ਮਾਈ ਭਾਗੋ ਦੀ ਚਰਨ ਛੋਹ ਪ੍ਰਾਪਤ ਪਿੰਡ ਫਿੱਡੇ ਖੁਰਦ


    ਮਾਈ ਭਾਗੋ ਦੀ ਚਰਨ ਛੋਹ ਪ੍ਰਾਪਤ ਪਿੰਡ ਫਿੱਡੇ ਖੁਰਦ ਨੂੰ ਲੱਗਭੱਗ ਸੰਨ 1242 ਈਸਵੀ: ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਵੀ ਪਹਿਲਾਂ ਜੈਸਲਮੇਰ ਤੋਂ ਆਏ ਬਰਾੜਾਂ ਨੇ ਮੋਹੜੀ ਗੱਡ ਕੇ ਵਸਾਇਆ ਪਰ ਇਹ ਪਿੰਡ ਤਿੰਨ ਵਾਰ ਉੱਜੜ ਕੇ ਚੌਥੀ ਵਾਰ ਵਸਿਆ । ਉਸ ਸਮੇਂ ਮੁਗਲਾਂ ਦੀਆਂ ਫੌਜਾਂ ਮਾਰਧਾੜ ਕਰਦੀਆਂ ਸਨ ਤੇ ਇਥੋਂ ਦੇ ਲੋਕ ਇਥੋਂ ਉੱਠ ਕੇ ਘਗਿਆਣਾ ਪਿੰਡ ਤੇ ਚੇਤ ਸਿੰਘ ਵਾਲਾ ਵਿੱਚ ਜਾ ਵਸੇ । ਪਿੰਡ ਵਾਲਿਆਂ ਦਾ ਕੁਝ ਸੰਬੰਧ ਮੁੱਦਕੀ ਕੋਲ ਪਿੰਡ ਫਿੱਡਿਆਂ ਨਾਲ ਅਤੇ ਜਮਨਾ ਕਿਨਾਰੇ ਵਸੇ ਫਿੱਡਿਆਂ ਨਾਲ ਵੀ ਹੈ । 700 ਸਾਲ ਤੋਂ ਵੀ ਪੁਰਾਣਾ , ਕਰੀਬ 2000 ਦੀ ਅਬਾਦੀ , 1200 ਏਕੜ ਰਕਬੇ ਅਤੇ ਕਰੀਬ 800 ਵੋਟਰਾਂ ਦਾ ਛੋਟਾ ਜਿਹਾ ਪਿੰਡ ਫਿੱਡੇ ਖੁਰਦ ਜੈਸਲਮੇਰ ਰਾਜਸਥਾਨ ਤੋਂ ਆਏ ਨੱਥੂ ਤੇ ਝੰਡੇ ਦਾ ਮੋਹੜੀ ਗੱਡ ਪਿੰਡ ਹੈ । ਸਾਬਕਾ ਮੁੱਖ ਮੰਤਰੀ ਸਵ ਸ: ਹਰਚਰਨ ਸਿੰਘ ਬਰਾੜ ਦੇ ਖਾਨਦਾਨ ਨਾਲ ਇਸ ਪਿੰਡ ਦਾ ਜੱਦੀ ਰਿਸਤਾ ਹੈ ਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਰੀਬ 700 ਸਾਲ ਤੋਂ ਵੀ ਪਹਿਲਾਂ ਇਥੇ ਘਣੇ ਜੰਗਲ ਹੁੰਦੇ ਸਨ । ਜੈਸਲਮੇਰ ਤੋਂ ਕੁਝ ਬਰਾੜ ਪਰਵਾਰ ਪੰਜਾਬ ਅੰਦਰ ਆਏ ਤੇ ਉਨਾਂ ਰੋਪੜ ਜਿਲੇ ਵਿੱਚ ਮੋਹੜੀ ਗੱਡ ਕੇ ਫਿੱਡੇ ਪਿੰਡ ਵਸਾਇਆ । ਉਸੇ ਹੀ ਪਰਵਾਰ ਦੇ ਦੋ ਨੱਥੂ ਸਿੰਘ ਅਤੇ ਝੰਡਾ ਸਿੰਘ ਇਥੇ ਆਏ ਤੇ ਇਸ ਜਗਾ ਤੇ ਮੋਹੜੀ ਗੱਡ ਕੇ ਪਿੰਡ ਫਿੱਡੇ ਦੀ ਨੀਂਹ ਰੱਖੀ ਤੇ ਫਿਰ ਝੰਡਾ ਸਿੰਘ ਨੇ ਕਰੀਬ 3 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਦੂਜੀ ਮੋਹੜੀ ਗੱਡ ਦਿੱਤੀ ਜਿਸ ਨੂੰ ਫਿੱਡੇ ਕਲਾਂ ਦਾ ਨਾਂ ਦਿੱਤਾ ਗਿਆ ਤੇ ਫਿਰ ਇਨਾਂ ਦੋਹਾਂ ਪਿੰਡਾਂ ਨੂੰ ਫਿੱਡੇ ਖੁਰਦ ਤੇ ਫਿੱਡੇ ਕਲਾਂ ਕਹਿਣ ਲੱਗ ਪਏ । ਅੱਜ ਆਪਾਂ ਗੱਲ ਕਰਦੇ ਹਾਂ ਫਿੱਡੇ ਖੁਰਦ ਦੀ । ਜੈਸਲਮੇਰ ਦੇ ਬਰਾੜ ਪਰਵਾਰ ਨਾਲ ਸੰਬੰਧਤ ਨੱਥਾਂ ਸਿੰਘ ਨੇ ਇੱਥੇ ਕਰੀਬ 3000 ਏਕੜ ਰਕਬਾ ਖਰੀਦ ਕੀਤਾ ਤੇ ਆਸ ਪਾਸ ਦੇ ਕਈ ਜਾਤੀਆਂ ਤੇ ਗੋਤਾਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ । ਇਸ ਪਿੰਡ ਬਰਾੜ , ਅਗਰਵਾਲ, ਮੁਸਲਮਾਨ, ਤੇ ਮਜਬੀ ਸਿੱਖ ਜਾਤੀਆਂ ਦੇ ਆਮ ਬਸਿੰਦੇ ਸਨ । ਸਿਰੀਆ ਬਰਾੜ ਤੇ ਗੁਰੀਆ ਬਰਾੜ ਜੰਡੋ ਕੇ ਤੋਂ ਆਕੇ ਵਸੇ ਤੇ ਇਨਾਂ ਦੇ ਪਰਵਾਰ ਅੱਜ ਵੀ ਇਸ ਪਿੰਡ ਵਿੱਚ ਮੌਜੂਦ ਹਨ। ਨੱਥੂ ਬਰਾੜ ਦੀ ਅੰਸ਼ ਵਿਚੋਂ ਗੁੱਦੜ ਸਿੰਘ ਅਤੇ ਭਾਈ ਬਿੱਲੂ ਸਿੰਘ ਸਰਾਏ ਨਾਗਾ ਜਾ ਵਸੇ ਜਿਸ ਦੇ ਪਰਵਾਰ ਵਿਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਸ: ਹਰਚਰਨ ਸਿੰਘ ਬਰਾੜ ਦਾ ਪਰਵਾਰ ਹੋਇਆ ਹੈ । ਤੇ ਬਰਾੜ ਸਾਹਿਬ ਫਿੱਡੇ ਖੁਰਦ ਨੂੰ ਆਪਣਾ ਪਿੱਛਲਾ ਪਿੰਡ ਸਮਝਦੇ ਸਨ। ਤੂਤ ਪਿੰਡ ਤੋਂ ਬਾਠਾਂ ਦੇ ਪਰਿਵਾਰ ਨੇ ਆਕੇ ਇਸ ਪਿੰਡ ਵਿੱਚ ਵਸੇਬਾ ਕੀਤਾ । ਨੱਥੂ ਬਰਾੜ ਨੇ ਰਾਜਸਥਾਨ ਤੋਂ ਮਾਰਵਾੜੀ ਬਾਣੀਏ ਅਗਰਵਾਲ ਪਰਵਾਰ ਦੇ ਜਾਹਰ ਮੱਲ ਗੋਇਲ ਤੇ ਉਸਦੇ ਸਪੁੱਤਰ ਤੋਤੀ ਰਾਮ ਗੋਇਲ ਅਤੇ ਜੋਤ ਰਾਮ ਗਰਗ ਦੇ ਪੁਰਖਾਂ ਨੂੰ ਇਸ ਪਿੰਡ ਵਿੱਚ ਵਸਾਇਆ ਤੇ ਅੱਜ ਕੱਲ ਇਹ ਪਰਵਾਰ ਕੋਟਕਪੂਰੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਅਗਰਵਾਲ ਪਰਵਾਰ ਬਹੁਤ ਅਮੀਰ ਹੁੰਦੇ ਸਨ ਇਨਾਂ ਕੋਲ ਆਪਣੀ ਅਤੇ ਲੋਕਾਂ ਤੋਂ ਗਹਿਣੇ ਪਵਾਈ ਕਰੀਬ 300 -300 ਏਕੜ ਜਮੀਨ ਸੀ । ਪਰ ਪੂਰੇ ਭਾਰਤ ਵਿੱਚ ਸਰ ਛੋਟੂ ਰਾਮ ਕੇਂਦਰ ਦੇ ਮੰਤਰੀ ਬਣੇ ਤੇ ਉਨਾਂ ਕਿਸਾਨਾਂ ਦੀਆਂ ਗਹਿਣੇ ਪਈਆਂ ਜਮੀਨਾਂ ਛੁਡਾਉਣ ਖਾਤਰ 60 ਸਾਲਾ ਕਾਨੂੰਨ ਬਣਾਇਆ ਤਾਂ ਉਸ ਕਾਨੂੰਨ ਤਹਿਤ ਅਗਰਵਾਲ ਪਰਵਾਰਾਂ ਕੋਲ ਪਈ ਗਹਿਣੇ ਜਮੀਨ ਕਿਸਾਨਾਂ ਕੋਲ ਵਾਪਸ ਚਲੀ ਗਈ ਤਾਂ ਇਹ ਪਰਵਾਰ ਪਿੰਡ ਛੱਡ ਕੇ ਕੋਟਕਪੂਰੇ ਆ ਵਸੇ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮਹਾਰਾਜਾ ਫਰੀਦਕੋਟ ਨੇ ਇਸ ਪਿੰਡ ਦੀ 100 ਏਕੜ ਜਮੀਨ ਗਊਆਂ ਦੀ ਚਰਾਂਦ ਲਈ ਨਾਲ ਦੇ ਪਿੰਡ ਚੱਕ ਕਲਿਆਣ ਨੂੰ ਵੇਚ ਦਿੱਤੀ ਸੀ । 1885 ਵਿੱਚ ਇਸ ਪਿੰਡ ਦੀ ਜਮੀਨ ਦੀ ਉਪਜ ਵਧਾਉਣ ਲਈ ਮੌਕੇ ਦੀ ਸਰਕਾਰ ਵਲੋਂ ਸਰਹੰਦ ਕੈਨਾਲ ਵਿਚੋਂ ਫਰੀਦਕੋਟ ਰਜਵਾਹਾ ਦਾ ਨਿਕਾਸ ਕੀਤਾ ਗਿਆ ਤੇ ਇਨਾਂ ਪਿੰਡਾਂ ਨੂੰ ਪਾਣੀ ਮਿਲਿਆ ਤੇ ਖੇਤਾਂ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਫਸਲਾਂ ਵਧੀਆ ਹੋਣ ਲੱਗੀਆਂ । ਤਾਂ ਸ਼ਾਇਰ ਨੇ ਇਹ ਲਾਈਨਾਂ ਲਿਖ ਛੱਡੀਆਂ


ਇਹ ਧਰਤੀ ਸੋਹਣੀ ਰਾਂਜਲੀ, ਜਿੱਥੇ ਰੱਬ ਕੀ ਮੇਹਰ ਬਸੇ,
ਨੀਰ ਬਹੇ ਅਲਬੇਲੜੇ ,ਪਵਨ ਪਾਣੀ ਬਹੇ ।

    1947 ਦੀ ਵੰਡ ਵੇਲੇ ਇਸ ਪਿੰਡ ਵਿੱਚ ਰਹਿਣ ਵਾਲੇ 25-30 ਘਰਾਂ ਦੇ ਬੇਜਮੀਨੇ ਮੁਸਲਮਾਨ ਬਾਇੱਜਤ ਇਫਾਜਤ ਨਾਲ ਮਹਾਰਾਜਾ ਫਰੀਦਕੋਟ ਨੇ ਪਾਕਿਸਤਾਨ ਪਹੁੰਚਾ ਦਿੱਤੇ ਸਨ ਤੇ ਪਾਕਿਸਤਾਨ ਤੋਂ ਕੁਝ ਘਰ ਸੇਖਵਾਂ (ਸੇਖੋਂ) ਦੇ ਪਰਵਾਰ ਆਕੇ ਇਸ ਪਿੰਡ ਵਿੱਚ ਵਸੇ ਸਨ ਤੇ ਇਨਾਂ ਪਰਵਾਰਾਂ ਨੂੰ ਨੱਥੂ ਸਿੰਘ ਨੇ ਕਰੀਬ 70 ਏਕੜ ਰਕਬਾ ਦੇ ਕੇ ਵਸਾਇਆ ਸੀ । ਜਿਨਾਂ ਦੇ ਪਰਵਾਰ ਅੱਜ ਵੀ ਮੌਜੂਦ ਹਨ। ਪਿੰਡ ਵਿੱਚ ਮਜਬੀ ਸਿੱਖਾਂ ਦੇ ਕੁਝ ਪਰਿਵਾਰਾਂ ਨੂੰ ਆਕਲੀਏ ਤੋਂ ਲਿਆ ਕੇ ਵਸਾਇਆ ਸੀ । ਇਨਾਂ ਸਾਰੇ ਗੋਤਾਂ ਦੇ ਲੋਕ ਅੱਜ ਵੀ ਰਲ ਮਿਲ ਕੇ ਬਗੈਰ ਕਿਸੇ ਵੈਰ ਵਿਰੋਧ ਦੇ ਰਹਿ ਰਹੇ ਹਨ । ਦੇਸ਼ ਅਜਾਦ ਹੋਣ ਤੋਂ ਬਾਅਦ ਪੰਚਾਇਤੀ ਰਾਜ ਸੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਸ: ਨਰੈਣ ਸਿੰਘ ਬਰਾੜ ਆਸ ਪਾਸ ਦੇ ਪੰਜ ਪਿੰਡਾਂ (ਫਿੱਡੇ ਖੁਰਦ,ਡੱਗੋ ਰੋਮਾਨਾ , ਚੱਕ ਕਲਿਆਣ , ਫਿੱਡੇ ਕਲਾਂ ਅਤੇ ਵਾਂਦਰ ਜਾਟਾਣਾ ) ਦੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਤੇ ਉਨਾਂ ਕਰੀਬ 20 ਸਾਲ ਸਰਪੰਚੀ ਕੀਤੀ । ਫਿਰ ਕ੍ਰਮਵਾਰ ਸ਼ੇਰ ਸਿੰਘ , ਬਾਬਾ ਸੂਬਾ ਸਿੰਘ ਬਰਾੜ ਫਿੱਡੇ ਕਲਾਂ ਤੇ ਫਿੱਡੇ ਖੁਰਦ ਦੇ ਸਰਬਸੰਮਤੀ ਨਾਲ ਚੁਣੇ ਗਏ ਤੇ ਉਨਾਂ ਆਪਣੇ ਰਾਜ ਕਾਲ ਸਮੇਂ ਪਿੰਡ ਵਿੱਚ ਵਾਟਰਵਰਕਸ ਲਵਾਇਆ ਅਤੇ ਫਿਰ ਪਿੰਡਾਂ ਦੀਆਂ ਦੋਵੇਂ ਪੰਚਾਇਤਾਂ ਵਖਰੀਆਂ ਬਣੀਆਂ ਤੇ ਇਸ ਪਿੰਡ ਦੇ ਗੁਰਜੰਟ ਸਿੰਘ , ਜਗਦੀਸ਼ ਸਿੰਘ ਡੀ ਸੀ , ਸੁਖਜਿੰਦਰ ਸਿੰਘ ਬਰਾੜ , ਸ਼ਮਿੰਦਰ ਸਿੰਘ ਬਰਾੜ (ਭੋਲਾ) , ਜਗਤਾਰ ਸਿੰਘ , ਬ੍ਰਿਜਪਾਲ ਸਿੰਘ , ਸੁਖਜੀਤ ਕੋਰ ਬਾਠ ਅਤੇ ਮੌਜੂਦਾ ਬਿੱਕਰ ਸਿੰਘ ਸਰਪੰਚ ਬਣੇ । ਇਸ ਪਿੰਡ ਵਿੱਚ ਦੋ ਨੰਬਰਦਾਰ ਹਨ ਸ: ਪੂਰਨ ਸਿੰਘ ਅਤੇ ਸ: ਗੁਰਦੀਪ ਸਿੰਘ ਤੇ ਪਿੰਡ ਵਿੱਚ ਕੋਈ ਪੱਤੀ ਨਹੀਂ ਹੈ । ਇਹ ਪਿੰਡ ਕੋਟਕਪੂਰਾ- ਮੁਕਤਸਰ ਰੋਡ ਤੋਂ ਵਾਂਦਰ ਜਟਾਣੇ ਰਾਂਹੀ ਪੰਜ ਕਿਲੋਮੀਟਰ ਦੀ ਦੂਰੀ ਅਤੇ ਵਾਂਦਰ ਜਟਾਣਾ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਇਹ ਪਿੰਡ ਵਾਂਦਰ ਜਟਾਣਾ , ਡੱਗੋ ਰੋਮਾਣਾ , ਫਿੱਡੇ ਕਲਾਂ , ਚੱਕ ਕਲਿਆਣ , ਢੀਮਾਂਵਾਲੀ ਅਤੇ ਦੁਆਰੇ ਆਣਾ ਨੂੰ ਜੋੜਦਾ ਹੈ । ਇਸ ਪਿੰਡ ਵਿੱਚ ਉਸ ਸਮੇਂ ਦੇ ਸਰਪੰਚ ਬ੍ਰਿਜਪਾਲ ਸਿੰਘ ਦੀ ਹਿੰਮਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 66 ਕੇਵੀ ਗਰਿੱਡ ਵੀ ਬਣਾਇਆ ਗਿਆ ਜਿਸ ਨਾਲ ਆਸ ਪਾਸ ਦੇ ਚਾਰ ਪੰਜ ਪਿੰਡਾਂ ਚ ਬਿਜਲੀ ਦੀ ਸਮੱਸਿਆ ਦਾ ਹੱਲ ਹੋਇਆ । ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ । ਸਰਪੰਚ ਸੁਖਜੀਤ ਕੋਰ ਦੇ ਸਮੇਂ ਵਿੱਚ ਸ: ਮਨਤਾਰ ਸਿੰਘ ਬਰਾੜ ਦੇ ਯਤਨਾਂ ਨਾਲ ਪਿੰਡ ਵਿੱਚ ਗਰਾਂਟਾ ਦੇ ਖੁਲੇ ਗੱਫੇ ਰਹੇ ਜਿਸ ਨਾਲ ਪਿੰਡ ਦਾ ਵਿਕਾਸ ਕਰਦਿਆਂ ਸੋਲਰ ਸਿਸਟਮ ਦੀਆਂ ਸਟਰੀਟ ਲਾਈਟਾਂ, ਵਾਟਰ ਵਰਕਸ ਦੀ ਮਰੁੰਮਤ, ਸਮਸ਼ਾਨ ਘਾਟ ਦੀ ਚਾਰਦਿਵਾਰੀ , ਸਕੂਲ ਦੀ ਚਾਰਦਿਵਾਰੀ , ਜਿੰਮ ਦਾ ਕਮਰਾ , ਆਰ ਉ ਸਿਸਟਮ , ਪਿੰਡ ਦੀਆਂ ਧਰਮਸ਼ਾਲਾਵਾਂ ਦੀ ਮਰੰਮਤ , ਗਲੀਆਂ ਨਾਲੀਆਂ ਅਤੇ ਫਿਰਨੀਆਂ ਤੇ ਪਰੀਮਿਕਸ ਪਵਾ ਕੇ ਪਿੰਡ ਨੂੰ ਜਿਲੇ ਭਰ ਚੋਂ ਨਮੂਨੇ ਦਾ ਪਿੰਡ ਬਣਾਇਆ ਗਿਆ ।
    ਪਿੰਡ ਦੇ ਵਿੱਚਕਾਰ ਗੁਰਦਵਾਰਾ ਗੁਰੂ ਕੀ ਮਾਹਲ ਸਾਹਿਬ ਸੁਸ਼ੋਬਿਤ ਹੈ । ਜਿਸ ਦੇ ਇਤਿਹਾਸ ਬਾਰੇ ਕਿਆਸਰਾਈਆਂ ਲਗਾਈਆਂ ਜਾਂਦੀਆਂ ਹਨ ਕਿ ਜਦੋਂ ਖਿਦਰਾਣੇ ਦੀ ਢਾਬ ( ਸ੍ਰੀ ਮੁਕਤਸਰ ਸਾਹਿਬ) ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਚਾਲੀ ਸਿੰਘ ਭਾਈ ਮਹਾਂ ਸਿੰਘ ਜੀ ਦੀ ਰਹਿਨੁਮਾਈ ਹੇਠ ਬੇਦਾਵਾ ਦੇਣ ਗਏ ਸਨ ਤੇ ਗੁਰੂ ਜੀ ਨੇ ਬੇਦਾਵਾ ਫਾੜ ਕੇ ਸਿੰਘਾਂ ਨੂੰ ਗਲ ਨਾਲ ਲਾਇਆ ਸੀ । ਉਸ ਸਮੇਂ ਮਾਈ ਭਾਗੋ ਜੀ ਆਪਣੇ ਜਥੇ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਲ ਕੇ ਇਸ ਪਿੰਡ ਵਿੱਚ ਬਣੀ ਦਰੱਖਤਾਂ ਦੀ ਝਿੜੀ ਵਿੱਚ ਵਿਸ਼ਰਾਮ ਕਰਨ ਲਈ ਰੁਕੇ ਸਨ ਤੇ ਇਥੇ ਮੌਜੂਦ ਮਾਹਲਾਂ (ਵਣਾਂ ਦੇ ਦਰੱਖਤ) ਨਾਲ ਆਪਣੇ ਦਲ ਦੇ ਘੋੜਿਆਂ ਨੂੰ ਬੰਨਿਆ ਸੀ । ਤੇ ਇਸ ਪਿੰਡ ਵਿਚੋਂ ਜਲ ਪਾਣੀ ਛਕਿਆ ਸੀ । ਤੇ ਪਿੰਡ ਨੂੰ ਸੁੱਖ ਸ਼ਾਂਤੀ ਨਾਲ ਵੱਸਣ ਦੀ ਸੀਸ ਵੀ ਦਿੱਤੀ ਸੀ , ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਡੇ ਪੰਜਾਬ ਵਿੱਚ ਜਦੋਂ ਵੀ ਕਾਲੇ ਦਿਨਾਂ ਦਾ ਪਰਛਾਵਾ ਦਿਖਾਈ ਦਿੱਤਾ ਤਾਂ ਇਸ ਪਿੰਡ ਵਿੱਚ ਉਸ ਦਾ ਕਦੇ ਵੀ ਕੋਈ ਅਸਰ ਨਹੀਂ ਹੋਇਆ ਜੋ ਮਾਈ ਭਾਗੋ ਦੇ ਬੋਲਾਂ ਦਾ ਪਰਤਾਪ ਹੈ । ਮਾਈ ਭਾਗੋ ਦੇ ਦਲ ਦੇ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਇਸ ਜਗਾ ਤੇ ਛੋਟੀ ਜਿਹੀ ਜਗਾ ਬਣਾ ਕੇ ਇਸ ਨੂੰ ਪੂਜਣਾ ਸੁਰੂ ਕਰ ਦਿੱਤਾ ਫਿਰ ਇਥੇ ਕੱਚਾ ਕਮਰਾ ਪਾਇਆ ਗਿਆ ਤੇ ਹੁਣ ਉਸ ਜਗਾ ਤੇ ਗੁਰਦੁਵਾਰਾ ਸਾਹਿਬ ਦੀ ਇਮਾਰਤ ਉਸਾਰੀ ਗਈ ਹੈ ਜਿਥੇ ਆਏ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੱਕ (ਕਰੀਬ 2 ਮਹੀਨੇ) ਕੋਤਰੀ ਦੇ ਪਾਠ ਹੁੰਦੇ ਹਨ ਤੇ ਸਾਰਾ ਪਿੰਡ ਰਲ ਕੇ ਇਨਾਂ ਪਾਠਾਂ ਦੀ ਲੜੀ ਵਿੱਚ ਸੇਵਾ ਨਿਭਾਉਂਦਾ ਹੈ । ਇਸ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਵਿੱਚ ਗੁਰਦਾਸ ਸਿੰਘ ਈ ਉ , ਪ੍ਰਕਾਸ ਚੰਦ ਇਰੀਗੇਂਸ਼ਨ ਵਿਭਾਗ ,ਅੰਗਰੇਜ ਸਿੰਘ ਏ ਐਸ ਆਈ ਪੰਜਾਬ ਪੁਲਿਸ ਅਤੇ ਸ: ਹਰਜੋਗਿੰਦਰ ਸਿੰਘ ਬਰਾੜ ਫੂਡ ਸਪਲਾਈ , ਸ: ਬਲਵਿੰਦਰ ਸਿੰਘ ਬਰਾੜ , ਬ੍ਰਿਜਪਾਲ ਸਿੰਘ ਸਾਬਕਾ ਸਰਪੰਚ , ਬਿੱਕਰ ਸਿੰਘ ਸਰਪੰਚ , ਮਨਜੀਤ ਸਿੰਘ ਬਾਠ , ਰੂਪ ਸਿੰਘ ਮੈਂਬਰ ਪੰਚਾਇਤ , ਸਵ : ਮੇਜਰ ਸਿੰਘ ਬਰਾੜ ਸਾਬਕਾ ਫੌਜੀ, ਸ਼ਮਿੰਦਰ ਸਿੰਘ ਬਰਾੜ ਸਾਬਕਾ ਸਰਪੰਚ, ਸਵ: ਮਾਸਟਰ ਸੋਹਣ ਸਿੰਘ , ਸ: ਬਲਜਿੰਦਰ ਸਿੰਘ ਬਰਾੜ ਲੈਂਡਲਾਰਡ, ਮਨਿੰਦਰ ਸਿੰਘ ਬਰਾੜ ਅਗਾਂਹ ਵਧੂ ਕਿਸਾਨ ਆਦਿ ਸ਼ਾਮਲ ਹਨ । ਅੱਜ ਦੇ ਜਮਾਨੇ ਮੁਤਾਬਕ ਇਹ ਪਿੰਡ ਫਰੀਦਕੋਟ ਜਿਲੇ ਦਾ ਵਧੀਆ ਪਿੰਡ ਗਿਣਿਆ ਜਾਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਪਿੰਡ ਵਿੱਚ ਕੋਈ ਵਿਅਕਤੀ ਮੈਡੀਕਲ ਜਾਂ ਸਮੈਕ ਵਾਲਾ ਨਸ਼ਾ ਨਹੀਂ ਕਰਦਾ । ਤੇ ਨਾ ਹੀ ਇਸ ਪਿੰਡ ਵਿੱਚ ਕੋਈ ਗਲੀ ਨਾਲੀ ਕੱਚੀ ਹੈ ਜਿਸ ਨਾਲ ਪਿੰਡ ਵਿੱਚ ਗੰਦਾ ਪਾਣੀ ਫੈਲ ਸਕੇ ।
    ਪਿੰਡ ਵਾਸੀਆਂ ਮੁਤਾਬਕ ਇਸ ਪਿੰਡ ਦੇ ਮੋਘਿਆਂ ਦਾ ਪਾਣੀ ਬਹੁਤ ਘੱਟ ਕਰ ਦਿੱਤਾ ਗਿਆ ਹੈ ਜਿਸ ਨੂੰ ਵਧਾਇਆ ਜਾਵੇ। ਇਸ ਪਿੰਡ ਵਿਚੋਂ ਵਾੜਾਦਰਾਕਾ ਜੀਟੀ ਰੋਡ ਤੋਂ ਫਰੀਦਕੋਟ ਨੂੰ ਜੋੜਨ ਵਾਲੀ ਸੜਕ 22 ਫੁੱਟ ਕੀਤੀ ਜਾਵੇ ਜਿਸ ਬਾਰੇ ਕਈ ਵਾਰ ਮੌਕੇ ਦੇ ਸਿਆਸੀ ਲੋਕਾਂ ਨਾਲ ਮੁਲਾਕਾਤਾਂ ਹੋਈਆਂ ਹਨ । ਛੱਪੜ ਦੇ ਪਾਣੀ ਦੀ ਨਿਕਾਸੀ ਲਈ ਅੰਡਰਗਰਾਉਂਡ ਪਾਈਪਾਂ ਦਾ ਪ੍ਰਬੰਧ ਕੀਤਾ ਜਾਵੇ । ਅਤੇ ਇਸ ਪਿੰਡ ਦਾ ਚੌਥਾਈ ਭਾਗ ਸੇਮ ਦੀ ਮਾਰ ਹੇਠ ਆ ਚੁੱਕਾ ਹੈ ਜਿਸ ਨੂੰ ਕੱਢਣ ਲਈ ਸਰਕਾਰ ਵਿਸੇਸ਼ ਉਪਰਾਲੇ ਕਰੇ ਇਹ ਪਿੰਡ ਦੀਆਂ ਮੁੱਖ ਮੰਗਾਂ ਹਨ ।
ਸ਼ਾਮ ਲਾਲ ਚਾਵਲਾ
ਮੀਡੀਆ ਰਿਪੋਰਟਰ
98550-56277
(ਪਿੰਡ ਵਾਸੀਆ ਪਾਸੋਂ ਪ੍ਰਾਪਤ ਜਾਣਕਾਰੀ ਤੇ ਆਧਾਰਿਤ )