ਪਿੰਡ ਦਲ ਸਿੰਘ ਵਾਲਾ ਦਾ ਇਤਿਹਾਸ


    ਜੈਸਲਮੇਰ ਤੋਂ ਆਏ ਸਿੱਧੂਆਂ ਦੇ ਜੈਤੋ ਵਸੇ ਪਰਵਾਰ ਦੇ ਫਰਜੰਦ ਬਾਬਾ ਦਲ ਸਿੰਘ ਵਲੋਂ ਮੋੜੀ ਗੱਡ ਕੇ ਵਸਾਇਆ ਪਿੰਡ ਦਲ ਸਿੰਘ ਵਾਲਾ ਜੈਤੋ ਤੋਂ ਬਾਜਾਖਾਨਾਂ ਰੋਡ ਤੇ ਕਰੀਬ 6 ਕਿਲੋਮੀਟਰ ਦੂਰ ਲਿੰਕ ਰੋਡ ਤੇ ਸਥਿਤ ਹੈ । ਪਿੰਡ ਦੇ ਬਜੁਰਗਾਂ ਦੇ ਦੱਸਣ ਮੁਤਾਬਕ ਕਰੀਬ 220 ਸਾਲ ਪਹਿਲਾਂ ਇਥੇ ਰੋਹੀ ਬੀਆ ਬਾਨ ਜੰਗਲ ਹੁੰਦੇ ਸਨ। ਤੇ ਇਥੇ ਅੰਗਰੇਜਾਂ ਦਾ ਰਾਜ ਸੀ । ਜੈਤੋ ਵਿੱਚ ਕੁਦੋਂ ਪੱਤੀ ਹੁੰਦੀ ਸੀ ਜਿਸ ਦੇ ਲੋਕਾਂ ਨੇ ਅੰਗਰੇਜੀ ਸਰਕਾਰ ਨੂੰ ਜਮੀਨ ਦਾ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਲੋਕਾਂ ਨੂੰ ਭੜਕਾਇਆ ਤਾਂ ਅੰਗਰੇਜ ਅਫਸਰ ਨੇ ਮਾਮਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਕਰਕੇ ਫਾਂਸੀ ਤੇ ਚੜਾ ਦਿੱਤਾ । ਤੇ ਕੁਦੋਂ ਪੱਤੀ ਦਾ ਹੌਲੀ ਹੌਲੀ ਪੱਤਣ ਹੋ ਗਿਆ । ਉਸ ਸਮੇਂ ਜੈਤੋ ਵਿੱਚ 9 ਨੰਬਰਦਾਰੀਆਂ ਸਨ । ਜੈਤੋ ਦੇ ਵਸਨੀਕ ਦਲ ਸਿੰਘ ਢਿਲੋਂ ਗੋਤੀ ਸਨ ਤੇ ਦੋ ਵਿਆਹ ਹੋਣ ਦੇ ਬਾਵਜੂਦ ਵੀ ਉਨਾਂ ਦੇ ਔਲਾਦ ਨਹੀਂ ਸੀ । ਦਲ ਸਿੰਘ ਨੇ ਆਪਣੇ ਭਾਣਜੇ ਸਾਵਨ ਸਿੰਘ ਸਿੱਧੂ ਨੂੰ ਲਿਆ ਕੇ ਇਥੇ ਦਲ ਸਿੰਘ ਵਾਲਾ ਪਿੰਡ ਦੀ ਮੋੜੀ ਗੱਡੀ ਤੇ ਹੌਲੀ ਹੌਲੀ ਇਥੇ ਲੋਕਾਂ ਨੇ ਵਸੇਬਾ ਕੀਤਾ । ਪਿੰਡ ਵਿੱਚ ਸਿੱਧੂ , ਬਰਾੜ , ਵਾਂਦਰ , ਢਿਲੋਂ , ਮਾਨ ਤੇ ਮਜਬੀ ਸਿੱਖਾਂ ਤੋਂ ਇਲਾਵਾ ਅਰੋੜਾ ਬਰਾਦਰੀ ਦੇ ਘਰਾਂ ਨੇ ਵੀ ਵਾਸਾ ਕੀਤਾ , ਮੁਸਲਮਾਨਾਂ ਦੇ ਮੁਹਾਰ , ਗੁੱਜਰ , ਜੁਲਾਹੇ ਆਦਿ ਜਾਤੀ ਦੇ ਲੋਕ ਵੀ ਇਥੇ ਆਣ ਵਸੇ । ਬਾਬਾ ਦਲ ਸਿੰਘ ਵਲੋਂ ਮੋੜੀ ਗੱਡ ਇਸ ਪਿੰਡ ਦਾ ਨਾਂ ਦਲ ਸਿੰਘ ਵਾਲਾ ਰੱਖਿਆ ਗਿਆ । ਇਹ ਪਿੰਡ ਨਾਭਾ ਰਿਆਸਤ ਅਧੀਨ ਆਇਆ। ਉਸ ਸਮੇਂ ਭਰਪੂਰ ਸਿੰਘ ਅਤੇ ਭਗਵਾਨ ਸਿੰਘ ਨਾਭਾ ਰਿਆਸਤ ਦੇ ਰਾਜੇ ਸਨ । ਰਿਆਸਤ ਦੇ ਰਾਜੇ ਆਪਣੀ ਰਿਆਸਤ ਵਿੱਚ ਗੇੜਾ ਮਾਰਨ ਅਕਸਰ ਹੀ ਆਉਂਦੇ ਰਹਿੰਦੇ ਸਨ । ਤੇ ਇੱਕ ਵਾਰ ਇਸ ਪਿੰਡ ਵਿੱਚ ਆ ਕੇ ਨਾਭੇ ਦੇ ਰਾਜੇ ਨੂੰ ਘੋੜੀ ਦੀ ਲੋੜ ਪਈ ਤਾਂ ਉਨਾਂ ਨੇ ਦਲ ਸਿੰਘ ਪਾਸੋਂ ਘੋੜੀ ਦੀ ਮੰਗ ਕੀਤੀ । ਪਰ ਦਲ ਸਿੰਘ ਨੇ ਉਨਾਂ ਨੂੰ ਘੋੜੀ ਦੇਣ ਤੋਂ ਇਨਕਾਰ ਕਰ ਦਿੱਤਾ । ਰਾਜਾ ਇਸ ਗੱਲ ਤੋਂ ਨਰਾਜ ਹੋ ਗਿਆ ਤੇ ਦਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ । ਜਿਸ ਦੇ ਬਦਲੇ ਵਿੱਚ ਦਲ ਸਿੰਘ ਨੂੰ ਛੁਡਾਉਣ ਬਦਲੇ ਪਿੰਡ ਨੂੰ ਭਾਰੀ ਕਰਜ ਚੁਕਾਉਣਾ ਪਿਆ । ਰਾਜਿਆਂ ਨੇ ਸੇਢਾ ਸਿੰਘ ਨੂੰ ਅੱਗੇ ਲਿਆਂਦਾ ਤੇ ਉਸ ਕੋਲੋਂ ਵੀ ਪਿੰਡ ਦੀ ਮੋੜੀ ਗਡਵਾਈ ਤੇ ਜਮੀਨ ਦੀ ਹੱਦ ਬੰਦੀ ਲਈ ਅੰਨੀ ਘੋੜੀ ਬਣਾ ਕੇ ਫੇਰੀ ਲਗਵਾ ਦਿੱਤੀ ਜਿਥੋਂ ਜਿਥੋਂ ਉਹ ਘੋੜੀ ਲੰਘੀ ਉਹ ਜਮੀਨ ਸੇਢਾ ਸਿੰਘ ਨੂੰ ਚਲੀ ਗਈ । ਜਿਸ ਨਾਲ ਦਲ ਸਿੰਘ ਵਾਲਾ ਦੀ ਕਰੀਬ 1600 ਏਕੜ ਜਮੀਨ ਪਿੰਡ ਸੇਢਾ ਸਿੰਘ ਦੇ ਹਿੱਸੇ ਚਲੀ ਗਈ । ਤੇ ਉਹ ਸਾਰਾ ਪਟਾ ਦਲ ਸਿੰਘ ਨੂੰ ਸੇਢਾ ਸਿੰਘ ਦੇ ਨਾਂ ਕਰਵਾਉਣਾ ਪਿਆ । ਦਲ ਸਿੰਘ ਵਾਲੇ ਕੋਲ ਕਰੀਬ 1800 ਏਕੜ ਰਕਬਾ ਜਮੀਨ ਹੈ । ਇਹ ਪਿੰਡ ਲੱਗਭੱਗ 3600 ਦੀ ਅਬਾਦੀ ਵਾਲਾ ਪਿੰਡ ਹੈ ਅਤੇ ਇਥੇ ਕਰੀਬ 1600 ਵੋਟਰ ਹਨ । ਪਿੰਡ ਵਿੱਚ ਸਮਾਜ ਸੇਵਾ ਨੂੰ ਸਮਰਪਿਤ ਦੋ ਕਲੱਬਾਂ ਸਰਬ ਸਾਝਾਂ ਕਲੱਬ ਅਤੇ ਸਪੋਰਟਸ ਕਲੱਬ , ਬਣੀਆਂ ਹੋਈਆਂ ਹਨ ਜੋ ਸਮੇਂ ਸਮੇਂ ਸਿਰ ਪਿੰਡ ਦੀ ਭਲਾਈ ਲਈ ਕੰਮ ਕਰਦੀਆਂ ਹਨ । ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਪਿੰਡ ਦੀ ਵੱਡੀ ਤਰਾਸਦੀ ਇਹ ਰਹੀ ਕਿ 1947 ਵਿੱਚ ਭਾਰਤ-ਪਾਕਿ ਦੀ ਵੰਡ ਸਮੇਂ ਇਸ ਪਿੰਡ ਵਿੱਚ ਵਸਦੇ ਕਰੀਬ 150-200 ਮੁਸਲਮਾਨਾਂ ਨੂੰ ਧੋਖੇ ਵਿੱਚ ਰੱਖ ਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਮਰਵਾ ਦਿੱਤਾ ਸੀ । ਤੇ ਉਨਾਂ ਦੇ ਸਮਾਨ ਅਤੇ ਜਮੀਨਾਂ ਤੇ ਆਪ ਕਬਜੇ ਕਰ ਲਏ ਸਨ । ਤੇ ਕੁਝ ਸਮਾਨ ਤਹਿਸੀਲਦਾਰ ਵਲੋਂ ਪਿੰਡ ਦੀ ਧਰਮਸ਼ਾਲਾ ਵਿੱਚ ਰੱਖ ਕੇ ਨਿਲਾਮ ਕੀਤਾ ਗਿਆ ਸੀ ਜੋ ਧਰਮਸ਼ਾਲਾ ਅੱਜ ਵੀ ਮੌਜੂਦ ਹੈ । ਪੰਚਾਇਤੀ ਰਾਜ ਲਾਗੂ ਹੋਣ ਸਮੇਂ ਤੋਂ ਲੈ ਕੇ ਕ੍ਰਮਵਾਰ ਬਹਾਲ ਸਿੰਘ , ਬਚਨ ਸਿੰਘ , ਵਿਸਾਖਾ ਸਿੰਘ , ਨਾਹਰ ਸਿੰਘ , ਰੂਪ ਲਾਲ ,ਹਰਪਾਲ ਸਿੰਘ , ਬਲਵੀਰ ਸਿੰਘ ,ਅਜੈਬ ਸਿੰਘ , ਮੁਖਤਿਆਰ ਕੋਰ , ਬਲਵੀਰ ਸਿੰਘ ਅਤੇ ਹੁਣ ਦਰਸ਼ਨ ਸਿੰਘ ਸਰਪੰਚ ਬਣੇ । ਪਿੰਡ ਦੇ ਦੋ ਵਸਨੀਕਾਂ ਸ਼ਹੀਦ ਗੁਰਮੇਲ ਸਿੰਘ ਅਤੇ ਬਾਘ ਸਿੰਘ ਨੇ ਫੌਜ ਵਿਚੋਂ ਵੀਰ ਚੱਕਰ ਪ੍ਰਾਪਤ ਕੀਤਾ । (ਜਿਸ ਬਾਰੇ ਵਿਸੇਸ਼ ਲੇਖ ਲਿਖਿਆ ਹੋਇਆ ਹੈ ) । ਸਿੱਖ ਰਜੀਮੈਂਟ ਦੇ ਸ਼ਹੀਦ ਸਿਪਾਹੀ ਗੁਰਮੇਲ ਸਿੰਘ ਦੀ ਸ਼ਹਾਦਤ ਨੂੰ ਜਿੰਦਾ ਰੱਖਣ ਲਈ ਪਿੰਡ ਦੇ ਸਕੂਲ ਦਾ ਨਾਂ ਸਰਕਾਰੀ ਮਿੱਡਲ ਸਕੂਲ ਤੋਂ ਬਦਲ ਕੇ ਸ਼ਹੀਦ ਗੁਰਮੇਲ ਸਿੰਘ ਸਰਕਾਰੀ ਹਾਈ ਸਕੂਲ ਰੱਖਿਆ ਗਿਆ ਤੇ ਸਕੂਲ ਵਿੱਚ ਸ਼ਹੀਦ ਦੇ ਬੁੱਤ ਦਾ ਨਿਰਮਾਣ ਵੀ ਕੀਤਾ ਗਿਆ ਹੈ । ਸਕੂਲ ਦੇ ਨਾਲ ਲੱਗਦਿਆਂ ਹੀ ਗੁਰਦਵਾਰਾ ਸਾਹਬ ਦੀ ਪਵਿੱਤਰ ਇਮਾਰਤ ਹੈ ਜਿਥੇ ਸਾਰਾ ਪਿੰਡ ਸੀਸ ਝੁਕਾਉਂਦਾ ਹੈ । ਪਿੰਡ ਵਿੱਚ ਹਾਈ ਤੇ ਪ੍ਰਾਇਮਰੀ ਦੋ ਸਕੂਲ ਹਨ । ਇਨਾਂ ਸਕੂਲਾਂ ਵਿਚੋਂ ਪੜਾਈ ਕਰਕੇ ਪਿੰਡ ਦੇ ਕਰੀਬ 30 ਨੌਜਵਾਨ ਭਾਰਤੀ ਫੌਜ ਦੇ ਜਵਾਨ ਅਤੇ ਕਰੀਬ 15 ਪੰਜਾਬ ਪੁਲਿਸ ਦੇ ਜਵਾਨ ਬਣੇ ਹਨ । ਹੋਰ ਸਰਕਾਰੀ ਮਹਿਕਮਿਆਂ ਵਿੱਚ ਵੀ ਪਿੰਡ ਦੇ ਨੌਜਵਾਨ ਸੇਵਾ ਕਰ ਰਹੇ ਹਨ । ਪੁਰਾਣੇ ਸਮੇਂ ਦੌਰਾਨ ਪਿੰਡ ਦੇ 4 ਨੋਜਵਾਨ ਅਮਰ ਸਿੰਘ , ਸਰਦਾਰਾ ਸਿੰਘ , ਦਰਬਾਰਾ ਸਿੰਘ ਅਤੇ ਭਾਗ ਸਿੰਘ ਅਜਾਦ ਹਿੰਦ ਫੌਜ ਦੇ ਮੋਹਰੀਆਂ ਵਿੱਚ ਵੀ ਰਹੇ ਤੇ ਉਨਾਂ ਨੇਤਾ ਜੀ ਸੁਬਾਸ਼ ਚੰਦਰ ਬੋਸ ਨਾਲ ਮੋਰਚੇ ਲਗਾਏ । ਪਿੰਡ ਵਿੱਚ ਮੋੜੀ ਗੱਡਣ ਵਾਲੇ ਦਲ ਸਿੰਘ ਦੇ ਭਾਣਜਾ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਸਾਵਨ ਸਿੰਘ ਇਥੇ ਆਏ ਤੇ ਫਿਰ ਕ੍ਰਮਵਾਰ ਉਨਾਂ ਦੀ ਪੀੜੀ ਚਲਦੀ ਰਹੀ ਜਿਸ ਵਿੱਚ ਦਸੌਂਧਾਂ ਸਿੰਘ , ਜੱਗਰ ਸਿੰਘ , ਹਜੂਰ ਸਿੰਘ , ਬਲਵੰਤ ਸਿੰਘ , ਕਰਨੈਲ ਸਿੰਘ , ਬਲਜੀਤ ਸਿੰਘ ਅਤੇ ਹੁਣ ਅਰਸ਼ਦੀਪ ਸਿੰਘ ਨਾਲ ਕੁਲ ਅੱਗੇ ਚਲ ਰਹੀ ਹੈ । ਚੱਪਾ ਟਿੱਬਾ ਡੇਰੇ ਦੇ ਸੰਤਾਂ ਦੀ ਰਹਿਨੁਮਾਈ ਹੇਠ ਪਿੰਡ ਵਿੱਚ ਇੱਕ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ । ਜਿਸ ਵਿੱਚ ਬੱਚੇ ਖੇਡਦੇ ਤੇ ਬਜੁਰਗ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਹਨ । ਪਿੰਡ ਦੀਆਂ ਮੁੱਖ ਮੰਗਾਂ ਵਿੱਚ ਨਹਿਰੀ ਪਾਣੀ ਦੀ ਮੰਗ ਸ਼ਾਮਲ ਹੈ । ਕਿਉਂਕਿ ਇਹ ਪਿੰਡ ਟੇਲਾਂ ਤੇ ਰਹਿ ਗਿਆ ਜਿਸ ਕਾਰਨ ਇਥੇ ਨਹਿਰੀ ਪਾਣੀ ਦੀ ਬਹੁਤ ਘਾਟ ਹੈ ਜਿਸ ਕਾਰਨ ਫਸਲਾਂ ਦੀ ਪੈਦਾਵਾਰ ਘੱਟ ਹੁੰਦੀ ਹੈ । ਪਿੰਡ ਵਿੱਚ ਸਟਰੀਟ ਲਾਈਟਾਂ ਲਗਵਾਉਣਾ , ਦਾਣਾ ਮੰਡੀ ਬਣਾਉਣਾ , ਛੱਪੜ ਦੀ ਚਾਰਦਿਵਾਰੀ ਕਰਵਾਉਣੀ ਵੀ ਮੁੱਖ ਮੰਗਾਂ ਵਿੱਚ ਸ਼ਾਮਲ ਹੈ । ਇਹ ਪਿੰਡ ਸੇਢਾ ਸਿੰਘ ਵਾਲਾ , ਰਣ ਸਿੰਘ ਵਾਲਾ , ਝੱਖੜਵਾਲਾ, ਜੈਤੋ ਅਤੇ ਬਾਜਾਖਾਨੇ ਨੂੰ ਆਪਸ ਵਿੱਚ ਜੋੜਦਾ


ਦਲ ਸਿੰਘ ਵਾਲਾ ਦੀ ਸ਼ਾਨ ਪਹਿਲੀ ਬਟਾਲੀਅਨ ਸਿਪਾਹੀ ਬਾਘ ਸਿੰਘ ਨੰ: 29400 ਸਿੱਖ ਰਜਮੈਂਟ (ਵੀਰ ਚੱਕਰ )

੨੨-੨੩ ਨਵੰਬਰ 1947 ਦੀ ਰਾਤ ਨੂੰ ਕਸ਼ਮੀਰ ਵਿੱਚ ਉੜੀ ਦੇ ਅਸਥਾਨ ਤੇ ਕਬਾਇਲੀਆਂ ਵਿਰੁਧ ਕਾਰਵਾਈ ਵਿੱਚ ਦੁਸ਼ਮਣ ਦੇ 600 ਜਵਾਨਾਂ ਨੇ ਇੱਕ ਪਹਾੜੀ ਸਥਾਨ ਤੇ ਜਬਰਦਸਤ ਹਮਲਾ ਕੀਤਾ । ਉਸ ਪਹਾੜੀ ਅਸਥਾਨ ਤੇ ਡੀ: ਕੰਪਨੀ ਦਾ ਜਿਸਦੀ ਕਮਾਨ ਸੂਬੇਦਾਰ ਗੁਰਚਰਨ ਸਿੰਘ ਟੂ ਕਰ ਰਹੇ ਸਨ, ਕਬਜਾ ਸੀ। ਇਹ ਇੱਕ ਬਹੁਤ ਕਮਜੋਰ ਕੰਪਨੀ ਸੀ । ਸਿਪਾਹੀ ਬਾਗ ਸਿੰਘ ਅਗੇ ਵਧਣ ਵਾਲੇ ਸੈਕਸ਼ਨ ਵਿੱਚ ਲਾਈਟ ਮਸ਼ੀਨਗੰਨ ਦੇ ਪਹਿਲੇ ਨੰਬਰ ਦੇ ਜਵਾਨ ਸਨ , ਜਿਸਦੀ ਕਮਾਨ ਸਵਰਗਵਾਸੀ ਨਾਇਕ ਚੰਦ ਸਿੰਘ ਕਰ ਰਹੇ ਸਨ । ਇਸ ਸੈਕਸ਼ਨ ਵਿੱਚ ਕੇਵਲ ਛੇ ਜਵਾਨ ਸਨ । ਸਵਾ ਦਸ ਵਜੇ ਰਾਤ ਨੂੰ ਜਦੋਂ ਕਿ ਪਹਿਲਾ ਹਮਲਾ ਸੁਰੂ ਹੋਇਆ , ਸੈਕਸ਼ਨ ਤੇ ਦੁਸ਼ਮਣ ਵਲੋਂ ਆਟੋਮੈਟਿਕ ਭਾਰੀ ਹਥਿਆਰਾਂ ਅਤੇ ਰਾਈਫਲਾਂ ਦਾ ਫਾਇਰ ਹੋਣ ਲੱਗਾ ਅਤੇ ਹਮਲੇ ਦੇ ਜਵਾਬ ਦੇਣ ਦਾ ਕੰਮ ਮੁੱਖਰੂਪ ਵਿੱਚ ਇਸ ਸੈਕਸ਼ਨ ਤੇ ਪਿਆ । ਸੈਕਸ਼ਨ ਦੁਸ਼ਮਣ ਦਾ ਫਾਇਰ ਰੋਕਦਾ ਰਿਹਾ ਏਥੋਂ ਤੱਕ ਕੇ ਦੁਸ਼ਮਣ ਸੈਕਸ਼ਨ ਦੇ ਟਿਕਾਣੇ ਤੋਂ 30-30 ਗਜ ਦੀ ਵਿੱਥੀ ਤੇ ਆ ਗਿਆ ਅਤੇ ਉਸ ਨੇ ਫਿਰ ਫਾਇਰਿੰਗ ਆਰੰਭ ਕਰ ਦਿੱਤੀ । ਸਿਪਾਹੀ ਬਾਘ ਸਿੰਘ ਨੇ ਆਪਣੀ ਹਲਕੀ ਮਸ਼ੀਨ ਗੰਨ ਦੀ ਵਰਤੋਂ ਬੜੀ ਹੀ ਚਤੁਰਾਈ ਨਾਲ ਕੀਤੀ ਅਤੇ ਆਪਣੀ ਹਲਕੀ ਮਸ਼ੀਨ ਗੰਨ ਠੀਕ ਠੀਕ ਵਰਤੋਂ ਵਿੱਚ ਲਿਆਉਂਦਿਆਂ ਅਤੇ ਹੱਥ ਗੋਲਿਆਂ ਦੀ ਸਹਾਇਤਾ ਨਾਲ ਉਨਾਂ ਨੇ ਦੁਸ਼ਮਣ ਨੂੰ ਪਥਰੀਲੀ ਜਮੀਨ ਤੇ ਝਾੜੀਆਂ ਦੇ ਪਿੱਛੇ ਹਟ ਜਾਣ ਲਈ ਮਜਬੂਰ ਕਰ ਦਿੱਤਾ । ਇਸ ਤਰਾਂ ਪਹਾੜੀ ਅਸਥਾਨ ਤੇ ਕਬਜਾ ਕਰਨ ਦਾ ਦੁਸ਼ਮਣ ਦਾ ਪਹਿਲਾ ਯਤਨ ਅਸਫਲ ਰਿਹਾ । ਦੁਸ਼ਮਣ ਨੇ ਦੂਜਾ ਹਮਲਾ ਸਾਢੇ 11 ਵਜੇ ਰਾਤ ਨੂੰ ਸੁਰੂ ਕੀਤਾ । ਉਹਦੇ ਵਿੱਚ ਉਹਨੈ ਤਿੰਨ ਇੰਚ ਮਾਰਟਰ ਦਾ ਜਬਰਦਸਤ ਫਾਇਰ ਕੀਤਾ । ਇਹ ਕਾਰਵਾਈ ਪਲਟੂਨ ਤੋਂ 600 ਗਜ ਦੀ ਵਿੱਥ ਤੇ ਹੀ ਹੋ ਰਹੀ ਸੀ । ਸੈਕਸ਼ਨ ਕਮਾਂਡਰ ਨਾਇਕ ਚੰਦ ਸਿੰਘ ਆਪਣੀ ਮਰਜੀ ਨਾਲ ਇਸ ਮਾਰਟਰ ਨੂੰ ਨਸ਼ਟ ਕਰਨ ਲਈ ਧਾਵਾ ਬੋਲਣ ਵਾਲੀ ਟੋਲੀ ਦੇ ਨਾਲ ਅੱਗੇ ਵਧੇ ਅਤੇ ਨੰ: 22515 ਲੈਂਸ ਨਾਇਕ ਬਚਿੱਤਰ ਸਿੰਘ ਨੇ , ਜਿਹੜੇ ਕਿ ਸੈਕਸ਼ਨ ਦੇ ਉਪਕਮਾਨ ਅਫਸਰ ਸਨ , ਕਮਾਨ ਸੰਭਾਲੀ । ਜਲਦੀ ਹੀ ਲੈਂਸ ਨਾਇਕ ਬਚਿੱਤਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਫਿਰ ਸੈਕਸ਼ਨ ਦੇ ਬਚੇ ਹੋਏ 4 ਜਵਾਨਾਂ ਦੀ ਕਮਾਨ ਦਾ ਭਾਰ ਸਿਪਾਹੀ ਬਾਘ ਸਿੰਘ ਤੇ ਪਿਆ । ਬਾਘ ਸਿੰਘ ਨੇ ਚੰਗੀ ਤਰਾਂ ਹਾਲਤ ਸੰਭਾਲ ਲਈ ਅਤੇ ਆਪਣੀ ਹਲਕੀ ਮਸ਼ੀਨ ਗੰਨ ਨਾਲ ਗੋਲੀਆਂ ਵਰਾਉਂਦਿਆਂ ਹੋਇਆਂ ਅਤੇ ਲੜਾਈ ਦੇ ਨਾਅਰੇ ਲਗਾਉਂਦਿਆਂ ਹੋਇਆਂ ਉਨਾਂ ਨੇ ਆਪਣੇ ਜਵਾਨਾਂ ਨੂੰ ਅੰਤ ਦਮ ਤੱਕ ਲੜਦੇ ਰਹਿਣ ਲਈ ਉਤਸਾਹਿਤ ਕੀਤਾ । ਉਨਾਂ ਦੇ ਜਵਾਨ ਆਪਣੀਆਂ ਥਾਵਾਂ ਤੇ ਡਟੇ ਰਹੇ ਅਤੇ ਉਨਾਂ ਨੇ ਇੱਕ ਵੇਰਾਂ ਫਿਰ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਜਦੋਂ ਦੁਸ਼ਮਣ ਨੇ ਉਨਾਂ ਦੇ ਸੈਕਸ਼ਨ ਨੂੰ ਗੋਲੀਆਂ ਮਾਰਨੀਆਂ ਸੁਰੂ ਕਰ ਦਿੱਤੀਆਂ ਅਤੇ ਫਿਰ ਇਸ ਤਰਾਂ ਲਲਕਾਰਿਆ । ਖਾਲਸਿਉ ਮੋਰਚਾ ਛੱਡ ਕੇ ਭਜ ਜਾਉ ਨਹੀਂ ਤਾਂ ਮਾਰੇ ਜਾਉਗੇ । ਇਤਿ ਆਦਿ ਤਾਂ ਸਿਪਾਹੀ ਬਾਘ ਸਿੰਘ ਨੇ ਦੁਸ਼ਮਣ ਨੂੰ ਬਹੁਤ ਹੀ ਵਾਜਬ ਜਵਾਬ ਦਿੰਦਿਆਂ ਹੋਇਆਂ ਆਪਣੇ ਸੈਕਸ਼ਨ ਦਾ ਹੌਂਸਲਾ ਉੱਚਾ ਰੱਖਿਆ । ਉਨਾਂ ਨੇ ਦੁਸ਼ਮਣ ਨੂੰ ਅੱਗੇ ਵਧਣ ਲਈ ਲਲਕਾਰਿਆ ਅਤੇ ਉਨਾਂ ਨੂੰ ਕਿਹਾ ਕਿ ਜੇ ਉਹ ਇੱਕ ਇੰਚ ਵੀ ਅੱਗੇ ਵਧੇ ਤਾਂ ਉਹ ਉਨਾਂ ਤੇ ਹਮਲਾ ਜਰੂਰ ਕਰਨ ਗੇ ।ਇਸ ਨਾਲ ਜਵਾਨਾਂ ਦਾ ਹੌਸਲਾਂ ਉੱਚਾ ਰਿਹਾ । ਅਤੇ ਦੁਸ਼ਮਣ ਜਰਾ ਵੀ ਅੱਗੇ ਨਾ ਵਧ ਸਕਿਆ । ਨਾਇਕ ਚੰਦ ਸਿੰਘ ਨੇ ਆਪਣਾ ਗਸ਼ਤੀ ਮਿਸ਼ਨ ਪੂਰ ਕਰਨ ਤੋਂ ਬਾਅਦ ਫਿਰ ਸੈਕਸ਼ਨ ਦੀ ਕਮਾਨ ਸੰਭਾਲੀ ਪਰ ਉਹ ਜਲਦੀ ਹੀ ਹੱਥ ਗੋਲਾ ਸੁਟਦੇ ਹੋਏ ਮਾਰੇ ਗਏ । ਸੈਕਸ਼ਨ ਦੀ ਕਮਾਨ ਦਾ ਭਾਰ ਹੁਣ ਫਿਰ ਸਿਪਾਹੀ ਬਾਘ ਸਿੰਘ ਤੇ ਪਿਆ । ਭਾਵੇਂ ਉਨਾਂ ਦੇ ਸੈਕਸ਼ਨ ਕਮਾਂਡਰ ਕੰਮ ਆ ਚੁੱਕੇ ਸਨ ਸਿਪਾਹੀ ਬਾਘ ਸਿੰਘ ਨੇ ਫਿਰ ਵੀ ਸਲਾਹੁਣ ਯੋਗ ਢੰਗ ਨਾਲ ਹਾਲਤ ਸੰਭਾਲੀ ਰੱਖੀ । ਉਨਾਂ ਕਾਰਨ ਉਨਾਂ ਦੇ ਜਵਾਨਾਂ ਵਿੱਚ ਬਹੁਤ ਆਤਮ- ਵਿਸਵਾਸ਼ ਆ ਗਿਆ ਅਤੇ ਬਹੁਤ ਹੀ ਨਾਜੁਕ ਹਾਲਤ ਦੇ ਬਾਵਜੂਦ ਵੀ ਉਨਾਂ ਦੇ ਸੈਕਸ਼ਨ ਨੇ ਚੋਂਕੀ ਤੇ ਕਬਜਾ ਜਮਾਈ ਰੱਖਿਆ । ਇਸ ਤਰਾਂ ਪਲਟੂਨ ਦੀ ਥਾਂ ਤੇ ਕਬਜਾ ਕਰਨ ਦਾ ਦੁਸ਼ਮਣ ਦਾ ਦੂਜਾ ਯਤਨ ਵੀ ਨਿਸਫਲ ਰਿਹਾ । ਹੁਣ ਉਹ ਫਾਇਰ ਕਰਦਿਆਂ ਹੋਇਆਂ ਪਿੱਛੋਂ ਹਟਣ ਅਤੇ ਮਰੇ ਹੋਏ ਜਾਵਾਨਾਂ ਦੀਆਂ ਲਾਸ਼ਾਂ ਅਤੇ ਜਖਮੀਆਂ ਨੂੰ ਕੱਢਣ ਦੇ ਕੰਮ ਵਿੱਚ ਲੱਗ ਗਿਆ । ਇਸ ਮਹੱਤਵ ਪੂਰਨ ਪਹਾੜੀ ਤੇ ਹਮਲਾ ਹੋਣ ਵੇਲੇ ਸਿਪਾਹੀ ਬਾਘ ਸਿੰਘ ਨੇ ਅਤਿਅੰਤ ਵਿਅਕਤੀਗਤ ਹੌਂਸਲੇ ਅਤੇ ਦ੍ਰਿੜਤਾ ਦਾ ਸਬੂਤ ਦਿੱਤਾ । ਭਾਂਵੇਂ ਉਹ ਉਮਰ ਵਿੱਚ ਛੋਟੇ ਅਤੇ ਨਾ ਤਜਰਬੇ ਕਾਰ ਸਨ ਪਰ ਫਿਰ ਵੀ ਉਨਾਂ ਨੇ ਮੁਸ਼ਕਲ ਦਾ ਬੜੇ ਹੀ ਆਤਮ-ਵਿਸਵਾਸ਼ ਅਤੇ ਹੁਸ਼ਿਆਰੀ ਨਾਲ ਜਬਰਦਸਤ ਮੁਕਾਬਲਾ ਕੀਤਾ । ਉਨਾਂ ਦੇ ਇਨਾਂ ਗੁਣਾਂ ਨਾਲ ਉਨਾਂ ਦੇ ਸੈਕਸ਼ਨ ਦੇ ਬਚੇ ਹੋਏ ਤਿੰਨ ਜਵਾਨਾਂ ਨੇ ਪ੍ਰੇਰਨਾਂ ਲੈ ਕੇ ਔਖੀ ਹਾਲਤ ਵਿੱਚ ਵੀ ਆਪਣੀ ਥਾਂ ਤੇ ਕਬਜਾ ਰੱਖਿਆ । ਇਸ ਦੇਸ਼ ਦੇ ਜਵਾਨ ਨੂੰ ਸਰਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕਰਕੇ ਮਾਨ ਮਹਿਸੂਸ ਕਰਦੀ ਹੈ । ਜੈ ਜਵਾਨ ।