ਫਰੀਦਕੋਟ ਜਿਲੇ ਦੇ ਕੋਟਕਪੂਰਾ ਬਲਾਕ ਦਾ ਪਿੰਡ ਬੱਗੇਆਣਾ


    ਬੱਗੇਆਣਾ ਫਰੀਦਕੋਟ ਜਿਲੇ ਦੇ ਕੋਟਕਪੂਰਾ ਬਲਾਕ ਦਾ ਪਿੰਡ ਬੱਗੇਆਣਾ ਮੋਗਾ ਜਿਲੇ ਦੇ ਪਿੰਡ ਡਗਰੂ ਦੇ ਨਿਵਾਸੀ ਬਾਬਾ ਜਵਾਹਰ ਸਿੰਘ ਦਾ ਮੋਹੜੀ ਗੱਡ ਪਿੰਡ ਹੈ । ਪੁਰਾਣੇ ਬਜੁਰਗਾਂ ਦੇ ਦੱਸਣ ਮੁਤਾਬਕ ਕਰੀਬ 140 ਸਾਲ ਪਹਿਲਾਂ ਅੰਗਰੇਜੀ ਹਕੂਮਤ ਸਮੇਂ ਇਹ ਇਲਾਕਾ ਘਣੇ ਜੰਗਲਾਂ ਦਾ ਇਲਾਕਾ ਹੁੰਦਾ ਸੀ ਤੇ ਉਨਾਂ ਸਮਿਆਂ ਵਿੱਚ ਇੱਕ ਰੁਪੈ ਵਿੱਚ ਇੱਕ ਘੁਮਾ ਜਮੀਨ ਆਉਂਦੀ ਸੀ । ਅੰਗਰੇਜ ਸਰਕਾਰ ਸਮੇਂ ਬਹੁਤ ਘੱਟ ਲੋਕ ਜਮੀਨਾਂ ਖਰੀਦਦੇ ਸਨ । ਲੋਕ ਜਿਆਦਾ ਅਮੀਰ ਨਹੀਂ ਸਨ ਹੁੰਦੇ । ਸਰਕਾਰ ਸਿਰਫ ਮਾਮਲਾ ਪ੍ਰਾਪਤ ਕਰਕੇ ਹੀ ਜਮੀਨ ਦੀ ਮਰੁੱਬਾਬੰਦੀ ਕਰ ਦਿੰਦੀ ਸੀ ਇਸ ਜਗਾ ਤੇ ਵੀ ਕਿਸੇ ਨੇ ਇਸ ਦੀ ਕੀਮਤ ਦੇਣ ਦੀ ਹਿੰਮਤ ਨਾ ਕੀਤੀ ਕਿਉਂਕਿ ਕੋਟਸੁਖੀਏ ਦੇ ਲੋਕ ਇਥੇ ਪਿੰਡ ਵਸੇ , ਇਸ ਹੱਕ ਚ ਨਹੀਂ ਸਨ ਪਰ ਡਗਰੂ ਨਿਵਾਸੀ ਬਾਬਾ ਜਵਾਹਰ ਸਿੰਘ ਨੇ ਇਥੇ 500 ਘੁਮਾ ਜਮੀਨ ਦਾ 500 ਰੁਪੈ ਮਾਮਲਾ ਦੇ ਕੇ ਪਿੰਡ ਬੱਗੇਆਣਾ ਦੀ ਮੋਹੜੀ ਗੱਡੀ ਤੇ ਇਥੇ ਹੌਲੀ ਹੌਲੀ ਪਿੰਡ ਦਾ ਵਾਸਾ ਹੋਇਆ । ਪਿੰਡ ਦੇ ਹਿੱਸੇ ਕਰੀਬ 1800 ਏਕੜ ਰਕਬਾ ਆਇਆ । ਇਸ ਪਿੰਡ ਵਿੱਚ ਬਰਾੜ, ਚੀਮੇ, ਖਹਿਰੇ , ਥੇਰ , ਢਿਲੋਂ, ਮਜਬੀ ਸਿੱਖ ਤੇ ਹੋਰ ਕਈ ਜਾਤੀਆਂ ਦੇ ਲੋਕ ਆ ਕੇ ਵਸੇ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਬਹੁ-ਗਿਣਤੀ ਮੁਸਲਮਾਨਾਂ ਦੀ ਸੀ ਜਿਨਾਂ ਦਾ ਪਿੰਡ ਵਿੱਚ ਇੱਕ ਦੂਜੇ ਨਾਲ ਅਥਾਹ ਪਿਆਰ ਸੀ। ਉਸ ਸਮੇਂ ਫਰੀਦਕੋਟ ਰਿਆਸਤ ਦੇ 184 ਪਿੰਡ ਸਨ । ਬਾਕੀ ਪਿੰਡਾਂ ਦੇ ਮੁਕਾਬਲੇ ਇਸ ਪਿੰਡ ਵਿੱਚ ਆਮ ਲੋਕਾਂ ਨੇ ਭਾਰਤ-ਪਾਕਿ ਵੰਡ ਸਮੇਂ ਮੁਸਲਮਾਨਾਂ ਦੀ ਰੱਖਿਆ ਕੀਤੀ ਤੇ ਉਨਾਂ ਨੂੰ ਬਾ-ਇੱਜਤ ਪਿੰਡ ਚੋਂ ਲਿਜਾ ਕੇ ਮਹਾਰਾਜ ਫਰੀਦਕੋਟ ਦੇ ਪਾਸ ਪਹੁੰਚਾ ਦਿੱਤਾ । ਵੰਡ ਤੋਂ ਬਾਅਦ ਭਾਰਤੀ ਕਾਨੂੰਨ ਮੁਤਾਬਕ ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਬਣਾਈਆਂ ਗਈਆਂ ਤਾਂ ਇਸ ਪਿੰਡ ਦੇ ਪਹਿਲੇ ਸਰਪੰਚ ਅਨੋਖ ਸਿੰਘ ਬਣੇ ਤੇ ਉਸ ਤੋਂ ਬਾਅਦ ਕ੍ਰਮਵਾਰ ਜੋਗਿੰਦਰ ਸਿੰਘ , ਹਾਕਮ ਸਿੰਘ , ਹੰਸਰਾਜ , ਹਰਜਿੰਦਰ ਸਿੰਘ , ਗੀਟਣ ਸਿੰਘ , ਸੁਖਦੇਵ ਸਿੰਘ , ਜਸਵਿੰਦਰ ਸਿੰਘ , ਅਤੇ ਹੁਣ ਮੌਜੂਦਾ ਸੁਖਦੀਪ ਕੌਰ ਸਰਪੰਚ ਹਨ । ਕਰੀਬ 3000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਕਰੀਬ 1600 ਵੋਟਰ ਹਨ । ਇਸ ਪਿੰਡ ਦੇ ਬਹੁਤ ਸਾਰੇ ਨੋਜਵਾਨ ਫੌਜ , ਪੁਲਿਸ , ਅਧਿਆਪਕ, ਤੇ ਡਾਕਟਰ ਬਣਕੇ ਸਰਕਾਰੀ ਨੌਕਰੀਆਂ ਤੇ ਸੇਵਾ ਨਿਭਾ ਰਹੇ ਹਨ । ਪਿੰਡ ਵਿੱਚ ਪੁਰਾਣਾ ਖੂਹ ਵੀ ਇਤਿਹਾਸ ਨੂੰ ਸੱਜਦਾ ਕਰਦਾ ਹੈ ਜੋ ਪਿੰਡ ਵਾਸੀਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਸਮੇਂਸਮੇਂ ਤੇ ਉਸ ਦੀ ਮਰੁੰਮਤ ਕਰਵਾਈ ਜਾਂਦੀ ਹੈ । ਉਹ ਗੱਲ ਵੱਖਰੀ ਹੈ ਕਿ ਹੁਣ ਯੁੱਗ ਬਦਲਣ ਕਾਰਨ ਪੀਣ ਵਾਲੇ ਪਾਣੀ ਦੇ ਸਾਧਨ ਬਹੁਤ ਹੋ ਗਏ ਹਨ ਪਰ ਫਿਰ ਵੀ ਇਸ ਪਿੰਡ ਦੇ ਪੁਰਖਾਂ ਨੇ ਇਸ ਖੂਹ ਤੋਂ ਪਾਣੀ ਪੀ ਕੇ ਆਪਣੀ ਜਿੰਦਗੀ ਬਸਰ ਕੀਤੀ ਸੀ । ਕਰੋੜਾਂ ਰੁਪੈ ਦੀ ਲਾਗਤ ਨਾਲ ਪਿੰਡੋਂ ਬਾਹਰ ਵਾਰ ਪੰਜਾਬ ਸਰਕਾਰ ਵਲੋਂ ਇੱਕ ਵਾਟਰ ਵਰਕਸ ਦੀ ਉਸਾਰੀ ਵੀ ਕੀਤੀ ਹੋਈ ਹੈ । ਜਿਸ ਨਾਲ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹਿੰਦੀ । ਇਸ ਦੇ ਨਾਲ ਹੀ ਸਰਕਾਰ ਨੇ ਬਿਮਾਰੀਆਂ ਦੇ ਡਰ ਤੋਂ ਤੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਪੀਣ ਲਈ ਦੇਣ ਵਾਸਤੇ ਪਿੰਡ ਵਿੱਚ ਆਰ ਉ ਫਿਲਟਰ ਵੀ ਲਗਾਇਆ ਹੋਇਆ ਹੈ । ਪਿੰਡ ਵਿੱਚ ਬਰਾੜ ਅਤੇ ਚੀਮਾ ਦੋ ਪੱਤੀਆਂ ਹਨ ਤੇ ਦੋ ਨੰਬਰਦਾਰ ਹਨ । ਪਿਛਲੇ ਸਮੇਂ ਦਰਮਿਆਨ ਸਰਕਾਰ ਵਲੋਂ 7 ਲੱਖ ਰੁਪੈ ਲਗਾ ਕੇ ਪਿੰਡ ਵਿੱਚ ਗੋਬਰ ਗੈਸ ਪਲਾਂਟ ਦੀ ਉਸਾਰੀ ਕੀਤੀ ਗਈ ਸੀ ਜੋ ਹੁਣ ਬਿਲਕੁਲ ਬੰਦ ਹੈ ਤੇ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ । ਪਿੰਡ ਵਿੱਚ ਨੌਜਵਾਨਾਂ ਵਲੋਂ ਉੱਦਮ ਕਰਕੇ 2002 ਵਿੱਚ ਸ਼ੇਰੇ ਪੰਜਾਬ ਕਲੱਬ ਦਾ ਗਠਨ ਕੀਤਾ ਗਿਆ ਸੀ । ਇਸ ਕਲੱਬ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਚੰਗੀ ਸਿਹਤ ਦਾ ਖਿਆਲ ਰੱਖਦੇ ਹੋਏ ਜਿਥੇ ਹਰ ਸਾਲ ਟੂਰਨਾਂਮੈਂਟ ਕਰਵਾਇਆ ਜਾਂਦਾ ਹੈ ਉਥੇ ਪਿੰਡ ਪੱਧਰ ਤੇ ਗੁਰਦਵਾਰਾ ਸਾਹਿਬ ਵਿੱਚ ਸਮਾਗਮਾਂ ਸਮੇਂ ਸੇਵਾ ਕੀਤੀ ਜਾਂਦੀ ਹੈ । ਇਹ ਕਲੱਬ ਬੁੱਧ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਮੈਂਬਰਾਂ ਦੀ ਸਹਿਯੋਗ ਨਾਲ ਵਧੀਆ ਚਲ ਰਿਹਾ ਹੈ । ਪਿੰਡ ਵਿੱਚ ਮੁਸਲਮਾਨਾਂ ਦੇ ਜਾਣ ਤੋਂ ਬਾਅਦ ਸਰਕਾਰ ਵਲੋਂ ਪ੍ਰਾਇਮਰੀ ਸਕੂਲ ਬਣਾਇਆ ਗਿਆ ਸੀ ਜੋ ਕੁਝ ਕੁ ਸਾਲ ਪਹਿਲਾਂ ਅਪ੍ਰੇਡ ਕਰਕੇ ਮਿੱਡਲ ਬਣਾ ਦਿੱਤਾ ਗਿਆ । ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਨੂੰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਜਾਵੇ । ਪਿੰਡ ਦੇ ਕਿਨਾਰੇ ਬਣੇ ਛੱਪੜ ਦੀ ਚਾਰ ਦਿਵਾਰੀ ਪੱਕੀ ਕਰਵਾਈ ਜਾਵੇ ਤੇ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਜਾਣ । ਪਿੰਡ ਵਿੱਚ ਪਸ਼ੂ ਹਸਪਤਾਲ ਤੇ ਡਿਸਪੈਂਸਰੀ ਮਨਜੂਰ ਕੀਤੀ ਜਾਵੇ । ਪਿੰਡ ਵਾਸੀਆਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਨੇੜਲੇ ਪਿੰਡ ਔਲਖਾਂ ਤੋਂ ਕੱਸੀ ਵਿਚੋਂ ਆਉਂਦਾ ਖਾਲਾ , ਜੋ ਆਪਣੀ ਹੋਂਦ ਗੁਆਉਣ ਨੇੜੇ ਹੈ ਨੂੰ ਬਣਾਇਆ ਜਾਵੇ , ਇਹ ਖਾਲ 1975 ਤੋਂ ਬਣਿਆ ਹੈ ਪਰ ਇਸ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਤੇ ਹੁਣ ਇਸ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਇਸ ਵਿਚੋਂ ਪਾਣੀ ਨਹੀਂ ਲੰਘਦਾ । ਗੁਰਦਵਾਰਾ ਸ਼ਹੀਦਾਂ ਤੇ ਨੌਂ ਗਜੀਏ ਦੀ ਦਰਗਾਹ ਪੁਰਾਣੇ ਸਮੇਂ ਵਿੱਚ ਰੋਹੀ ਬੀਆਂ ਬਾਨ ਜੰਗਲ ਵਿੱਚ ਪਿੰਡੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਚਾਰ ਪਿੰਡਾਂ ਦੇ ਵਿਚਕਾਰ ਸ਼ਹੀਦਾਂ ਦੀ ਮੜੀ ਹੁੰਦੀ ਸੀ ਜਿਥੇ ਕੋਈ ਟਾਵਾਂ ਟਾਵਾਂ ਵਿਅਕਤੀ ਪਹੁੰਚ ਕੇ ਸੀਸ ਝੁਕਾ ਜਾਂਦਾ ਸੀ ਤੇ ਜਾਂਦਿਆਂ ਹੀ ਉਸ ਦੀ ਮੰਨਤ ਪੂਰੀ ਹੁੰਦੀ ਹੋ ਜਾਂਦੀ ਸੀ, ਤੇ ਇਨਾਂ ਜੰਗਲਾਂ ਵਿੱਚ ਹੀ ਇਸ ਸਥਾਨ ਤੋਂ ਅੱਧੀ ਕੋਹ ਤੇ ਇੱਕ 9 ਗਜ ਲੰਬਾ ਫਕੀਰ (ਵਿਅਕਤੀ) ਆਪਣੀ ਝੁੱਗੀ ਪਾ ਕੇ ਰਹਿੰਦਾ ਸੀ । ਉਹ ਇਸ ਜਗਾ ਦੇ ਆਸ ਪਾਸ ਫਿਰਦਾ ਰਹਿੰਦਾ ਤੇ ਪੰਛੀਆਂ ਨੂੰ ਪਾਣੀ ਤੇ ਚੋਗਾ ਪਾ ਛੱਡਦਾ ਤੇ ਰੱਬ ਦੀ ਭਗਤੀ ਵਿੱਚ ਲੀਨ ਰਹਿੰਦਾ ਸੀ । ਹੌਲੀ ਹੌਲੀ ਸ਼ਹੀਦਾਂ ਦੀ ਜਗਾ ਦੀ ਮਾਨਤਾ ਵੱਧਦੀ ਗਈ ਤੇ ਇਸ ਦਾ ਪ੍ਰਬੰਧ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਸੰਭਾਲ ਲਿਆ ਤੇ ਇਥੇ ਇੱਕ ਕਮਰੇ ਦੀ ਉਸਾਰੀ ਕਰ ਦਿੱਤੀ । ਆਮ ਸੰਗਤ ਦੀ ਆਸਥਾ ਹੈ ਕਿ ਇਸ ਜਗਾ ਤੇ ਸੁੱਖਾਂ ਪੂਰੀਆਂ ਹੁੰਦੀਆਂ ਹਨ । ਜਿਸ ਘਰ ਚ ਔਲਾਦ ਨਹੀਂ ਹੁੰਦੀ , ਪਸ਼ੂਆਂ ਦਾ ਵਾਧਾ ਨਹੀਂ ਹੁੰਦਾ , ਦੁੱਧ ਦੀ ਘਾਟ ਰਹਿੰਦੀ ਹੈ ਉਹ ਆਪਣੀ ਮੰਨਤ ਪੂਰੀ ਹੋਣ ਤੇ ਸ਼ਰਧਾ ਨਾਲ ਇੱਥੇ ਦੁੱਧ ਦਾ ਚੜਾਵਾ, ਦੇਗ , ਚੜਾਉਂਦੇ ਹਨ ਤੇ ਸਮਾਧ ਦੇ ਨਾਲ ਕਿਲਾ ਗੱਡ ਕੇ ਜਾਂਦੇ ਹਨ । ਉਨਾਂ ਦਾ ਮੰਨਣਾ ਹੈ ਕਿ ਇਸ ਜਗਾ ਉਪਰ ਚੜਾਉਣ ਲਈ ਲਿਆਇਆ ਜਾਣ ਵਾਲਾ ਦੁੱਧ ਕਦੀ ਖਰਾਬ ਨਹੀਂ ਹੁੰਦਾ ਭਾਵੇਂ ਕਿੰਨੀ ਗਰਮੀ ਕਿਊਂ ਨਾ ਹੋਵੇ । ਇਸ ਜਗਾ ਪ੍ਰਤੀ ਆਸ ਪਾਸ ਦੇ ਪਿੰਡਾਂ ਕੋਟਸੁਖੀਆ , ਬੱਗੇਆਣਾ , ਚੱਕ ਭੂਰੀਆਂ , ਜਿਉਣ ਵਾਲਾ ਆਦਿ ਦੀ ਸ਼ਰਧਾ ਵੀ ਵਧਣ ਲੱਗੀ ਤੇ ਲੋਕਾਂ ਦਾਨ ਦੇਣਾ ਸੁਰੂ ਕੀਤਾ । 1993 ਵਿੱਚ ਸੰਤ ਗਿਆਨੀ ਬਚਿੱਤਰ ਸਿੰਘ ਜੀ ਮੜਾਕ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਜਗਾ ਉਪਰ ਦਿਵਾਨ ਸਜਾਏ ਤੇ ਗੁਰਬਾਣੀ ਕੀਰਤਨ ਕੀਤਾ ਅਤੇ ਇਸ ਜਗਾ ਤੇ ਨਿਸ਼ਾਨ ਸਾਹਿਬ ਸੁਸ਼ੋਬਿਤ ਕਰਕੇ ਇੱਕ ਕਮਰੇ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ ਕਰਵਾ ਕੇ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਗੁਰਦਵਾਰਾ ਸਾਹਿਬ ਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਤੇ ਇਸ ਗੁਰਦਵਾਰਾ ਸਾਹਿਬ ਨੂੰ ਸ਼ਹੀਦਾਂ ਦਾ ਗੁਰਦਵਾਰਾ ਨਾਂ ਦਿੱਤਾ । ਬੱਗੇ ਆਣਾ ਤੋਂ ਇੱਕ ਕਿਲੋ ਮੀਟਰ ਦੀ ਦੂਰੀ ਤੇ ਪਿੰਡੋਂ ਬਾਹਰ ਲਿੰਕ ਰੋਡ ਤੇ ਜਾਂਦਿਆਂ ਸੱਜੇ ਹੱਥ ਇੱਕ ਉੱਚੀ ਥਾਂ ਤੇ ਸਵਾਗਤੀ ਗੇਟ ਨਜਰ ਆਉਂਦਾ ਹੈ ਜਿਸ ਦੇ ਅੰਦਰ ਵੜਦਿਆਂ ਹੀ ਦਰਬਾਰ ਸਾਹਿਬ ਦੀ ਇਮਾਰਤ ਅਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੁੰਦੇ ਹਨ । ਨਿਸ਼ਾਨ ਸਾਹਿਬ ਦੇ ਨਾਲ ਹੀ ਬਣੇ ਕਮਰੇ ਅੰਦਰ ਸ਼ਹੀਦ ਦੀ ਮਟੀ ਬਣੀ ਹੋਈ ਹੈ ਤੇ ਕਮਰੇ ਦੇ ਨਾਲ ਹੀ ਕਿੱਲੇ ਗੱਡੇ ਜਾਂਦੇ ਹਨ ਤੇ ਸੰਗਤ ਅਰਦਾਸ ਕਰਕੇ ਆਪਣੀ ਮੰਨਤ ਮੰਗਦੀ ਹੈ । ਹਰ ਸਾਲ ਸ਼ਹਿਬਜਾਦਿਆਂ ਦੀ ਸ਼ਹਾਦਤ ਵਾਲੇ ਦਿਨ ਇਸ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਤੇ ਦਿਨ ਮਨਾਇਆ ਜਾਂਦਾ ਹੈ । ਆਸ ਪਾਸ ਦੇ ਚਾਰ ਪਿੰਡਾਂ ਦੇ ਸਹਿਯੋਗ ਨਾਲ ਇਹ ਸਥਾਨ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ । ਇਸ ਸਥਾਨ ਤੋਂ ਕਰੀਬ 400 ਮੀਟਰ ਦੀ ਦੂਰੀ ਤੇ ਇੱਕ ਹੋਰ ਸਮਾਧ ਬਣੀ ਹੋਈ ਹੈ ਜਿਸ ਨੂੰ ਸੰਗਤ 9 ਗਜੀਏ ਦੀ ਦਰਗਾਹ ਮੰਨਦੀ ਹੈ । ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਥੇ ਜੋ ਫੱਕਰ ਰਹਿੰਦਾ ਸੀ ਉਸ ਦਾ ਕੱਦ 9 ਗਜ ਸੀ ਤੇ ਹੁਣ ਸਮਾਧ ਦਾ ਸਾਈਜ ਵੀ 9 ਗਜ ਦਾ ਹੈ । ਇਸ ਸਥਾਨ ਦੇ ਉਪਰ ਇੱਕ ਪੱਕੀ ਖੂਹੀ ਬਣੀ ਹੋਈ ਹੈ ਜੋ ਮੌਜੂਦਾ ਹਾਲਾਤਾਂ ਵਿੱਚ ਬੰਦ ਹੋਣ ਕਿਨਾਰੇ ਹੈ । ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਬਾਬਾ ਨੌਂ ਗਜੀਆ ਰਹਿੰਦੇ ਸਨ ਤੇ ਇਸ ਖੂਹੀ ਤੋਂ ਰਾਹਗੀਰਾਂ , ਪਸ਼ੂਆਂ ਅਤੇ ਪੰਛੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਵੀ ਕਰਦੇ ਸਨ । ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸੰਗਤ ਇਸ ਜਗਾ ਸੋਕੜੇ ਵਾਲੇ ਬੱਚਿਆਂ\ਮਰੀਜਾਂ ਨੂੰ ਲਿਆ ਕੇ ਨੁਹਾ ਲਵੇ ਤਾਂ ਉਸ ਦੀ ਸੋਕੜੇ ਦੀ ਬਿਮਾਰੀ ਠੀਕ ਹੋ ਜਾਂਦੀ ਹੈ । ਬੇਸ਼ੱਕ ਇਸ ਦਰਗਾਹ ਤੇ ਆਸ ਪਾਸ ਦੇ ਚਾਰ ਪਿੰਡਾਂ ਦੀ ਬੇ-ਅਥਾਹ ਸ਼ਰਧਾ ਹੈ ਪਰ ਇਸ ਜਗਾ ਲਈ ਕੋਈ ਵੀ ਰਾਹ ਜਾਂ ਪਹੀ ਨਹੀਂ ਲੱਗਦੀ ਇਹ ਖੇਤਾਂ ਦੇ ਬਿਲਕੁਲ ਵਿਚਾਲੇ ਹੈ ਤੇ ਖੇਤਾਂ ਦੀ ਵੱਟਾਂ ਤੋਂ ਹੀ ਇਸ ਤੱਕ ਆਉਣਾ ਪੈਂਦਾ ਹੈ । ਲੋਕ ਦੂਰ ਦੂਰ ਤੋਂ ਇਥੇ ਮੱਥਾ ਟੇਕਣ ਆਉਂਦੇ ਹਨ। ਮਰੁੱਬੇਬੰਦੀ ਦੇ ਸਮੇਂ ਇਨਾਂ ਦੋਵਾਂ ਸਥਾਨਾਂ ਨੂੰ ਚਾਰ ਪਿੰਡਾਂ ਨੇ ਇੱਕ ਏਕੜ ਜਮੀਨ ਛੱਡੀ ਸੀ। ਜੋ ਚਾਰ ਪਿੰਡਾਂ ਦੀ ਹੱਦ ਤੇ ਹੈ। ਗੁਰਦਵਾਰਾ ਸਾਹਿਬ ਬੱਗੇਆਣਾ ਪਿੰਡ ਦੇ ਲਹਿੰਦੇ ਵਾਲੇ ਪਾਸੇ ਛੱਪੜ ਦੇ ਕਿਨਾਰੇ ਧਰਮਸ਼ਾਲਾ ਦੇ ਵੱਡੇ ਬੋਹੜ ਦੇ ਨਾਲੋਂ ਗੁਰਦਵਾਰਾ ਸਾਹਿਬ ਦੀ ਡਿਉੜੀ ਵਿੱਚ ਪ੍ਰਵੇਸ਼ ਕਰਦਿਆਂ ਖੱਬੇ ਹੱਥ ਪਿੱਛੇ ਹੱਟਵੀਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੇਖਣ ਯੋਗ ਹੈ । ਜਿਥੇ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਹੁੰਦਾ ਹੈ । ਪਿੰਡ ਵਾਸੀਆਂ ਦੀ ਅਥਾਹ ਸ਼ਰਧਾ ਇਸ ਗੁਰਦਵਾਰਾ ਸਾਹਿਬ ਨਾਲ ਜੁੜੀ ਹੋਈ ਹੈ । ਡਿਊੜੀ ਅੰਦਰ ਵੜਦਿਆਂ ਹੀ ਸਾਹਮਣੇ ਪਾਰਕਿੰਗ ਲਈ ਖਾਲੀ ਜਗਾ ਤੋਂ ਪਹਿਲਾਂ ਸੱਜੇ ਹੱਥ ਇੱਕ ਸਧਾਰਨ ਕਮਰੇ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦਾ ਅਜੈਬ ਘਰ ਸੁਸ਼ੋਬਿਤ ਹੈ ਜਿਥੇ ਕਲਾਕਾਰ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਇਤਿਹਾਸਕ ਤਸਵੀਰਾਂ ਨੂੰ ਚਲਦਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਮੋਟਰਾਂ ਨਾਲ ਚਲਦੀਆਂ ਤਸਵੀਰਾਂ ਦੀ ਝਾਕੀਆਂ ਮਨ ਨੂੰ ਮੋਹ ਲੈਂਦੀਆਂ ਹਨ । ਇਹ ਸਾਰਾ ਸਿਸਟਮ ਚਲਾਉਣ ਲਈ ਬਿਜਲੀ ਨਾਲ ਚਲਣ ਵਾਲੇ ਉਪਕਰਨਾਂ ਦੀ ਵਰਤੋਂ ਕੀਤੀ ਗਈ ਹੈ । ਪਿੰਡ ਵਾਸੀਆਂ ਨੇ ਇਸ ਲਈ ਖੁਲ ਕੇ ਦਾਨ ਕੀਤਾ ਹੈ ਪਰ ਫਿਰ ਵੀ ਇਹ ਅਜੈਬ ਘਰ ਆਪਣੀ ਦਿੱਖ ਨੂੰ ਹੋਰ ਵਧੀਆ ਬਣਾਉਣ ਲਈ ਸਹਿਯੋਗ ਦੀ ਮੰਗ ਕਰਦਾ ਹੈ ।