ਆਸਥਾ ਦਾ ਪ੍ਰਤੀਕ - ਸ਼ਿਵ ਗੁਫਾ ਮੰਦਰ ਕੋਟਕਪੂਰਾ ਮੁਕਤਸਰ ਰੋਡ ਉਪਰ ਸਥਿਤ ਫੁੱਲਾਂ ਦੀ ਨਰਸਰੀ ਵਿੱਚ ਬਣਿਆ ਚਿੱਟੇ ਪੱਥਰਾਂ ਦਾ ਸ਼ਿਵ ਗੁਫਾ ਮੰਦਰ ਆਸਥਾ ਦਾ ਪ੍ਰਤੀਕ ਹੈ । ਸ਼ਿਵ ਪਰਿਵਾਰ ਨੂੰ ਸਪਰਪਿਤ ਇਸ ਗੁਫਾ ਮੰਦਰ ਦਾ ਨੀਂਹ ਪੱਥਰ ਆਗਰਾ ਦੇ ਜੰਮਪਲ ਰੂਪ ਸਿੰਘ ਨੇ ਰੱਖਿਆ ਤੇ ਆਪਣੇ ਹੱਥੀਂ ਹੀ ਇਸ ਦਾ ਨਿਰਮਾਣ ਕੀਤਾ । ਰੂਪ ਸਿੰਘ ਦਾ ਸ਼ਿਵ ਪਰਿਵਾਰ ਵਿੱਚ ਡਾਢਾ ਵਿਸਵਾਸ਼ ਉਸ ਵੇਲੇ ਰੰਗ ਲੈ ਆਇਆ ਜਦੋਂ ਉਸ ਦੀ ਮੰਨਤ ਪੂਰੀ ਹੋਈ । ਹੱਥੀਂ ਕਿਰਤ ਕਰਨ ਵਾਲੇ ਰੂਪ ਪਰਿਵਾਰ ਦਾ ਸ਼ਿਵਜੀ ਮਹਾਰਾਜ ਪ੍ਰਤੀ ਅਥਾਹ ਪਿਆਰ ਸੀ, ਤੇ ਹਮੇਸ਼ਾਂ ਹੀ ਉਸ ਦੀ ਭਗਤੀ ਵਿੱਚ ਲੀਨ ਹੋ ਕੇ ਮਸਤ ਰਹਿੰਦੇ ਸਨ । ਉਨਾਂ ਆਪਣੀ ਆਸਥਾ ਪ੍ਰਤੀ ਸ਼ਿਵ ਪਰਿਵਾਰ ਤੇ ਵਿਸਵਾਸ਼ ਕਰਦਿਆਂ ਮੰਨਤ ਮੰਗੀ ਕਿ ਜੇਕਰ ਉਨਾਂ ਨੂੰ ਵਧੀਆ ਜਗਾ ਪ੍ਰਾਪਤ ਹੋਵੇ ਤੇ ਉਹ ਪਹਿਲਾਂ ਸ਼ਿਵ ਪਰਿਵਾਰ ਦਾ ਘਰ ਬਣਾਉਣਗੇ ਤੇ ਫਿਰ ਆਪਣੇ ਲਈ । ਆਗਰੇ ਤੋਂ ਕੰਮ ਦੀ ਭਾਲ ਵਿੱਚ ਰੂਪ ਸਿੰਘ ਆਪਣੇ ਪਿਤਾ ਗੁਜਾਦਰ ਸਿੰਘ ਅਤੇ ਮਾਤਾ ਪ੍ਰਭੋ ਦੇ ਨਾਲ ਪੰਜਾਬ ਦੇ ਕੋਟਕਪੂਰਾ ਵਿਖੇ ਆ ਕੇ ਵਸਿਆ ਤੇ ਕਿਰਾਏ ਤੇ ਜਗਾ ਲੈ ਕੇ ਇਥੇ ਨਰਸਰੀ (ਬੂਟੇ ਵੇਚਣ ਦਾ ਕੰਮ) ਸੁਰੂ ਕੀਤਾ । ਸ਼ਿਵ ਦੀ ਇਤਨੀ ਕ੍ਰਿਪਾ ਹੋਈ ਕਿ ਕੁਝ ਸਮੇਂ ਬਾਅਦ ਹੀ ਨਰਸਰੀ ਵਾਲੀ ਜਗਾ ਦੇ ਮਾਲਕ ਬਣ ਗਏ । ਆਪਣੇ ਵਿਸਵਾਸ਼ ਨੂੰ ਦ੍ਰਿੜ ਰੱਖਦਿਆਂ ਰੂਪ ਸਿੰਘ ਨੇ ਉਸ ਜਗਾ ਵਿੱਚ ਮਿਤੀ 15 ਦਸੰਬਰ 2002 ਨੂੰ ਇੱਕ ਵਿਸ਼ਾਲ ਭੰਡਾਰਾ ਕਰਕੇ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖਿਆ। ਜਿਸ ਵਿੱਚ ਉਸ ਨੇ ਆਪਣੇ ਹੀ ਚੇਲੇ ਰਿਸ਼ੀ ਤੋਂ ਮਿਸਤਰੀ ਪੁਨਾ ਸਿੱਖ ਕੇ ਬਿਨਾਂ ਕਿਸੇ ਮਿਸਤਰੀ ਤੋਂ ਆਪਣੇ ਹੱਥੀਂ ਚਿੱਟੇ ਪੱਥਰਾਂ ਦੀ ਮੀਨਾਕਾਰੀ ਕੀਤੀ ਤੇ ਪੱਥਰਾਂ ਦੇ ਸਹਾਰੇ ਮੰਦਰ ਵਿੱਚ ਗੁਫਾ ਰੂਪੀ ਕਈ ਰਸਤੇ ਬਣਾਏ ਜੋ ਮੰਦਰ ਵਿੱਚ ਬਿਰਾਜਮਾਨ ਵੱਖ ਵੱਖ ਮੂਰਤੀਆਂ ਦੇ ਦਰਸ਼ਨਾਂ ਨੂੰ ਜਾਂਦੇ ਹਨ । ਆਸ ਪਾਸ ਨਰਸਰੀ ਦੇ ਬੂਟਿਆਂ ਵਿੱਚ ਸਜਿਆ ਇਹ ਮੰਦਰ ਪਹਾੜੀ ਇਲਾਕੇ ਦੀ ਦਿੱਖ ਹੈ । ਨਿਰੋਲ ਅਨਪੜ ਰੂਪ ਸਿੰਘ ਨੇ ਇਸ ਮੰਦਰ ਦੀ ਉਸਾਰੀ ਲਈ ਕਦੇ ਵੀ ਨਾ ਤਾਂ ਕੋਈ ਚੰਦਾ ਇਕੱਠਾ ਕੀਤਾ ਤੇ ਨਾ ਹੀ ਕੋਈ ਗਰਾਂਟ । ਉਹ ਆਪਣੇ ਹੱਥੀਂ ਮਿਹਨਤ ਕਰਕੇ ਜੋ ਵੀ ਕਮਾਈ ਕਰਦਾ ਉਸ ਦਾ ਜਿਆਦਾ ਹਿੱਸਾ ਮੰਦਰ ਦੀ ਉਸਾਰੀ ਵਿੱਚ ਖਰਚ ਕਰਦਾ ਉਸ ਦਾ ਕਹਿਣਾ ਹੈ ਮੰਦਰ ਵਿੱਚ ਲੱਗਣ ਵਾਲਾ ਸਾਰਾ ਪੱਥਰ ਹਰਿਦੁਆਰ ਤੋਂ ਮੰਗਵਾਇਆ ਜਾਂਦਾ ਹੈ । ਕਰੀਬ 6 ਸਾਲ ਤੱਕ ਮੰਦਰ ਦੀ ਮੀਨਾਕਾਰੀ ਤੋਂ ਬਾਅਦ ਇੱਕ ਵਿਸ਼ਾਲ ਭੰਡਾਰਾ ਕਰਕੇ 6 ਮਾਰਚ 2008 ਨੂੰ ਸ਼ਿਵ ਪਰਿਵਾਰ ਦੀਆਂ ਸਾਰੀਆਂ ਮੂਰਤੀਆਂ ਦੀ ਸਥਾਪਨਾ ਕਰਦਿਆਂ ਰੂਪ ਨੇ ਇਹ ਮੰਦਰ ਦਾ ਦਰਵਾਜਾ ਖੋਲ ਦਿੱਤਾ । ਜੋ ਅੱਜ ਵੀ ਸ਼ਹਿਰ ਨਿਵਾਸੀਆਂ ਦੇ ਇਲਾਵਾ ਬਾਹਰ ਤੋਂ ਆਏ ਸਰਧਾਲੂਆਂ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ । ਇਸ ਮੰਦਰ ਅੰਦਰ ਸਾਲ ਅੰਦਰ ਦੋ ਵਿਸਾਲ ਭੰਡਾਰੇ ਕਰਵਾਏ ਜਾਂਦੇ ਹਨ । ਮੰਦਰ ਦੇ ਚੜਾਵੇ ਤੋਂ ਇਲਾਵਾ ਪਹਿਲਾਂ ਦੀ ਤਰਾਂ ਹੀ ਰੂਪ ਸਿੰਘ ਤੇ ਉਸ ਦਾ ਪਰਿਵਾਰ ਆਪਣੀ ਕਮਾਈ ਵਿਚੋਂ ਇਸ ਮੰਦਰ ਦੀ ਉਸਾਰੀ ਲਈ ਲਗਾਤਾਰ ਇਸ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਉਨਾਂ ਦਾ ਮੰਨਣਾ ਹੈ ਕਿ ਸ਼ਿਵਜੀ ਮਹਾਰਾਜ ਦੀ ਕ੍ਰਿਪਾ ਨਾਲ ਹੀ ਉਹ ਇਸ ਜਮੀਨ ਦੇ ਮਾਲਕ ਬਣੇ ਹਨ ਤੇ ਸਾਰੀ ਜਿੰਦਗੀ ਉਹ ਸ਼ਿਵਜੀ ਮਹਾਰਾਜ ਦੀ ਆਪਾਰ ਕ੍ਰਿਪਾ ਵਿੱਚ ਲੀਨ ਰਹਿਣਗੇ । ਪੱਥਰਾਂ ਦੀ ਮੀਨਾਕਾਰੀ ਨਾਲ ਬਣਿਆ ਇਹ ਸ਼ਿਵ ਮੰਦਰ ਅੱਜ ਲੋਕਾਂ ਦਾ ਹਰਮਨ ਪਿਆਰਾ ਹੋ ਰਿਹਾ ਹੈ । ਸਰਧਾਲੂ ਆਪਨੀ ਮੰਨਤ ਮੰਗਣ ਲਈ ਇਸ ਦਰ ਤੇ ਸੀਸ ਝੁਕਾਉਂਦੇ ਹਨ।