੇ ਇਸ ਡੇਰੇ ਵਿੱਚ ਸ਼ਰਧਾ ਪੂਰਵਕ ਸੀਸ ਝੁਕਾਉਂਦੇ ਹਨ। ਇਸ ਡੇਰੇ ਦੀ ਸੇਵਾ ਬਾਬਾ ਸੰਤ ਬੁੱਧ ਦਾਸ ਜੀ ਕਰ ਰਹੇ ਹਨ । ਪਿੰਡ ਦੇ ਲੋਕ ਪਾਰਟੀ ਬਾਜੀ ਤੋਂ ਪਾਸੇ ਹੱਟ ਕੇ ਪਿਆਰ ਮਹੁੱਬਤ ਨਾਲ ਰਹਿੰਦੇ ਹਨ ।
ਸ਼ਾਮ ਲਾਲ ਚਾਵਲਾ
ਮੀਡੀਆ ਰਿਪੋਰਟਰ
98550-56277