ਪੁਰਾਣੇ ਸਮੇਂ ਵਿੱਚ ਸ਼ਹਿਰ ਦੇ ਚੜਦੇ ਵਾਲੇ ਪਾਸੇ ਵੱਡੇ ਛੱਪੜ ਦੇ ਕਿਨਾਰੇ ਵਣਾਂ ਕਰੀਰਾਂ ਦੇ ਝੁੰਡ ਹੁੰਦੇ ਸਨ ਜਿਨਾਂ ਨੂੰ ਆਮ ਲੋਕ ਝਿੜੀ ਦੇ ਨਾਂ ਨਾਲ ਜਾਣਦੇ ਸਨ ਤੇ ਨੇੜੇ ਤੇੜੇ ਕਿਤੇ ਵੀ ਅਬਾਦੀ ਦਾ ਨਾਂ ਨਿਸ਼ਾਨ ਨਹੀਂ ਹੁੰਦਾ ਸੀ । ਇਨਾਂ ਵਿਹਲੀਆਂ ਤੇ ਸ਼ਾਂਤ ਸਥਾਨਾਂ ਤੇ ਸੰਤ ਫਕੀਰ ਰੱਬ ਦੀ ਭਾਲ ਵਿੱਚ ਅਕਸਰ ਹੀ ਆ ਕੇ ਡੇਰੇ ਲਾ ਲੈਂਦੇ ਸਨ ਤੇ ਪ੍ਰਭੁ ਭਗਤੀ ਵਿੱਚ ਲੀਨ ਹੋ ਜਾਂਦੇ ਸਨ । ਝਿੜੀ ਵਿੱਚ ਇੱਕ ਫਰਮਾਹ ਦਾ ਦਰਖਤ ਵੀ ਬੜਾ ਪੁਰਾਣਾ ਉਗਿਆ ਹੋਇਆ ਸੀ ਤੇ ਉਸ ਦੇ ਆਸੇ ਪਾਸੇ ਕਰੀਰਾਂ ਅਤੇ ਵਣਾਂ ਦਾ ਝੁੰਡ ਸੀ ਜਿਥੇ ਆਕੇ ਬਿਲਾਸਪੁਰ ਦੇ ਰਹਿਣ ਵਾਲੇ ਇੱਕ ਨੋਜਵਾਨ ਨੇ ਜੋਗ ਰੂਪ ਧਾਰਨ ਕਰਕੇ ਡੇਰਾ ਲਾ ਲਿਆ ਹਮੇਸ਼ਾਂ ਹੀ ਭਗਤੀ ਵਿੱਚ ਲੀਨ ਰਹਿਣ ਲੱਗਾ । ਮੀਂਹ ਆਉਂਦੇ , ਝੱਖੜ ਝੂਲਦੈ ਪਰ ਉਸ ਜੋਗੀ ਨੇ ਆਪਣੀ ਭਗਤੀ ਦਾ ਸਥਾਨ ਨਾ ਬਦਲਿਆ ਤੇ ਦਰਖਤ ਥੱਲੇ ਹੀ ਸੌਂ ਜਾਂਦਾ ਸੀ । ਸ਼ਹਿਰ ਵਾਸੀ ਆਪ ਹੀ ਉਸ ਨੂੰ ਦੁੱਧ ਲੱਸੀ ਜਾਂ ਰੋਟੀ ਫੜ•ਾ ਆਉਂਦੇ ਸਨ , ਉਹ ਨਾ ਤਾਂ ਕੋਈ ਗਜਾ ਕਰਦਾ ਸੀ ਤੇ ਨਾ ਹੀ ਕਿਸੇ ਤੋਂ ਕੁਝ ਮੰਗਦਾ ਸੀ । ਨੰਗੇ ਪਿੰਡੇ ਗੁਰ ਭਗਤੀ ਵਿੱਚ ਲੀਨ ਇਸ ਸਾਧੂ ਬਾਬੇ ਨੂੰ ਲੋਕ ਸੰਤ ਬਾਬਾ ਕਲਿਆਣ ਦਾਸ ਜੀ ਦੇ ਨਾਂ ਨਾਲ ਜਾਨਣ ਲੱਗੇ । ਹੌਲੀ ਹੌਲੀ ਸੰਗਤ ਨੇ ਬਾਬੇ ਲਈ ਇਸ ਝਿੜੀ ਵਿੱਚ ਹੀ ਇੱਕ ਕੁਲੀ (ਛੱਪਰੀ ) ਬਣਾ ਦਿੱਤੀ ਜਿਸ ਵਿੱਚ ਉਹ ਰਹਿਣ ਲੱਗ ਪਿਆ । ਕੁਲੀ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਇਹ ਇੱਕ ਬਹੁਤ ਵੱਡਾ ਡੇਰਾ ਬਣ ਗਿਆ ਜਿਸ ਨੂੰ ਲੋਕ ਫਰਮਾਹ ਵਾਲਾ ਡੇਰਾ ਕਹਿਣ ਲੱਗ ਪਏ । ਸਮਾਂ ਬੀਤਦਾ ਗਿਆ ਲੋਕਾਂ ਦੀ ਅਬਾਦੀ ਵਧਦੀ ਗਈ , ਵਣ ਕਰੀਰ ਖਤਮ ਹੋ ਗਏ ਤੇ ਛੱਪੜ ਵੀ ਅੱਧਾ ਮਿੱਟੀ ਨਾਲ ਭਰ ਗਿਆ ਹੁਣ ਇਥੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ । ਸ੍ਰੀ ਸ੍ਰੀ 108 ਸੰਤ ਬਾਬਾ ਕਲਿਆਣ ਦਾਸ ਜੀ ਨੇ ਛੋਟੀ ਉਮਰ (ਕਰੀਬ 6 ਸਾਲ )ਦੇ ਆਪਣੇ ਭਾਣਜੇ ਨੂੰ ਆਪਣੇ ਕੋਲ ਲੈ ਆਂਦਾ ਸੀ ਉਸ ਦੀ ਪੜਾਈ ਦੇ ਨਾਲ ਨਾਲ ਆਪਣੀ ਗੁਰੂ ਭਗਤੀ ਵਿਦਿਆ ਵੀ ਸਿਖਾਈ ਸੀ । ਬਾਬਾ ਕਲਿਆਣ ਦਾਸ ਜੀ ਦੇ ਚੋਲਾ ਛੱਡ ਜਾਣ ਮਗਰੋਂ ਉਨਾਂ ਦਾ ਭਾਣਜਾ ਭਜਨ ਦਾਸ ਇਸ ਡੇਰੇ ਦਾ ਮੁੱਖ ਮਹੰਤ ਬਣਿਆ ਹੋਇਆ ਹੈ । ਇਸ ਡੇਰੇ ਅੰਦਰ ਸ਼ਿਵ ਸ਼ੰਕਰ ਭੋਲੇ ਜੀ ਮਹਾਰਾਜ ਦੀ ਪੂਜਾ ਹੁੰਦੀ ਹੈ ਤੇ ਨਾਲ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵੀ ਹਾਜਰ ਹਨ ਜਿਥੇ ਉਨਾਂ ਦੀ ਵੀ ਪਾਠ ਪੂਜਾ ਕੀਤੀ ਜਾਂਦੀ ਹੈ । ਆਏ ਸਾਲ 22 ਹਾੜ ਤੋਂ 24 ਹਾੜ ਤੱਕ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਥੇ ਸੰਗਤਾਂ ਸਰਧਾ ਤੇ ਉਤਸ਼ਾਹ ਨਾਲ ਹਾਜਰੀ ਭਰਦੀਆਂ ਹਨ । ਬਾਬਾ ਅਜੈਬ ਸਿੰਘ ਇਥੇ ਮੁੱਖ ਗੰ੍ਰਥੀ ਦੇ ਤੌਰ ਤੇ ਸੇਵਾ ਨਿਭਾਉਂਦੇ ਹਨ।