ਕੋਟਕਪੂਰਾ ਸ਼ਹਿਰ ਦੇ ਇਤਿਹਾਸ ਦੀਆਂ ਪੈੜਾਂ ਤੱਕ ਦਾ ਸਫਰ


    ਸਮੇਂ ਸਮੇਂ ਵਿੱਚ ਬਦਲਦੇ ਇਤਿਹਾਸ ਦਾ ਗਵਾਹ ਕੋਟਕਪੂਰਾ ਅੱਜ ਘੁੱਗ ਵਸਦਾ ਹੈ । ਇਸ ਦੀ ਕੁਖੋਂ ਜਨਮੇਂ ਬਹੁਤ ਸਾਰੇ ਹੀਰਿਆਂ ਨੇ ਇਸ ਦੇ ਨਾਂ ਨੂੰ ਚਾਰ ਚੰਨ ਲਗਾਏ ਹਨ । ਪੰਜਾਬ ਦੇ ਪ੍ਰਸਿੱਧ ਸ਼ਹਿਰਾਂ ਬਠਿੰਡਾ-ਫਿਰੋਜਪੁਰ ਦੇ ਮੱਧ ਵਿੱਚ ਵੱਸੇ ਇਸ ਨਗਰ ਦਾ ਅਤੀਤ ਮੁਗਲ ਕਾਲ ਦੇ ਆਰੰਭ ਨਾਲ ਜਾ ਜੁੜਦਾ ਹੈ । ਦਿੱਲੀ ਦੇ ਲੋਧੀ ਸੁਲਤਾਨਾਂ ਤੋਂ ਅੱਕੇ ਸ਼ਾਸਕਾਂ ਦੇ ਸੱਦੇ ਉਪਰ ਆਏ ਬਾਬਰ ਨੇ ਜਦੋਂ ਰਾਜਸੀ ਸਤੁੰਲਨ ਹੀ ਬਦਲ ਦਿੱਤਾ ਤਾਂ ਰਾਜਪੁਤਾਨੇ ਤੋਂ ਅਨੇਕਾਂ ਜੋਧੇ ਮਾਲਵੇ ਦੇ ਇਸ ਰਮਣੀਕ ਖਿੱਤੇ ਵੱਲ ਵਧਣ ਲਗ ਪਏ । ਇਨਾਂ ਵਿਚੋਂ ਜੈਸਲਮੇਰ ਦੇ ਬੈਰਾੜਾਂ ਨੇ ਅੱਜ ਕੋਟਕਪੂਰਾ ਕਹਾਉਂਦੇ ਇਸ ਇਲਾਕੇ ਦੇ ਚੌਤਰਫੀ ਵੱਡੇ ਵੱਡੇ ਹਿੱਸਿਆਂ ਤੇ ਮੱਲਾਂ ਮਰ ਲਈਆਂ । ਉਦੋਂ ਦਿੱਲੀ ਮੁਲਤਾਣ ਪਾਕਪਟਣ ਦੇ ਸ਼ਾਹ ਮਾਰਗ ਦੇ ਦੁਪਾਸੀ ਇਹ ਇਲਾਕਾ ਸੀ । ਇਸ ਇਲਾਕੇ ਵਿੱਚ ਇੱਕ ਪ੍ਰਚਲਤ ਅਖੌਤ ਹੈ - ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ , ਇਸ ਦੇ ਨਾਇਕ ਭੱਲਣ ਦਾ ਪਿਤਾ ਸੀ ਸੰਘਰ ਬੈਰਾੜ । ਬਾਬਰ ਦੇ ਜਮਾਨੇ ਵਿੱਚ ਸੰਘਰ ਨੇ ਗੜੀ ਸੰਘਰ ਜੋ ਅੱਜ ਗੁੜੀ ਸੰਘਰ ਬਣ ਗਿਆ ਵਸਾਇਆ । ਜੋ ਇਸ ਖਿੱਤੇ ਵਿੱਚ ਜਾਗੀਰੂ ਪ੍ਰਬੰਧ ਦੀ ਸਥਾਪਨਾ ਦਾ ਮੁੱਢ ਸੀ । ਬਾਬਰ ਦੇ ਪੋਤੇ ਅਕਬਰ ਦੇ ਦਰਬਾਰ ਵਿੱਚ ਸੰਘਰ ਦੇ ਪੁੱਤਰ ਭੱਲਣ ਨੇ ਨਾ ਕੇਵਲ ਰਸਾਈ ਹੀ ਪਾਈ ਸੀ ਸਗੋਂ ਬਾਦਸ਼ਾਹ ਦੇ ਸਲਾਹਕਾਰ ਦੀ ਹੈਸੀਅਤ ਵੀ ਪਾ ਲਈ ਸੀ । ਇਸ ਇਲਾਕੇ ਦੇ ਮਾਣ ਦੀ ਇਹ ਵੀ ਦਾਸਤਾਂ ਹੈ ਕਿ ਅਕਬਰ ਦਾ ਵਜੀਰ ਟੋਡਰ ਮੱਲ ਇਸ ਇਲਾਕੇ ਦੇ ਪਿੰਡ ਢਿਲਵਾਂ ਦਾ ਜੰਮਪਲ ਦਸੀਦਾ ਸੀ ਅਤੇ ਉਸ ਦੀ ਸ਼ਾਦੀ ਇਸੇ ਪਿੰਡ ਦੇ ਇੱਕ ਖਤਰੀ ਪਰਿਵਾਰ ਵਿੱਚ ਹੋਈ ਸੀ ਜਿਸ ਪਿੰਡ ਦਾ ਨਾਂ ਮਗਰੋਂ ਕੋਟਕਪੂਰਾ ਪੈ ਗਿਆ ਸੀ । 1634 ਵਿੱਚ ਭੱਲਣ ਦੀ ਮੌਤ ਹੋ ਗਈ ਉਸਦਾ ਪੁੱਤਰ ਕਪੂਰਾ ਕੇਵਲ 6 ਸਾਲ ਦਾ ਬਾਲਕ ਸੀ ਜਿਸਨੂੰ ਚੌਧਰ ਪ੍ਰਾਪਤ ਹੋਈ । ਬਾਲਗ ਹੋਣ ਤੇ ਕਪੂਰੇ ਨੇ ਇਲਾਕੇ ਵਿੱਚ ਆਪਣੀ ਰਾਜਧਾਨੀ ਤੇ ਕਿਲਾ ਬਣਾ ਲਿਆ।

    ਇਸ ਪਿੰਡ ਵਿੱਚ ਚੋਂ -ਤਰਫੋਂ ਕਿਰਤੀ ਵਰਗ ਦੇ ਲੋਕ ਵਾਹੀਵਾਨ ,ਕਾਰੀਗਰ ,ਛੀਬੇਂ, ਜੁਲਾਹੇ , ਤਰਖਾਣ , ਲੁਹਾਰ , ਮਿਸ਼ਰ ,ਕੁਮਾਰ , ਕਹਾਰ ਆਦਿ ਲਿਆ ਵਸਾਏ ਤੇ ਥੇੜੇ ਹੀ ਸਮੇਂ ਵਿੱਚ ਹੀ ਇਹ ਇਕ ਨਗਰ ਬਣ ਗਿਆ । ਇਹ ਕੋਈ 1661 ਜਾਂ 1664 ਈ: ਦਾ ਦੌਰ ਸੀ । ਕਪੂਰੇ ਦਾ ਕੋਟ ਦੇ ਤੌਰ ਤੇ ਉਸਰਿਆ ਇਹ ਸ਼ਹਿਰ ਲੋਕ ਉਚਾਰਣ ਚ ਕੋਟਕਪੂਰਾ ਬਣ ਗਿਆ । ਆਪਣੇ ਦੌਰ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲਦੇ ਚਲਦੇ 1705 ਈ: ਵਿੱਚ ਕੋਟਕਪੂਰੇ ਪੁੱਜੇ । ਇਥੇ ਉਨਾਂ ਦੀ ਮਿਲਣੀ ਚੋਧਰੀ ਕਪੂਰੇ ਨਾਲ ਹੋਈ ਜਿਸ ਦਾ ਵਿਸਤ੍ਰਿਤ ਬਿਰਤਾਂਤ ਤਵਾਰੀਖ ਖਾਲਸਾ ਦੇ ਪੰਨਾ 1438 ਤੇ ਦਰਜ ਹੈ । ਕਪੂਰੇ ਤੋਂ ਕਿਲਾ ਲੈ ਕੇ ਗੁਰੂ ਜੀ ਇਥੋਂ ਜੁਲਮ ਵਿਰੋਧ ਮੱਠੀ ਪਈ ਜੰਗ ਨੂੰ ਮੁੜ ਭਖਾਉਣਾ ਚਾਹੁੰਦੇ ਸਨ । ਪਰ ਕਪੂਰਾ ਸੂਬਾ ਸਰਹੰਦ ਦੇ ਕਹਿਰ ਤੋਂ ਕੰਬਦਾ , ਕਿਲਾ ਦੇਣ ਤੋਂ ਇਨਕਾਰੀ ਹੋਇਆ । ਉਸ ਦੀ ਬੇਦਿਲੀ ਤੋਂ ਨਾਰਾਜ ਗੁਰੂ ਜੀ ਉਸ ਨੂੰ ਉਹੀ ਡਰਾਵਣੇ ਅੰਜਾਮ ਦੀ ਦੁਰਅਸੀਸ ਦੇ ਗਏ ਜਿਸ ਤੋਂ ਉਹ ਭੈਭੀਤ ਸੀ ਤੇ ਕਹਿੰਦੇ ਹਨ ਕਪੂਰੇ ਤੇ ਉਸਦੇ ਕਿਲੇ ਨਾਲ ਉਵੇਂ ਹੀ ਵਾਪਰੀ ਸੀ । ਇੱਕ ਵਾਰਤਾ ਇਸ ਤਰਾਂ ਵੀ ਹੈ ਕਿ ਗੁਰੂ ਜੀ ਇਸ ਨਾ-ਖੁਸ਼ਗਵਾਰ ਮਿਲਣੀ ਬਾਦ ਜਦੋਂ ਢਿਲਵਾਂ ਵਿਖੇ ਸੋਢੀ ਕੌਲ ਮਿਲੇ ਤਾਂ ਉਨਾਂ ਦਸਿਆ ਕਿ ਮੈਂ ਕਪੂਰੇ ਦੀਆਂ ਜੜਾਂ ਪੱਟ ਕੇ ਆਇਆਂ ਹਾਂ । ਤੇ ਅੱਗੋਂ ਕੌਲ ਦਾ ਜਵਾਬ ਸੀ ਉਹ ਜੜਾ ਤਾਂ ਮੇਰੇ ਢਿੱਡ ਵਿੱਚ ਹਨ - ਕਿਉਂਕਿ ਕੌਲ ਕਪੂਰੇ ਦਾ ਮਿੱਤਰ ਸੀ । ਪਰ ਗੁਰੂ ਜੀ ਨੇ ਤਾਂ ਬਚਨ ਕਰ ਦਿੱਤੇ ਸਨ । ਕਪੂਰੇ ਦੇ ਪੁੱਤਰ ਸੁਖੀਏ ਅਤੇ ਪੋਤਰੇ ਹਮੀਰ ਨੇ ਗੁਰੂ ਸਾਹਿਬ ਦੇ ਪੱਖ ਵਿੱਚ ਭਾਵਨਾਵਾਂ ਦਾ ਇਜਹਾਰ ਕੀਤਾ ਸੀ ਜਿਸ ਨਾਲ ਸਿੱਖ ਹਲਕਿਆਂ ਵਿੱਚ ਉਨਾਂ ਦੀ ਭੁੱਲ ਕੁਝ ਹੱਦ ਤੱਕ ਬਹਾਲ ਹੋਈ ।

ਅਗਲੀ ਇੱਕ ਸਦੀ ਭਰ ਲਈ ਕੋਟਕਪੂਰੇ ਉਪਰ ਫਰੀਦਕੋਟ ਦੇ ਰਾਜੇ ਪਹਾੜਾ ਸਿੰਘ , ਵਜੀਰ ਸਿੰਘ , ਬਿਕਰਮ ਸਿੰਘ , ਬਲਵੀਰ ਸਿੰਘ ,ਬ੍ਰਿਜਇੰਦਰ ਸਿੰਘ , ਅਤੇ ਹਰਿੰਦਰ ਸਿੰਘ ਰਾਜ ਕਰਦੇ ਰਹੇ । ਰਾਜਸੀ ਸ਼ਾਨ ਤਾਂ ਫਰੀਦਕੋਟ ਸ਼ਹਿਰ ਨੂੰ ਪ੍ਰਾਪਤ ਸੀ ਪਰ ਕੋਟਕਪੂਰੇ ਵਿੱਚ ਵੀ ਸਕੂਲ ਹਸਪਤਾਲ ਤਹਿਸੀਲ ਦਾਣਾ ਮੰਡੀ ਸਲੋਤਰਖਾਨਾ , ਗੁਰਦਵਾਰਾ ਸਾਹਿਬ , ਰਾਜੇ ਲਈ ਕਿਲੇ ਵਿੱਚ ਰਿਹਾਇਸ਼ੀ ਮਹਿਲ ਤੇ ਰਾਣੀ ਬਾਗ ਆਦਿ ਬਣਾਏ ਗਏ ਸਨ । ਸ਼ਹਿਰ ਵਿੱਚ ਵੱਡੀ ਤਬਦੀਲੀ ਉਸ ਵੇਲੇ ਸੁਰੂ ਹੋਈ ਜਦੋਂ 1884 ਵਿੱਚ ਅੰਗਰੇਜ ਕੰਪਨੀ ਬੀ ਬੀ ਤੇ ਸੀ ਆਈ (ਬੰਬੇ ਬੜੌਦਾ ਤੇ ਸੈਂਟਰਲ ਇੰਡੀਆ ਨੇ ਮੀਟਰ ਗੇਜ ਰੇਲ ਲਾਈਨ ਨਾਲ ਰਿਵਾੜੀ-ਫਾਜਿਲਕਾ ਜੋੜ ਦਿੱਤਾ ਅਤੇ ਬਾਅਦ ਵਿੱਚ ਉਤਰ ਪੱਛਮ ਰੇਲ ਮਾਰਗ ਨਾਲ ਦਿੱਲੀ-ਲਾਹੌਰ ਜੋੜ ਦਿੱਤਾ । ਤੇ ਕੋਟਕਪੂਰਾ ਰੇਲ ਜੰਕਸ਼ਨ ਬਣ ਗਿਆ । ਤੇ ਫਿਰ ਨਰਮੇਂ ਦੀ ਭਰਪੂਰ ਫਸਲ ਨਾਲ ਇਸ ਨੇ ਏਸ਼ੀਆ ਦੀ ਵੱਡੀ ਮੰਡੀ ਦਾ ਰੁਤਬਾ ਹਾਸਲ ਕਰ ਲਿਆ ।

ਸ਼ਹਿਰੀਆਂ ਦੀ ਪ੍ਰਤਿੱਭਾ ਦੀ ਦਾਦ ਦੇਣੀ ਬਣਦੀ ਹੈ ਕਿ ਇਥੋਂ ਦੇ ਸ਼ਹਿਰੀ ਵੱਡੇ ਫੌਜੀ ਅਫਸਰ , ਇੰਜਨੀਅਰ ਡਾਕਟਰ , ਬੈਂਕ ਅਫਸਰ , ਪ੍ਰੋਫੈਸਰ , ਪ੍ਰਿਸੀਪਲ , ਵਕੀਲ , ਵੱਡੇ ਸਰਕਾਰੀ ਅਧਿਕਾਰੀ , ਪ੍ਰਾਈਵੇਟ ਕੰਪਨੀਆਂ ਦੇ ਅਹਿਮ ਅਧਿਕਾਰੀ ਅਤੇ ਬਦੇਸ਼ਾਂ ਵਿੱਚ ਨਾਮਨਾ ਪਾਉਣ ਵਾਲੇ ਕੋਟਕਪੂਰੇ ਦੇ ਸਪੂਤਾਂ ਨੇ ਨਗਰ ਦਾ ਨਾਂ ਰੋਸ਼ਨ ਕੀਤਾ ਹੈ । ਕੋਟਕਪੂਰਾ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਦਾ ਸੀ ਇਥੇ ਕੌਡੀ ਫੁਟਬਾਲ , ਹਾਕੀ ਵਾਲੀਵਾਲ , ਬਾਸਕਟ ਬਾਲ ਆਦਿ ਨਾਮੀ ਖਿਡਾਰੀ ਉਭਰੇ ਹਨ । ਨਗਰ ਦਾ ਗੀਤਾਂ ਵਿੱਚ ਆਇਆ ਨਾਮ ਬੰਦ ਪਿਆ ਦਰਵਾਜਾ ਜਿਵੇਂ ਫਾਟਕ ਕੋਟਕਪੂਰੇ ਦਾ ਤੇ ਮੈਂ ਜੱਟੀ ਕੋਟਕਪੂਰੇ ਦੀ , ਅਤੇ ਅੱਡੀਆਂ ਚੁੱਕ ਚੁੱਕ ਵੇਖੇਂਗੀ ਸਾਡਾ ਕੋਟਕਪੂਰਾ ਨੀਂ --ਕੰਨਾਂ ਵਿੱਚ ਮਿਸ਼ਰੀ ਘੋਲਦੇ ਹੋਏ ਵਿਦੇਸ਼ਾਂ ਵਿੱਚ ਵਸਦੇ ਕੋਟਕਪੂਰਵੀਆਂ ਦੇ ਮਨਾਂ ਵਿੱਚ ਮਾਤ ਭੂਮੀ ਦੀ ਯਾਦ ਨੂੰ ਤਾਜਾ ਕਰਦੇ ਹਨ । ਅੱਜ ਜਮਾਨੇ ਦੇ ਰੰਗਾਂ ਵਿੱਚ ਰੰਗੀਦਾ ਨਵੇਂ ਯੁੱਗ ਦੇ ਹਾਣ ਦਾ ਹੋਣਾ ਲੋਚਦਾ ਹੈ ਸਾਡਾ ਕੋਟਕਪੂਰਾ ।

ਤੇ ਇਥੋਂ ਦੇ ਲੋਕਾਂ ਬੜੀ ਬੇ-ਸਬਰੀ ਨਾਲ ਉਸ ਮਹਾਨ ਸਪੂਤ ਦਾ ਇੰਤਜਾਰ ਕਰ ਰਹੀ ਹੈ ਜੋ ਇਸ ਦੀਆਂ ਲੋਚਾਂ ਪੂਰੀਆਂ ਕਰਨ ਹਿੱਤ ਅੰਗੜਾਈਆਂ ਲੈ ਰਹੀ ਇਸ ਮਹਾਨ ਨਗਰੀ ਦੀ ਬਾਂਹ ਫੜੇ ।


ਖੁਦਾ ਹਾਫਿਜ ।

ਸ਼ਾਮ ਲਾਲ ਚਾਵਲਾ ਮੀਡੀਆ ਰਿਪੋਰਟਰ

98550-56277