ਮਾਈ ਭਾਗੋ ਦੀ ਚਰਨ ਛੋਹ ਪ੍ਰਾਪਤ ਪਿੰਡ ਫਿੱਡੇ ਖੁਰਦ


    ਜੈਸਲਮੇਰ ਤੋਂ ਆਏ ਬਰਾੜਾਂ ਨੇ ਵਸਾਇਆ ਸੀ ਪਿੰਡ ਖਾਰਾ ਇਤਿਹਾਸ ਅਨੁਸਾਰ ਇਹ ਪਿੰਡ ਕੋਈ ਢਾਈ ਕੁ ਸੌ ਸਾਲ ਪਹਿਲਾਂ ਜੈਸਲਮੇਰ ਤੋਂ ਆਏ ਬਰਾੜ ਫੱਤੇ ਨੇ ਬੰਨਿਆ ਸੀ । ਇਥੇ ਮਰਾੜ ਜਾਤੀ ਦੇ ਮੁਸਲਮਾਨ ਰਹਿੰਦੇ ਸਨ ਜਿਨਾਂ ਨੇ ਇਹ ਪਿੰਡ ਬੰਨਣ ਵਿੱਚ ਕਈ ਅੜਚਨਾ ਪਾਈਆਂ । ਫੱਤੇ ਨੇ ਆਪਣਾ ਭਰਾ ਥਰਾਜ ਤੇ ਫਿਰ ਮਤਰੇਏ ਭਰਾ ਢੋਲਾ ਤੇ ਖੀਵਾ ਜੈਸਲਮੇਰ ਤੋਂ ਲੈ ਆਂਦੇ । ਇਥੇ ਖੈਰਾ ਨਾਂ ਦੇ ਮੁਸਲਮਾਨ ਦੀ ਢਾਬ ਹੁੰਦੀ ਸੀ ਤੇ ਇਨਾਂ ਸਾਰੇ ਭਰਾਵਾਂ ਨੇ ਖੈਰਾ ਨਾਂ ਦੇ ਮੁਸਲਮਾਨ ਨੂੰ ਭਜਾ ਕੇ ਉਸਦੀ ਢਾਬ ਨੇੜੇ ਇਹ ਪਿੰਡ ਬੰਨਿਆ । ਖੈਰਾ ਤੋਂ ਵਿਗੜਦਾ ਇਸ ਪਿੰਡ ਦਾ ਨਾਂ ਖਾਰਾ ਬਣ ਗਿਆ। ਇਸ ਪਿੰਡ ਦੇ ਨਾਮ ਕਰਨ ਬਾਰੇ ਆਮ ਬਜੁਰਗਾਂ ਵਿੱਚ ਚਰਚਾ ਇਹ ਵੀ ਹੈ ਕਿ ਇਸ ਥਾਂ ਦੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਇਸ ਪਿੰਡ ਦਾ ਨਾਂ ਖਾਰਾ ਪਿਆ ਸੀ । ਚਾਰ ਬਰਾੜ ਭਰਾਵਾਂ ਦੇ ਨਾਂ ਤੇ ਇਸ ਪਿੰਡ ਵਿੱਚ ਚਾਰ ਪੱਤੀਆਂ ਹਨ ਢੋਲਾ , ਖੀਵਾ , ਥਰਾਜ ਤੇ ਫੱਤਾ । ਅੱਜ ਵੀ ਚਾਰ ਪੱਤੀਆਂ ਦੇ ਨੰਬਰਦਾਰ ਅੱਡੋ ਅੱਡ ਹਨ । ਥਰਾਜ ਪੱਤੀ ਦੇ ਨੰਬਰਦਾਰ ਹਨ ਨਗਿੰਦਰ ਸਿੰਘ ਖੀਵਾ ਪੱਤੀ ਦੇ ਹਰਬੰਸ ਸਿੰਘ , ਢੋਲਾ ਪੱਤੀ ਦੇ ਜਸਬੀਰ ਸਿੰਘ ਅਤੇ ਫੱਤਾ ਪੱਤੀ ਦੇ ਤੇਜਿੰਦਰ ਸਿੰਘ ਨੰਬਰਦਾਰ ਹਨ । ਜੋ ਸਾਰੇ ਬਰਾੜ ਹਨ । ਉਦੇਕਰਨ ਅਤੇ ਚੱਕ ਕਲਿਆਣ ਨਾਂ ਦੇ ਪਿੰਡ ਵੀ ਇਸ ਪਿੰਡ ਵਿੱਚੋਂ ਬੱਝੇ ਹਨ । ਕੋਟਕਪੂਰਾ - ਮੁਕਤਸਰ ਸੜਕ ਤੇ ਕੋਟਕਪੂਰਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਵਾਂਦਰ ਜਾਟਾਣੇ ਦੇ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਖਾਰਾ ਸਾਬਕਾ ਰਿਆਸਤ ਫਰੀਦਕੋਟ ਦਾ ਮੁਕਤਸਰ ਵੱਲ (ਅੰਗਰੇਜੀ ਇਲਾਕੇ ਦਾ ) ਸਰਹੱਦੀ ਪਿੰਡ ਸੀ । ਇਥੇ ਰਾਜਾ ਫਰੀਦਕੋਟ ਦੀ ਇੱਕ ਚੌਂਕੀ ਸੀ । ਜਿਸ ਵਿੱਚ ਖਾਰੇ ਪਿੰਡ ਦੇ ਵਸਨੀਕ ਹੀ ਰਾਜੇ ਦੇ ਮੁਲਾਜਮ ਸਨ ਜਿਨਾਂ ਨੂੰ ਥੋੜੀ ਜਿਹੀ ਉਜਰਤ ਮਿਲਦੀ ਸੀ । ਰਿਆਸਤ ਫਰੀਦਕੋਟ ਦੇ ਚੌਂਹੀ ਦਿਸ਼ਾਵੀਂ ਸੜਕਾਂ ਦੀ ਸਰਹੱਦ ਉਤੇ ਅਜਿਹੀਆਂ ਚੌਂਕੀਆਂ ਸਨ । ਤਤਕਾਲੀਨ ਰਿਆਸਤੀ ਰਾਜਾ ਇਸ ਗੱਲੋਂ ਪ੍ਰਸੰਨ ਸੀ ਕਿ ਪਿੰਡ ਦੇ ਵਸਨੀਕ ਨਿਗੁਣੀਆਂ ਉਜਰਤਾਂ ਲੈ ਕੇ ਰਿਆਸਤ ਦੀ ਰੱਖਿਆ ਕਰਦੇ ਹਨ । ਇਸ ਦੇ ਇਵਜ ਵਿੱਚ ਰਾਜੇ ਨੇ 1905 ਵਿੱਚ ਇੱਥੇ ਪ੍ਰਾਇਮਰੀ ਸਕੂਲ ਬਣਾ ਦਿੱਤਾ । 1936 ਵਿੱਚ ਇਹ ਲੋਅਰ ਮਿੱਡਲ (ਛੇਵੀਂ ਤੱਕ) 1938 ਵਿੱਚ ਮਿੱਡਲ ਅਤੇ 1947 ਵਿੱਚ ਹਾਈ ਸਕੂਲ ਬਣਿਆ । ਅੱਜ ਕੱਲ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਅਤੇ ਇਸ ਦੇ ਪ੍ਰਿਸੀਪਲ ਬੀਰਬਲ ਸਿੰਘ ਹਨ , ਜਿਨਾਂ ਦੀ ਮਿਹਨਤ ਸਦਕਾ ਇਹ ਸਕੂਲ ਬੜੀ ਸ਼ਾਨੌ ਸ਼ੌਕਤ ਨਾਲ ਚੱਲ ਰਿਹਾ ਹੈ । ਜੀਟੀ ਰੋਡ ਤੇ ਚੱਲ ਰਹੇ ਇਸ ਸਕੂਲ ਦੇ ਅੱਜ ਕੱਲ ਦੋ ਹਿੱਸੇ ਹਨ ਇੱਕ ਪੁਰਾਣਾ ਸਕੂਲ ਅਤੇ ਦੂਜਾ ਇਸ ਦੇ ਬਿਲਕੁਲ ਸਾਹਮਣੇ ਬਣ ਰਿਹਾ ਨਵਾਂ ਸਕੂਲ ਜਿਸ ਵਿੱਚ 14 ਜਮਾਤ ਕਮਰੇ ਤੇ ਤਿੰਨ ਲੈਬਾਰਟਰੀਆਂ ਹਨ । ਇਸ ਪਾਸੇ ਨੌਂਵੀ ਤੋਂ ਬਾਰਵੀਂ ਤੱਕ ਜਮਾਤਾਂ ਲੱਗਦੀਆਂ ਹਨ । ਪੁਰਾਣੀ ਇਮਾਰਤ ਵਿੱਚ ਛੇਂਵੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਲੱਗਦੀਆਂ ਹਨ । ਪ੍ਰਿਸੀਪਲ ਦਫਤਰ ਤੇ ਸਟਾਫ ਰੂਮ ਏਸੇ ਇਮਾਰਤ ਵਿੱਚ ਹਨ । ਇਹ ਸਾਰੀ ਇਮਾਰਤ ਅਸੁਰੱਖਿਤ ਐਲਾਨੀ ਜਾ ਚੁੱਕੀ ਹੈ ਪਰ ਫਿਲਹਾਲ ਵਿਦਿਆਰਥੀ ਅਤੇ ਅਧਿਆਪਕ ਬੜੀ ਤਕਲੀਫ ਵਿੱਚ ਹਨ । ਦੋ ਸਰਕਾਰੀ ਪ੍ਰਾਇਮਰੀ ਸਕੂਲ ਹਨ । ਇਸਦੇ ਮੋਢੀ ਅਧਿਆਪਕਾਂ ਵਿੱਚ ਬੀਬੀ ਹਿਤਵੰਤ ਕੌਰ ਬਰਾੜ ਅਤੇ ਬੀਬੀ ਸਤਵੰਤ ਕੌਰ ਮਾਨ ਵੀ ਸ਼ਾਮਲ ਹਨ । 1947 ਵਿੱਚ ਪਾਕਿਸਤਾਨ ਬਣ ਜਾਣ ਤੇ ਵਾਲੀਏ ਰਿਆਸਤ ਫਰੀਦਕੋਟ ਫੀ ਮਨਸ਼ਾ ਸੀ ਕਿ ਕਤਲਾਂ ਨਾਲ ਸੜ ਰਹੇ ਬਾਕੀ ਪੰਜਾਬ ਦੇ ਵਿਪਰੀਤ ਰਿਆਸਤ ਦਾ ਇੱਕ ਵੀ ਮੁਸਲਮਾਨ ਕਤਲ ਹੋ ਕੇ ਦੰਗਿਆਂ ਦੀ ਭੇਂਟ ਨਾ ਚੜੇ । ਇਸ ਇਰਾਦੇ ਤੇ ਅਮਲ ਲਈ ਰਿਆਸਤ ਦੇ ਸਾਰੇ ਮੁਸਲਮਾਨ ਪਰਿਵਾਰ ਖਾਰੇ ਵਿੱਚ ਇਕੱਠੇ ਕਰ ਲਏ ਗਏ । ਇਥੋਂ ਹੀ ਅੰਗਰੇਜੀ ਇਲਾਕਾ ਸ਼ੁਰੂ ਹੁੰਦਾ ਸੀ । ਇਹ ਵਿਉਂਤਿਆ ਗਿਆ ਸੀ ਕਿ ਰਿਆਸਤੀ ਫੌਜ ਦੇ ਸਾਏ ਅਧੀਨ ਸਾਰੇ ਮੁਸਲਮਾਨ ਪਰਵਾਰਾਂ ਨੂੰ ਫਾਜਿਲਕਾ ਸਰਹੱਦ ਰਾਂਹੀ ਸੁਰੱਖਿਅਤ ਪਾਕਿਸਤਾਨ ਪੁਚਾ ਦਿੱਤਾ ਜਾਵੇ । ਬਦਕਿਸਮਤੀ ਨਾਲ ਰਾਜੇ ਦੇ ਮਨੁੱਖੀ ਮਨਸੂਬੇ ਉਦੋਂ ਧਰੇ ਧਰਾਏ ਰਹਿ ਗਏ ਜਦੋਂ ਸਰਾਏ ਨਾਗਾ ਕੋਲ ਹੀ ਇਸ ਕਾਫਲੇ ਤੇ ਦੰਗਈਆਂ ਨੇ ਹਮਲਾ ਕਰ ਦਿੱਤਾ ਤੇ ਸਮੂਹਿਕ ਰੂਪ ਵਿੱਚ ਮੁਸਲਮਾਨ ਕਤਲ ਕਰ ਦਿੱਤੇ ਗਏ । ਜਿਹੜੇ ਬਚੇ ਉਹ ਖਾਰੇ ਚ ਹੀ ਵਾਪਸ ਆ ਗਏ । ਇਹ ਪਿੰਡ ਮੁੱਖ ਤੌਰ ਤੇ ਬਰਾੜਾਂ ਦਾ ਪਿੰਡ ਹੈ । ਗਿੱਲਾਂ ਦਾ ਕੇਵਲ ਇੱਕ ਘਰ ਥਰਾਜ ਪੱਤੀ ਵਿੱਚ ਸੀ । ਕੁਝ ਗਿਣਤੀ ਵਿੱਚ ਦਲਿਤਾਂ ਅਤੇ ਹੋਰ ਜਾਤੀਆਂ ਦੇ ਘਰ ਵੀ ਹਨ । ਇਸ ਪਿੰਡ ਦੀਆਂ ਵੋਟਾਂ 4100 ਹਨ ਤੇ ਆਬਾਦੀ 16 ਹਜਾਰ ਤੋਂ ਉੱਤੇ । ਪਾਕਿਸਤਾਨ ਬਣ ਜਾਣ ਉਪਰੰਤ ਇਸ ਪਿੰਡ ਦੀ ਪਹਿਲੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ । ਉਦੋਂ ਸਰਪੰਚ ਨੂੰ ਚੂਹਾ ਤੇ ਪੰਚਾਂ ਨੂੰ ਚੂਹੀਆਂ ਕਿਹਾ ਜਾਂਦਾ ਸੀ । ਪਹਿਲਾਂ ਚੂਹੀਆਂ ਚੁਣੀਆਂ ਗਈਆਂ ਤੇ ਫੇਰ ਚੂਹਾ (ਸਰਪੰਚ) ਕਰਨੈਲ ਸਿੰਘ ਬਰਾੜ ਚੁਣਿਆ ਗਿਆ । ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਹਰਚਰਨ ਸਿੰਘ ਬਰਾੜ ਦਾ ਮਿੱਤਰ ਸੀ । ਪਿਛਲੀਆਂ ਚੋਣਾਂ ਸਮੇਂ ਪਿੰਡ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ । ਇੱਕ ਜਨਰਲ ਤੇ ਇੱਕ ਰਾਖਵੀਂ । ਜਨਰਲ ਪੰਚਾਇਤ ਦੇ ਸਰਪੰਚ ਹਨ ਬੀਬੀ ਬਲਜੀਤ ਕੌਰ ਬਰਾੜ ਅਤੇ ਰਾਖਵੀਂ ਦੇ ਸਰਪੰਚ ਹਨ ਬੀਬੀ ਗੁਰਬਿੰਦਰ ਕੌਰ । ਇਸ ਪਿੰਡ ਦਾ ਫਰੀਦਕੋਟ ਰਿਆਸਤ ਦੇ ਹੁਕਮਰਾਨਾਂ ਨਾਲ ਇੱਕ ਹੋਰ ਮੋਹ ਦਾ ਰਿਸ਼ਤਾ ਸੀ । ਮਹਾਰਾਜੇ ਦੇ ਖਾਨਦਾਨ ਵਿੱਚ ਜਦ ਕੋਈ ਬੱਚਾ ਜੰਮਦਾ ਤਾਂ ਰਾਣੀਆਂ ਆਪਣੀ ਸੁੰਦਰਤਾ ਖਤਮ ਹੋਣ ਦੇ ਡਰੋਂ ਬੱਚੇ ਨੂੰ ਆਪਦਾ ਦੁੱਧ ਨਹੀਂ ਸਨ ਚੁੰਘਾਉੰਦੀਆਂ । ਖਾਰੇ ਦੇ ਬਰਾੜ ਪਰਿਵਾਰਾਂ ਵਿਚੋਂ ਹੀ ਇੱਕ ਅਜਿਹਾ ਪਰਿਵਾਰ ਸੀ ਜਿਸਦੀਆਂ ਔਰਤਾਂ ਸਬੰਧਤ ਬੱਚਿਆਂ ਨੂੰ ਆਪਣਾ ਦੁੱਧ ਚੁੰਘਾ ਕੇ ਪਾਲਦੀਆਂ ਸਨ । ਤੇ ਇਹ ਪਰਿਵਾਰ ਚੁੰਘਾਵਿਆਂ ਦਾ ਪਰਵਾਰ ਕਰਕੇ ਹੀ ਮਸ਼ਹੂਰ ਹੋ ਗਿਆ ਸੀ । ਪਿੰਡ ਵਿੱਚ ਵਾਟਰ ਵਰਕਸ ਹੈ ਜਿਸਦੀ ਕਾਰਗੁਜਾਰੀ ਤੋਂ ਆਮ ਲੋਕ ਸੰਤੁਸ਼ਟ ਹਨ । ਮਨੁੱਖਾਂ ਅਤੇ ਪਸ਼ੂਆਂ ਲਈ ਡਿਸਪੈਂਸਰੀਆਂ ਹਨ । ਗਲੀਆਂ ਨਾਲੀਆਂ ਪੱਕੀਆਂ ਹਨ । ਇੱਕ ਦਾਣਾ ਮੰਡੀ ਅਤੇ ਇੱਕ ਮੈਰਿਜ ਪੈਲਿਸ ਹੈ । ਕੋਟਕਪੂਰਾ ਮੁਕਤਸਰ ਸੜਕ ਉਪਰ ਸ਼ਾਨਦਾਰ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਹੈ । ਜਿਥੇ ਦਿਨ ਰਾਤ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ । ਲਛਮਣ ਸਿੰਘ ਬਰਾੜ ਨੇ ਗੁਰਦੁਆਰਾ ਸਾਹਿਬ ਦੀ ਤਾਮੀਰ ਵਿੱਚ ਸ਼ਾਨਦਾਰ ਕੰਮ ਕੀਤਾ । ਪਿੰਡ ਵਿੱਚ ਵੱਡੀ ਪੱਧਰ ਤੇ ਕਲੱਬਾਂ ਬਣੀਆਂ ਹੋਈਆਂ ਹਨ ਜੋ ਸਮਾਜਸੇਵਾ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਆਪਣਾ ਕਿਰਦਾਰ ਨਿਭਾਉਂਦੀਆਂ ਹਨ । ਪਿੰਡ ਦੀਆਂ ਵਿਸੇਸ਼ ਸਖਸ਼ੀਅਤਾਂ ਵਿੱਚੋਂ ਇੱਕ ਸੀ ਥਾਣੇਦਾਰ ਗੁਰਦਿੱਤ ਸਿੰਘ , ਜੋ ਰਾਜੇ ਦ ਮੁਲਾਜਮ ਸੀ । ਸੱਜਣ ਸਿੰਘ ਤੇ ਮਿੱਠੂ ਸਿੰਘ ਭਲਵਾਨ ਸਨ ਜਿਨਾਂ ਦੀ ਇਲਾਕੇ ਵਿੱਚ ਝੰਡੀ ਰਹੀ ਸੀ । ਹਰਚੰਦ ਸਿੰਘ ਬਰਾੜ ਸਿਖਿਆ ਵਿਭਾਗ ਵਿੱਚ ਐਨ ਡੀ ਐਸ ਸਨ , ਜੋ ਲੁਧਿਆਣੇ ਅਤੇ ਬਠਿੰਡੇ ਵਿੱਚ ਵੀ ਰਹੇ । ਮੇਜਰ ਸਿੰਘ ਬਰਾੜ ਜੋ ਅਧਿਆਪਕ ਸਨ ਤੇ ਉਨਾਂ ਦਾ ਸਪੁੱਤਰ ਰਣਬੀਰ ਸਿੰਘ ਰਾਣਾ ਜੋ ਅੱਜ ਕੱਲ ਕਨੇਡਾ ਦੀ ਧਰਤੀ ਤੇ ਖਾਰੇ ਹੀ ਨਹੀਂ ਪੂਰੇ ਪੰਜਾਬ ਦੇ ਨਾਂ ਨੂੰ ਚਾਰ ਚੰਨ ਲਾ ਰਿਹਾ ਹੈ । ਪਿੰਡ ਵਿੱਚ ਪੇਂਡੂ ਸਭਿਆਚਾਰ ਦੇ ਪ੍ਰਤੀਕ ਛੱਪੜ , ਪੁਰਾਣੇ ਖੂਹ , ਸੰਤਾ ਦਾ ਡੇਰਾ ਆਦਿ ਮੌਜੂਦ ਹਨ । ਪਰ ਸਮੇਂ ਸਮੇਂ ਦੌਰਾਨ ਸਦੀਆਂ ਪੁਰਾਣੇ ਦਰਵਾਜੇ ਬੂਹੇ ਬਾਰੀਆਂ ਤੇ ਇਮਾਰਤਾਂ ਬਦਲ ਰਹੀਆਂ ਹਨ । ਪੁਰਾਣੀਆਂ ਹਵੇਲੀਆਂ ਤੇ ਸਵਾਤਾਂ ਦੀ ਥਾਂ ਲੋਕਾਂ ਨੇ ਮਾਡਰਨ ਕੋਠੀਆਂ ਵਿੱਢ ਲਈਆਂ ਹਨ । ਤੇ ਲੋਕ ਪੜਨ ਲਿਖਣ ਵਾਲੇ ਪਾਸੇ ਜਿਆਦਾ ਜਾ ਰਹੇ ਹਨ ਜੋ ਆਉਣ ਵਾਲੇ ਜਮਾਨੇ ਦੇ ਬਰਾਬਰ ਹੋਣ ਵਾਲੀ ਗੱਲ ਸਾਬਤ ਹੋ ਰਹੀ ਹੈ ।
ਸ: ਗੁਰਮੀਤ ਸਿੰਘ ਦੀ ਲਿਖਤ ਵਿਚੋਂ ਸਤਿਕਾਰ ਸਹਿਤ
ਸ਼ਾਮ ਲਾਲ ਚਾਵਲਾ ਮੀਡੀਆ ਰਿਪੋਰਟਰ